ਵੱਡੀ ਖ਼ਬਰ: ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ, ਕਈ ਪਿੰਡਾਂ ‘ਚ ਵੜਿਆ ਪਾਣੀ!?
Punjab News: ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਸਿਖ਼ਰ ਤੇ ਪਹੁੰਚ ਚੁੱਕਿਆ ਹੈ। ਕਿਉਂਕਿ ਚੜ੍ਹਦੇ ਪੰਜਾਬ ਦੇ ਪ੍ਰਮੁੱਖ ਦਰਿਆ ਸਤਲੁਜ ਅਤੇ ਬਿਆਸ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਚੁੱਕਿਆ ਹੈ। ਜਾਣਕਾਰੀ ਅਨੁਸਾਰ, ਬਿਆਸ ਦੇ ਵਿੱਚ ਪਾਣੀ ਦਾ ਪੱਧਰ ਕਾਫ਼ੀ ਹੈ।
ਜਿਸ ਕਾਰਨ ਮੰਡ ਖੇਤਰ ਦੇ ਕਈ ਇਲਾਕੇ ਇਸ ਵੇਲੇ ਖਤਰੇ ਵਿੱਚ ਹਨ। ਉਧਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜਿਲਕਾ ਦੇ ਇਲਾਕਿਆਂ ਵਿੱਚ ਪ੍ਰਸਾਸ਼ਨ ਦੇ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸਾਸ਼ਨ ਨੇ ਲੋਕਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਹੈ।
ਫਾਜਿਲਕਾ ਅਤੇ ਫਿਰੋਜ਼ਪੁਰ ਦੇ ਕਈ ਸਰਹੱਦੀ ਪਿੰਡ ਇਸ ਵੇਲੇ ਪਾਣੀ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ 2023 ਦਰਮਿਆਨ ਹੜ੍ਹ ਆਏ ਸਨ, ਜਿਸ ਕਾਰਨ ਲੋਕਾਈ ਦਾ ਭਾਰੀ ਨੁਕਸਾਨ ਹੋਇਆ ਸੀ।
ਦੂਜੇ ਪਾਸੇ, ਹਰੀਕੇ ਤੋਂ ਮਿਲੀ ਜਾਣਕਾਰੀ ਅਨੁਸਾਰ- ਹਰੀਕੇ ਵਿੱਚੋਂ ਛੱਡੇ ਗਏ ਪਾਣੀ ਤੋਂ ਬਾਅਦ ਦਰਿਆ ਨਜ਼ਦੀਕ ਵਸੇ ਪਿੰਡ ਗੱਟੀ ਬਾਦਸ਼ਾਹ, ਗੱਟੀ ਹਰੀ ਕੇ, ਫੁੱਲਾਂ ਵਾਲੀ ਬਸਤੀ ਅਤੇ ਹੋਰ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਇਹਨਾਂ ਪਿੰਡਾਂ ਦੇ ਲੋਕ ਰੋਜ਼ ਮਰਾ ਦੀ ਜ਼ਿੰਦਗੀ ਦੇ ਤਹਿਤ ਅੱਜ ਵੀ ਸਵੇਰ ਵੇਲੇ ਦੁੱਧ ਲੈ ਕੇ ਦਰਿਆ ਦੇ ਪਾਣੀ ਦੇ ਵਿੱਚੋਂ ਦੀ ਹੁੰਦੇ ਹੋਏ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਆ ਰਹੇ ਹਨ। ਜਿਸ ਕਰਕੇ ਇਹ ਲੋਕ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਪਾਣੀ ਆਉਣ ਕਾਰਨ ਉਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਪਹਿਲਾਂ ਤਾਂ ਉਹਨਾਂ ਨੂੰ ਇਸ ਪਾਣੀ ਵਿੱਚੋਂ ਬਾਹਰ ਨਿਕਲਣ ਲਈ ਬੇੜੀਆਂ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਦੂਜਾ ਇਹਨਾਂ ਪਿੰਡਾਂ ਵਿੱਚ ਬਿਜਲੀ ਵੀ ਕੱਟ ਦਿੱਤੀ ਗਈ ਹੈ ਜਿਸ ਕਰਕੇ ਉਨਾਂ ਦੇ ਦਧਾਰੂ ਪਸ਼ੂ ਸ਼ੁੱਧ ਪਾਣੀ ਖੁਣੋ ਤਿਹਾਏ ਬੈਠੇ ਹੋਏ ਹਨ ਅਤੇ ਰਾਤ ਨੂੰ ਵੀ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦਈਏ ਪਹਾੜ੍ਹੀ ਰਾਜਾਂ ਵਿੱਚ ਪੈ ਰਹੀ ਭਾਰੀ ਬਰਸਾਤ ਦਾ ਖ਼ਮਿਆਜ਼ਾ ਮੈਦਾਨੀ ਇਲਾਕਿਆਂ ਨੂੰ ਭੁਗਤਣਾ ਪੈ ਰਿਹਾ ਹੈ। ਪਹਾੜ੍ਹਾਂ ਦਾ ਜੀਵਨ ਵੀ ਇਸ ਵੇਲੇ ਖਤਰੇ ਵਿੱਚ ਹੈ, ਕਿਉਂਕਿ ਲੈਂਡਸਲਾਈਡ ਦੇ ਕਾਰਨ ਪਹਾੜ੍ਹਾਂ ਤੋਂ ਵੱਡੇ ਵੱਡੇ ਪੱਥਰ ਡਿੱਗ ਰਹੇ ਹਨ, ਜਿਸ ਕਾਰਨ ਰਸਤੇ ਤਾਂ ਬਲੌਕ ਹੋ ਹੀ ਰਹੇ ਹਨ, ਸਗੋਂ ਇਸ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ।

