ਅੰਤਰਰਾਸ਼ਟਰੀ ਅਤੇ ਘਰੇਲੂ ਮਸਲਿਆਂ ਨੂੰ ਰਾਜਨੀਤਿਕ ਸਮਝ,ਸੰਵਾਦ ਤੇ ਸਾਂਤੀ ਨਾਲ ਹੱਲ ਕਰਨਾ ਹੀ ਹਿੰਦ-ਪਾਕਿ ਦੇ ਹਿੱਤ ਵਿੱਚ ਰਹੇਗਾ- ਪੰਜਾਬ ਕਿਸਾਨ ਯੂਨੀਅਨ
ਜਸਵੀਰ ਸੋਨੀ ਮਾਨਸਾ
ਹਿੰਦ-ਪਾਕਿ ਸਰਹੱਦ ਉੱਤੇ ਬਣੇ ਜੰਗੀ ਤਣਾਓ ਦੇ ਚੱਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਕੌਮੀਂ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੂਬਾ ਆਗੂ ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ ਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਦੋਹਾਂ ਦੇਸਾਂ ਅੰਦਰਲੇ ਜੰਗੀ ਮਾਹੌਲ ਨੇ ਆਮ ਮਿਹਨਤਕਸ਼ ਲੋਕਾਂ ਦੇ ਸਾਹ ਸੂਤ ਰੱਖੇ ਹਨ।
ਉਨਾਂ ਕਿਹਾ ਕਿ ਭਾਰਤੀ ਹੁਕਮਾਂ ਅਨੁਸਾਰ ਹੋਈ ਮੌਕ ਡਰਿੱਲ ਨੇ ਜਿੱਥੇ ਸੁਰੱਖਿਆ ਕਵੱਚ ਬਣਨਾ ਸੀ ਓਥੇ ਨਾਲ ਹੀ ਦਹਿਸ਼ਤ ਦਾ ਸਾਇਆ ਵੀ ਬਣੀ। ਮੀਡੀਆ ਚੈਨਲ ਇੱਕ ਤੋਂ ਇੱਕ ਵਧਕੇ ਸਰਹੱਦੀ ਹਾਲਤਾਂ ਨੂੰ ਡਰਾਵਣੇ ਤਰੀਕਿਆਂ ਨਾਲ ਪ੍ਰਚਾਰ ਰਹੇ ਹਨ,ਸਕੂਲਾਂ ਕਾਲਜਾਂ ਦੇ ਬੰਦ ਹੋਣ ਦੇ ਫੇਕ ਮੈਸਜ ਪਿਛਲੇ ਲੰਬੇ ਸਮੇਂ ਤੋਂ ਸੋਸਲ ਮੀਡੀਆ ਰਾਹੀਂ ਪ੍ਚਾਰੇ ਜਾ ਰਹੇ ਸਨ, ਜਦ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੁਝ ਦਿਨਾਂ ਵਾਸਤੇ ਸਕੂਲਾਂ,ਕਾਲਜਾਂ,ਯੂਨੀਵਰਸਿਟੀਜ਼ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੇਲਗਾਮ ਝੂਠਾ ਪ੍ਰਚਾਰ ਕਿਸੇ ਵੀ ਦੇਸ ਦੇ ਵਸਨੀਕਾਂ ਲਈ ਘਾਤਕ ਸਿੱਧ ਹੁੰਦਾ ਹੈ।
ਉਨਾਂ ਕਿਹਾ ਕਿ 47 ਦੀ ਵੰਡ ਦਾ ਸੰਤਾਪ,65 ਅਤੇ 71 ਦੀਆਂ ਜੰਗਾਂ ਦਾ ਅਸਰ ਅਜੇ ਲੋਕਾਂ ਦੇ ਜਹਿਨ ਅੰਦਰ ਹੈ ਤੇ ਇਹ ਜੰਗਾਂ ਨੇ ਘੋਰ ਤਬਾਹੀ ਬਿਨਾਂ ਕੁਛ ਨਹੀਂ ਦਿੱਤਾ। ਉਨਾਂ ਕਿਹਾ ਕਿ ਬਾਰਡਰਾਂ ‘ਤੇ ਮੌਤ ਦੇ ਮੂੰਹ ਚੋਂ ਰੋਟੀ ਕਮਾਉਣ ਗਏ ਜਵਾਨ ਪੁੱਤਾਂ ਦੀਆਂ ਲਾਸਾਂ ਬੁੱਢੇ ਮਾਪਿਆਂ ਨੇ ਮੋਢਿਆਂ ਤੇ ਢੋਈਆਂ ਹਨ। ਇਸ ਸਭ ਕਾਸੇ ਚੋਂ ਹਥਿਆਰ ਨਿਰਮਾਤਾ ਦੇਸਾਂ ਅਤੇ ਇੰਡਸਟਰੀਆਂ ਜਿਹਨਾਂ ਨੇ ਹਥਿਆਰ ਵੇਚਣੇ ਹਨ ਉਨਾਂ ਨੂੰ ਮੁਨਾਫ਼ੇ ਹੁੰਦੇ ਹਨ।
