ਲਾਇਬਰੇਰੀਅਨ ਦਿਵਸ ‘ਤੇ ਪੜ੍ਹੋ ਲਾਇਬਰੇਰੀਅਨ ਰਾਜ ਸਿੰਘ ਅਤੇ ਅਮਨਪ੍ਰੀਤ ਕੌਰ ਦਾ ਵਿਸ਼ੇਸ਼ ਲੇਖ
ਲਾਇਬਰੇਰੀਅਨ ਦਿਵਸ ‘ਤੇ ਪੜ੍ਹੋ ਲਾਇਬਰੇਰੀਅਨ ਰਾਜ ਸਿੰਘ ਅਤੇ ਅਮਨਪ੍ਰੀਤ ਕੌਰ ਦਾ ਵਿਸ਼ੇਸ਼ ਲੇਖ
ਵਿਸ਼ਵ ਭਰ ਵਿੱਚ ਲਾਇਬਰੇਰੀਅਨ ਦਿਵਸ 1984 ਤੋਂ ਮਨਾਇਆ ਜਾ ਰਿਹਾ ਹੈ ਇਸ ਦਿਨ ਲਾਇਬਰੇਰੀ ਸਾਇੰਸ ਦੇ ਪਿਤਾਮਾ ਡਾ. ਐਸ. ਆਰ ਰੰਗਾਨਾਥਨ ਜੀ ਦਾ ਜਨਮ 12 ਅਗਸਤ 1892 ਚੋਂ ਪਿੰਡ ਸਿਆਲੀ ਜ਼ਿਲਾ ਤੰਜਾਵਰ (ਮਦਰਾਸ )ਵਿੱਚ ਹੋਇਆ ਲਾਇਬਰੇਰੀ ਸਾਇੰਸ ਦੀ ਦੁਨੀਆ ਵਿੱਚ ਅੱਜ ਉਹਨਾਂ ਦੀ ਵਿਲੱਖਣ ਥਾਂ ਹੈ ਇਹ ਕਹਿਣ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਕਿ ਡਾ.ਐਸ .ਆਰ .ਰੰਗਾਨਾਥਨ ਜੀ ਭਾਰਤ ਵਿੱਚ ਲਾਇਬਰੇਰੀ ਸਾਇੰਸ ਦੇ ਜਨਮ ਦਾਤਾ ਹਨ ਉਹਨਾਂ ਆਪਣੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਮੈਟ੍ਰਿਕ ਦੀ ਪ੍ਰੀਖਿਆ 1908 ਵਿੱਚ ਪਾਸ ਕੀਤੀ ਤੇ 1909 ਵਿੱਚ ਉਹ ਮਦਰਾਸ ਕ੍ਰਿਸ਼ਚਨ ਕਾਲਜ ਵਿਖੇ ਦਾਖਲ ਹੋਏ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਅਵੱਲ ਦਰਜੇ ਵਿੱਚ ਪਾਸ ਕਰਕੇ 1913 ਵਿੱਚ ਗਣਿਤ ਦੀ ਐਮ .ਏ. ਕਰਨ ਲਈ ਆਪਣੀ ਪੜ੍ਹਾਈ ਸ਼ੁਰੂ ਕੀਤੀ। ਐਮ.ਏ. ਕਰਨ ਉਪਰੰਤ ਉਹ ਗਵਰਨਮੈਂਟ ਕਾਲਜ ਮਦਰਾਸ ਵਿੱਚ ਇਸ ਹਿਸਾਬ ਪੜਾਉਣ ਲੱਗ ਪਏ 1924 ਵਿੱਚ ਮਦਰਾਸ ਯੂਨੀਵਰਸਿਟੀ ਦੇ ਪਹਿਲੇ ਲਾਇਬਰੇਰੀਅਨ ਨਿਯੁਕਤ ਹੋਏ ਡਾ. ਐਸ. ਆਰ .ਰੰਗਾਨਾਥਨ ਜੀ ਛੇਤੀ ਹੀ ਇੰਗਲੈਂਡ ਵਿਖੇ ਬ੍ਰਿਟਿਸ਼ ਮਿਯਜਿਮ ਦੀ ਲਾਇਬਰੇਰੀ ਵਿੱਚ ਲਾਇਬਰੇਰੀ ਸਾਇੰਸ ਦੇ ਤਰੀਕਿਆਂ ਸਬੰਧੀ ਅਧਿਐਨ ਕਰਨ ਲਈ ਇੰਗਲੈਂਡ ਚਲੇ ਗਏ। ਜਿੱਥੇ ਉਹਨਾਂ ਵੱਖ ਵੱਖ ਲਾਇਬਰੇਰੀਆਂ ਦਾ ਅਧਿਐਨ ਕਰਨ ਤੋਂ ਬਾਅਦ ਉਹਨਾਂ ਪ੍ਰੈਕਟੀਕਲ ਕੰਮ ਨੂੰ ਜਾਣਿਆ ਇੰਗਲੈਂਡ ਵਿੱਚ ਰਹਿੰਦੇ ਹੋਏ ਉਹਨਾਂ ਵਰਗੀਕਰਨ ਸਬੰਧੀ ਨਿੱਜੀ ਵਿਚਾਰ ਤਿਆਰ ਕੀਤਾ ਅਤੇ ਕਲਾਸੀਕਲ ਵਰਗੀਕਰਨ ਪ੍ਰਣਾਲੀਆਂ ਜਿਵੇਂ ਐਸ.ਸੀ ,ਐਲ.ਸੀ ,ਡੀ.ਡੀ.ਸੀ ਅਤੇ ਯੂ.ਡੀ.ਸੀ ਦਾ ਵਿਸਥਾਰ ਅਧਿਐਨ ਕੀਤਾ ਪਰ ਉਹ ਹੋਰ ਸਰਲ ਵਿਧੀ ਦੀ ਖੋਜ ਕਰਨਾ ਚਾਹੁੰਦੇ ਸੀ। ਉਹਨਾਂ ਵੱਲੋਂ ਸੰਨ 1931 ਵਿੱਚ ਲਾਇਬਰੇਰੀ ਵਿਗਿਆਨ ਦੇ ਪੰਜ ਮੂਲ ਨਿਯਮਾਂ ਦੀ ਰਚਨਾ ਕੀਤੀ ਜੋ ਲਾਇਬਰੇਰੀ ਲਈ ਵਰਦਾਨ ਸਿੱਧ ਹੋਈ 1925 ਤੋਂ ਪਹਿਲਾਂ ਲਾਇਬਰੇਰੀਅਨ ਨੂੰ ਇੱਕ ਕਲਰਕੀ ਧੰਦਾ ਸਮਝੇ ਜਾਂਦਾ ਸੀ ਕੇਵਲ ਕਿਤਾਬਾਂ ਨੂੰ ਅਤੇ ਹੋਰ ਪੜ੍ਹਨ ਯੋਗ ਸਮੱਗਰੀ ਨੂੰ ਸੰਭਾਲ ਰੱਖਣਾ ਹੁੰਦਾ ਸੀ ।ਪਰੰਤੂ ਸ੍ਰੀ ਰੰਗਾਨਾਥਨ ਜੀ ਨੇ ਇਸ ਦੇ ਉਲਟ ਇਸ ਨੂੰ ਨਵਾਂ ਰੂਪ ਦੇ ਕੇ ਲਾਇਬਰੇਰੀ ਦੀ ਦੁਨੀਆਂ ਵਿੱਚ ਮਸ਼ਹੂਰ ਅਤੇ ਅਨੋਖਾ ਯੋਗਦਾਨ ਪਾਇਆ ਉਹਨਾਂ ਨੇ ਭਾਰਤੀ ਲਾਇਬਰੇਰੀ ਸੰਘ ਦੀ ਸਥਾਪਨਾ ਵੀ ਕੀਤੀ। 1947 ਤੋਂ 1953 ਤੱਕ ਉਹ ਇਸ ਦੇ ਪ੍ਰਧਾਨ ਰਹੇ 1957 ਤੋਂ 1960 ਤੱਕ ਲਾਇਬਰੇਰੀ ਯੂਨੀਵਰਸਿਟੀ ਦੇ ਗਰਾਂਟ ਕਮਿਸ਼ਨ ਦੀ ਲਾਇਬਰੇਰੀ ਕਮੇਟੀ ਦੇ ਸੰਚਾਲਕ ਰਹੇ। 1958 ਵਿੱਚ ਉਹ ਬ੍ਰਿਟਿਸ਼ ਲਾਇਬਰੇਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਹੇ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਫਾਰ ਡਾਕੂਮੈਂਟੇਸ਼ਨ ਦੇ ਮੈਂਬਰ ਰਹੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਣ- ਸਨਮਾਨ ਨਾਲ ਨਿਵਾਜਿਆ ਗਿਆ । 1935 ਵਿੱਚ ਰਾਉ ਸਾਹਿਬ ਦੀ ਉਪਾਧੀ ਦਿੱਤੀ ਗਈ। 1948 ਵਿੱਚ ਡਾਕਟਰ ਆਫ ਲਿਟਰੇਚਰ 1957 ਪਦਮ ਸ਼੍ਰੀ ਤੇ 1964 ਵਿੱਚ ਡੀ.ਲਿਟ ਉਨਾਂ ਦੀ ਮਿਹਨਤ ਸਦਕਾ ਭਾਰਤ ਵਿੱਚ ਲਾਇਬਰੇਰੀ ਵਿਗਿਆਨ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ । ਉਹਨਾਂ ਨੇ ਲਾਇਬਰੇਰੀ ਖੇਤਰ ਵਿੱਚ ਵੱਖ-ਵੱਖ ਰਚਨਾਵਾਂ ਨੂੰ ਸਿਰਜ ਕੇ ਲਾਇਬਰੇਰੀ ਨੂੰ ਬਹੁਤ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ ਆਖਰਕਾਰ ਲਾਇਬਰੇਰੀ ਦੇ ਪਿਤਾਮਾ ਮਹਾਨ ਸ਼ਖਸ਼ੀਅਤ ਡਾ.