ਭਗਵੰਤ ਮਾਨ ਸਰਕਾਰ ਦੇ ਪੀਪੇ ‘ਖ਼ਜਾਨੇ’ ਦਾ ਢੋਲ ਵੱਜਿਆ! ਤਨਖਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ਦਾ ‘ਰੱਖੜੀ ਦਾ ਤਿਉਹਾਰ’ ਫਿੱਕਾ
Punjab News –
ਅੱਜ ਜਦੋਂ ਪੂਰੇ ਦੇਸ਼ ਵਿੱਚ ਰੱਖੜੀ ਦਾ ਤਿਉਹਾਰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਤਨਖਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਹੈ।
ਬਾਕੀ ਮੁਲਾਜਮਾਂ ਨੂੰ ਤਨਖਾਹ ਮਹਿਨੇ ਦੇ ਸ਼ੁਰੂਆਤ ਵਿੱਚ ਪ੍ਰਾਪਤ ਹੋ ਚੁੱਕੀ ਹੈ ਪ੍ਰੰਤੂ ਮੁੱਖ ਦਫਤਰ, ਵਿੱਤ ਵਿਭਾਗ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਕੰਪਿਊਟਰ ਅਧਿਆਪਕਾਂ ਦੀ ਤਨਖਾਹ ਇੱਕ ਹਫਤੇ ਤੋੰ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਪ੍ਰਾਪਤ ਨਹੀਂ ਹੋਈ। ਜਿਸਦਾ ਮੁੱਖ ਕਾਰਨ ਤਨਖਾਹ ਦਾ ਪੇਚੀਦਾ ਪ੍ਰਬੰਧ ਹੈ ਜੋ ਮੁੱਖ ਦਫ਼ਤਰ ਵੱਲੋਂ ਅਪਣਾਇਆ ਜਾ ਰਿਹਾ ਹੈ ਅਤੇ ਇਸਦੇ ਚੱਲਦੇ ਹਰ ਵਾਰ ਤਨਖਾਹ ਮਿਲਣ ਵਿੱਚ ਦੇਰੀ ਹੁੰਦੀ ਹੈ।
ਜਥੇਬੰਦੀ ਵੱਲੋਂ ਤਨਖਾਹ ਜ਼ਾਰੀ ਕਰਨ ਦੇ ਪ੍ਰਬੰਧ ਨੂੰ ਸਰਲ਼ ਬਣਾਉਂਦੇ ਹੋਏ ਸਕੂਲ ਪੱਧਰ ਤੇ ਕਰਨ ਸਬੰਧੀ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਮੁੱਖ ਦਫਤਰ ਦਾ ਸਬੰਧਤ ਸਟਾਫ ਜਾਣ-ਬੁੱਝ ਕੇ ਬੇਲੋੜੇ ਅੜਿਕੇ ਪੈਦਾ ਕਰ ਰਿਹਾ ਹੈ ਜਿਸਦਾ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ਼ ਹੈ।
ਜਥੇਬੰਦੀ ਦੇ ਸੂਬਾਈ ਆਗੂ ਜੋਨੀ ਸਿੰਗਲਾ, ਰਣਜੀਤ ਸਿੰਘ, ਨਰਦੀਪ ਸ਼ਰਮਾ, ਸੁਨੀਤ ਸਰੀਨ, ਪਰਮਵੀਰ ਸਿੰਘ, ਬਲਜੀਤ ਸਿੰਘ, ਸੀਮਾ ਰਾਣੀ, ਬਬਲੀਨ ਕੌਰ, ਸੁਮਨ ਸ਼ਰਮਾ, ਗਗਨਦੀਪ ਸਿੰਘ, ਰਘੁਵੀਰ ਸਿੰਘ, ਹਰਜਿੰਦਰ ਕੌਰ ਆਦਿ ਨੇ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਤਨਖਾਹ ਹਰ ਮੁਲਾਜਮ ਦਾ ਮੁੱਢਲਾ ਹੱਕ ਹੈ ਅਤੇ ਹਰ ਮੁਲਾਜਮ ਦੀਆਂ ਮੁੱਢਲੀਆਂ ਘਰੇਲੂ ਲੋੜਾਂ ਤਨਖਾਹ ਉੱਤੇ ਨਿਰਭਰ ਹੁੰਦੀਆਂ ਹਨ। ਇਸ ਲਈ ਤਨਖਾਹ ਵਿੱਚ ਦੇਰੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਹਨਾਂ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਤਨਖਾਹ ਵਿੱਚ ਦੇਰੀ ਲਈ ਜੁੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਰੈਗੂਲਰ ਕੰਪਿਊਟਰ ਅਧਿਆਪਕਾਂ ਦੀ ਤਨਖਾਹ ਸਮੇਂ ਸਿਰ ਮਿਲਣਾ ਯਕੀਨੀ ਬਣਾਉਣ ਲਈ ਤਨਖਾਹ ਜ਼ਾਰੀ ਕਰਨ ਦਾ ਪ੍ਰਬੰਧ ਬਾਕੀ ਸਟਾਫ ਦੀ ਤਰਜ਼ ਉੱਤੇ ਸਕੂਲ ਪੱਧਰ ਉੱਤੇ ਜ਼ਲਦ ਲਾਗੂ ਕੀਤਾ ਜਾਵੇ। ਜੇਕਰ ਮੁੱਖ ਦਫਤਰ ਵੱਲੋਂ ਉਕਤ ਮੰਗ ਤੁਰੰਤ ਹੱਲ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਦਫਤਰ ਦਾ ਘਿਰਾਓ ਕੀਤਾ ਜਾਵੇਗਾ।