ਮਲਟੀ ਨੈਸ਼ਨਲ ਕਾਰਪੋਰੇਸ਼ਨਜ,ਕਾਰਪੋਰੇਟ ਜਗਤ ਜਿੰਨਾਂ ਨੇ ਦੁਬਾਰਾ ਉਸਾਰੀ ਕਰਨੀ,ਕੁਦਰਤੀ ਸਾਧਨਾਂ ਉਤੇ ਕਬਜ਼ੇ ਲੈਣੇ ਹਨ,ਜੰਗਾਂ ਉਨਾਂ ਦੇ ਹਿੱਤ ਵਿੱਚ ਜਾਂਦੀਆਂ ਹਨ। ਕਿਸਾਨ ਆਗੂ ਰਾਮਫਲ ਚੱਕ ਅਲੀਸ਼ੇਰ,ਪੰਜਾਬ ਸਿੰਘ ਅਕਲੀਆ ਨੇ ਕਿਹਾ ਕਿ ਕੁਛ ਕੁ ਮੀਡੀਆ,ਵਿਕਾਊ ਨਿਊਜ ਚੈਨਲ ਜੋ ਤਣਾਅ ਭਰੀਆਂ ਖਬਰਾਂ ਨਾਲ ਆਪਣੇ ਟੀ.ਵੀ ਰੇਟਿੰਗ ਵਧਾਉਣ ਵਿੱਚ ਮਸਰੂਫ ਰਹਿੰਦੇ ਹੈ, ਉਨਾਂ ਨੂੰ ਭੜਕਾਊ ਪਰਚਾਰ ਦੇ ਫਾਇਦੇ ਹੁੰਦੇ ਨੇ।
ਉਨਾਂ ਕਿਹਾ ਕਿ ਉਹ ਲੋਕ ਜੋ ਨਾਂ ਜੰਗ ਚਾਹੁੰਦੇ ਹਨ ਨਾਂ ਰੁਚੀ ਰੱਖਦੇ ਹਨ,ਓਨਾਂ ਦਾ ਹੀ ਸਮਾਜਿਕ,ਆਰਥਿਕ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ ਜੰਗਾਂ ਕੋਈ ਪਰਦੇ ਉਤੇ ਆਰਜੀ ਤੌਰ ਤੇ ਫਿਲਮਾਈ ਗਈ ਫਿਲਮ ਨਹੀਂ ਹੁੰਦੀਆਂ। ਜੰਗਾਂ ਸਰਹੱਦੀ ਇਲਾਕਿਆਂ ਨੂੰ ਟੱਪਰੀਵਾਸ ਬਣਾਉਂਦੀਆਂ ਅਨੇਕਾਂ ਸੁਹਾਗ ਉਜੜ ਦੇ ਹਨ,ਪਿੱਛੇ ਬਚਿਆਂ ਲਈ ਬੇਰੁਜ਼ਗਾਰੀ, ਭੁੱਖਮਰੀ ਪੈਦਾ ਕਰਦੀਆਂ ਹਨ, ਜਿਸਦਾ ਖਮਿਆਜ਼ਾ ਆਉਣ ਵਾਲੀਆਂ ਪੀੜੀਆਂ ਵੀ ਭੁਗਤਦੀਆਂ ਹਨ ਅਤੇ ਦੇਸ ਦੇ ਅਰਥਚਾਰੇ ਨੂੰ ਲੀਹੋ ਲਾਹੁਣ ਵਿੱਚ ਅਜਿਹੇ ਮਾਹੌਲ ਕਾਰਗਰ ਸਿੱਧ ਹੁੰਦੇ ਹਨ।
ਉਨਾਂ ਸਾਂਝੀ ਮੰਗ ਕੀਤੀ ਕਿ ਭਾਰਤੀ ਸਰਕਾਰ ਮਾਹੌਲ ਨੂੰ ਸੁਖਾਵਾਂ ਕਰਦਿਆਂ ਹੋਇਆਂ ਅੰਤਰਰਾਸ਼ਟਰੀ ਤੇ ਘਰੇਲੂ ਮਸਲਿਆਂ ਨੂੰ ਆਪਸੀ ਗੱਲਬਾਤ ਅਤੇ ਸਾਂਤੀ ਨਾਲ ਨਜਿੱਠਣ ਦੀ ਪਹਿਲਕਦਮੀ ਲਵੇ। ਉਨਾਂ ਦੇਸ ਭਰ ਦੇ ਇਨਸਾਫ਼ ਪਸੰਦ ਸਮਾਜਿਕ ਕਾਰਕੁੰਨਾਂ ਨੂੰ ਜੰਗੀ ਮਾਹੌਲ ਵਿਰੁੱਧ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ।