Punjab News: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦਾ ਵੱਡਾ ਐਲਾਨ, ਮਜ਼ਦੂਰ ਦਿਵਸ ‘ਤੇ AAP ਪੰਜਾਬ ਦੇ ਜ਼ਿਲ੍ਹਾ ਦਫਤਰਾਂ ਅੱਗੇ ਦਿੱਤੇ ਜਾਣਗੇ ਧਰਨੇ
ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਵਿਭਾਗਾਂ ਦੇ ਸਮੂਹ ਐਨ.ਪੀ.ਐਸ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਾ ਹਿੱਸਾ ਬਣਨ ਦੀ ਅਪੀਲ
ਸੂਬਾ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਐਨ.ਪੀ.ਐਸ ਮੁਲਾਜ਼ਿਮਾਂ ਲਈ 1972 ਅਧਾਰਿਤ ਪੁਰਾਣੀ ਪੈਨਸ਼ਨ ਸਕੀਮ ਕਰੇ ਲਾਗੂ: ਪੀ.ਪੀ.ਪੀ.ਫ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਿਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ਸ਼ੀਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ, ਭੰਡਾਰੀ ਪੁੱਲ ਅੰਮ੍ਰਿਤਸਰ ਵਿਖੇ ਉਲੀਕੇ ਜ਼ਿਲ੍ਹਾ ਪੱਧਰੀ ਧਰਨੇ ਦੀ ਤਿਆਰੀ ਲਈ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਤੋਂ ਇਨਕਾਰੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਖਿਲਾਫ 1 ਮਈ ਦੇ ਰੋਸ ਪ੍ਰਦਰਸ਼ਨਾਂ ਦਾ ਸੁਨੇਹਾ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਿਮਾਂ ਤੱਕ ਪਹੁੰਚਾਉਣ ਲਈ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਉਚੇਚੇ ਤੌਰ ਤੇ ਸ਼ਾਮਿਲ ਹੋਏ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਘੱਗਾ ਅਤੇ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਨੇ ਆਖਿਆ ਕਿ 1 ਮਈ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਿਹਨਤਕਸ਼ ਜਮਾਤ ਦੇ ਹਿੱਤਾਂ ਦੀ ਰਾਖੀ ਦਾ ਅਤੇ ਲੁਟੇਰੇ ਪੂੰਜੀਵਾਦੀ ਪ੍ਰਬੰਧ ਖਿਲਾਫ ਸੰਘਰਸ਼ਾਂ ਦਾ ਪ੍ਰਤੀਕ ਹੈ। ਅਜੋਕੇ ਸੰਸਾਰ ਵਿੱਚ ਸਾਮਰਾਜੀ ਵਿਵਸਥਾ ਵਿੱਚ ਜਿੱਥੇ ਸਾਮਰਾਜੀ ਦੇਸ਼ ਵਿਕਾਸਸ਼ੀਲ ਮੁਲਕਾਂ ਦੀ ਬਾਂਹ ਮਰੋੜ ਕੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਥੋਪ ਰਹੇ ਹਨ, ਉੱਥੇ ਭਾਰਤ ਵਰਗੇ ਦੇਸ਼ਾਂ ਦੇ ਹਾਕਮ ਇਹਨਾਂ ਸਾਮਰਾਜੀ ਨੀਤੀਆਂ ਅੱਗੇ ਅੜਨ ਦੀ ਬਜਾਏ ਦੇਸ਼ ਦੇ ਮਨੁੱਖੀ ਅਤੇ ਕੁਦਰਤੀ ਸੰਸਾਧਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰ ਰਹੇ ਹਨ।
ਮੌਜੂਦਾ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਪਾਰਟੀ ਸਰਕਾਰ ਦੀ ਕਾਰਜਪ੍ਰਣਾਲੀ ਅਤੇ ਦਿਸ਼ਾ ਸਾਮਰਾਜੀ ਨੀਤੀਆਂ ਨੂੰ ਹੀ ਅੱਗੇ ਵਧਾਉਣ ਵਾਲੀ ਸਾਬਿਤ ਹੋਈ। ਕੇਂਦਰ ਸਰਕਾਰ ਵੱਲੋਂ ਮੁਲਾਜ਼ਿਮਾਂ ਦੇ ਵੱਡੇ ਵਿਰੋਧ ਨੂੰ ਦਰਕਿਨਾਰ ਕਰਕੇ ਲਿਆਂਦੀ ਭੁਲੇਖਾ ਪਾਊ ਯੂ.ਪੀ.ਐੱਸ ਸਕੀਮ ਅਤੇ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਜਾਰੀ ਕੀਤੇ ਪੁਰਾਣੀ ਪੈਨਸ਼ਨ ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਪਾਸੇ ਕਰਕੇ ਯੂ.ਪੀ.ਐੱਸ ਸਕੀਮ ਨੂੰ ਲਾਗੂ ਕਰਨ ਵੱਲ ਅੱਗੇ ਵੱਧਣਾ ਕਾਰਪੋਰੇਟ ਮੁਨਾਫੇ ਦੀ ਕੀਤੀ ਜਾ ਰਹੀ ਸੇਵਾ ਦਾ ਹੀ ਪ੍ਰਗਟਾਵਾ ਹੈ।
ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਟਕ ਰਿਹਾ ਹੈ, ਇੱਕ ਵੀ ਐੱਨ.ਪੀ.ਐੱਸ ਮੁਲਾਜ਼ਿਮ ਦਾ ਜੀ.ਪੀ.ਐੱਫ ਖਾਤਾ ਨਹੀਂ ਖੋਲਿਆ ਗਿਆ, ਪਰ ਸੂਬੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਝੂਠੀ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਚੌਥੇ ਬਜਟ ਵਿੱਚ ਵੀ ਪੁਰਾਣੀ ਪੈਨਸ਼ਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਜੋ ਮੁਲਾਜ਼ਿਮਾਂ ਨਾਲ਼ ਵੱਡਾ ਧੋਖਾ ਹੈ।
ਪੀ.ਪੀ.ਪੀ ਫਰੰਟ ਦੇ ਮੁੱਖ ਸਲਾਹਕਾਰ ਤੇ ਸੰਘਰਸ਼ੀ ਸਾਥੀ ਅਸ਼ਵਨੀ ਅਵਸਥੀ, ਡੀ.ਐਮ.ਐਫ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ ਜੱਬੋਵਾਲ, ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਮਨਪ੍ਰੀਤ ਸਿੰਘ ਰਈਆ, ਗੁਰਪ੍ਰੀਤ ਸਿੰਘ ਨਾਭਾ, ਕੰਵਲਜੀਤ ਕੌਰ, ਕੰਵਲਜੀਤ ਸਿੰਘ, ਰਾਕੇਸ਼ ਮੰਨਣ, ਚਰਨਜੀਤ ਕੌਰ ਬੁਟਾਰੀ, ਮਨਜੀਤ ਕੌਰ ਉਮਰਾਨੰਗਲ, ਨਰੇਸ਼ ਕੁਮਾਰ, ਬਿਕਰਮਜੀਤ ਸਿੰਘ ਭੀਲੋਵਾਲ, ਜੁਝਾਰ ਸਿੰਘ ਟਪਿਆਲਾ, ਮਨੀਸ਼ ਪੀਟਰ, ਵਿਸ਼ਾਲ ਕਪੂਰ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਅੰਨੇ ਤਸ਼ੱਦਦ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਪੁਲਿਸ ਜਬਰ ਨਾਲ਼ ਦਬਾ ਕੇ ਜਮਹੂਰੀ ਸੰਘਰਸ਼ਾਂ ਨੂੰ ਦਬਾਉਣ ਦੀ ਦਮਨਕਾਰੀ ਨੀਤੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਨਾਂ ਤੇ ਇਤਿਹਾਸ ਵਿੱਚ ਪੰਜਾਬੀਆਂ ਨੇ ਬਰਦਾਸ਼ਤ ਕੀਤਾ ਨਾਂ ਹੀ ਭਵਿੱਖ ਵਿੱਚ ਕਰਨਗੇ।
ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਆਪ ਪਾਰਟੀ ਵਾਲੀ ਸੂਬਾ ਸਰਕਾਰ ਦੀ ਵਾਅਦਾਖਿਲਾਫੀ ਦੇ ਰੋਸ ਵਿੱਚ ਮਜ਼ਦੂਰ ਦਿਵਸ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਜ਼ਿਲ੍ਹਾ ਪੱਧਰੀ ਧਰਨਿਆਂ ਵਿੱਚ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਅਮਲ ਵਿੱਚ ਲਿਆਉਣ ਲਈ ਅਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਮੌਕੇ ਹਰਜਾਪ ਸਿੰਘ ਬੱਲ, ਸ਼ਮਸ਼ੇਰ ਸਿੰਘ , ਮਨਪ੍ਰੀਤ ਸਿੰਘ ਅਦਲੀਵਾਲ, ਬਲਦੇਵ ਮੰਨਣ, ਪਰਮਿੰਦਰ ਸਿੰਘ ਰਾਜਾਸਾਂਸੀ, ਰਜੇਸ਼ ਕੁੰਦਰਾ, ਕੁਲਦੀਪ ਵਰਨਾਲੀ, ਵਿਕਾਸ ਚੋਹਾਨ, ਵਿਸ਼ਾਲ ਚੋਹਾਨ, ਦੀਪਕ ਕੁਮਾਰ ਨਵਾਂ ਕੋਟ, ਮਨਿੰਦਰ ਸਿੰਘ ਬੋਹੜੂ ,ਹੀਰਾ ਲਾਲ, ਹੈਡ ਮਾਸਟਰ ਹਰਦੀਪ ਸਿੰਘ, ਜਤਿੰਦਰ ਪਾਲ ਸਿੰਘ ਗਹਿਰੀ, ਮਹਿਲ ਸਿੰਘ ਜੱਬੋਵਾਲ, ਰਜਿੰਦਰ ਕੁਮਾਰ ਫਾਜ਼ਿਲਕਾ, ਅਮਰਿੰਦਰ ਸਿੰਘ ਰਈਆ, ਮਨਿੰਦਰ ਸਿੰਘ ਰਈਆ, ਸਰਬਜੀਤ ਸਿੰਘ ਰਤਨਗੜ, ਜਸਪਾਲ ਸਿੰਘ ਥੋਥੀਆਂ, ਗੋਬਿੰਦ ਸਿੰਘ, ਲਖਵਿੰਦਰ ਕੌਰ ਜੰਡਿਆਲਾ ਗੁਰੂ, ਰਸ਼ਪਾਲ ਕੌਰ ਭੈਣੀ, ਹਰਪ੍ਰੀਤ ਕੌਰ ਜੰਡਿਆਲਾ ਗੁਰੂ, ਸੰਦੀਪ ਕੌਰ ਜੱਬੋਵਾਲ, ਮਨਦੀਪ ਕੌਰ ਭੋਰਸ਼ੀ ਆਦਿ ਆਗੂ ਹਾਜ਼ਰ ਰਹੇ।