ਐਸ .ਆਰ .ਰੰਗਾਨਾਥ ਜੀ ਇਸ ਦੁਨੀਆ ਨੂੰ 27 ਸਤੰਬਰ 1972 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮਹਾਨ ਦੇਣ ਨੂੰ ਅਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਹ ਹਮੇਸ਼ਾ ਲਾਇਬਰੇਰੀ ਵਿਗਿਆਨ ਦੀ ਦੁਨੀਆ ਵਿੱਚ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ।

ਰਾਜ ਸਿੰਘ (ਲਾਇਬਰੇਰੀਅਨ)
ਫੋਨ ਨੰਬਰ – 98721-80896
ਪੰਜਾਬ ਦੀ ਲਾਇਬ੍ਰੇਰੀ ਅਤੇ ਲਾਇਬਰੇਰੀਅਨ ਦੀ ਤਰਸਯੋਗ ਹਾਲਤ?
21ਵੀਂ ਸਦੀ ਨੂੰ ਜਾਣਕਾਰੀ ਦੀ ਸਦੀ ਕਿਹਾ ਜਾਂਦਾ ਹੈ। ਇਸ ਯੁੱਗ ਵਿੱਚ ਲਾਇਬ੍ਰੇਰੀਆਂ ਅਤੇ ਲਾਇਬ੍ਰੇਰੀਅਨ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਡਿਜੀਟਲ ਅਤੇ ਆਧੁਨਿਕ ਸਮੇਂ ਵਿੱਚ ਵੀ ਲਾਇਬ੍ਰੇਰੀਅਨ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਉਹ ਵਿਅਕਤੀ ਜੋ ਪੜ੍ਹਨ ਵਾਲਿਆਂ ਲਈ ਗਿਆਨ ਦਾ ਦਰਵਾਜ਼ਾ ਖੋਲ੍ਹਦਾ ਹੈ, ਅੱਜ ਖੁਦ ਹੀ ਪਛਾਣ, ਆਦਰ, ਅਤੇ ਸਹੂਲਤਾਂ ਦੀ ਲੋੜ ਮਹਿਸੂਸ ਕਰ ਰਿਹਾ ਹੈ।
ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਦੀ ਘਾਟ ਹੈ। ਕਈ ਸਾਲਾਂ ਤੱਕ ਨਵੀਆਂ ਨਿਯੁਕਤੀਆਂ ਨਹੀਂ ਹੁੰਦੀਆਂ, ਜਿਸ ਕਰਕੇ ਲਾਇਬ੍ਰੇਰੀ ਵਿਭਾਗ ਬਿਨਾਂ ਸਟਾਫ਼ ਦੇ ਚੱਲ ਰਹੇ ਹਨ । ਪੰਜਾਬ ਵਿੱਚ ਕਈ ਥਾਵਾਂ ਤੇ ਲਾਇਬ੍ਰੇਰੀਆਂ ਦੀ ਵਾਂਗ ਡੋਰ ਰਾਤ ਦੀ ਡਿਊਟੀ ਕਰਨ ਵਾਲੇ ਚੌਂਕੀਦਾਰਾਂ ਅਤੇ ਪੀਅਨ ਦੇ ਹੱਥ ਵਿੱਚ ਦਿੱਤੀ ਗਈ ਹੈ ਜਿੱਥੇ ਲਾਇਬਰੇਰੀ ਵਿੱਚ ਪਈਆਂ ਕਿਤਾਬਾਂ ਰੱਦੀ ਬਣਕੇ ਰਹਿ ਜਾਦੀਆਂ ਹਨ। ਲਾਇਬਰੇਰੀ ਵਿੱਚ ਕੋਈ ਪਾਠਕ ਨਹੀ ਆਉਂਦਾ ਤੇ ਨਾ ਉਹ ਸਮੇਂ ਸਿਰ ਖੁੱਲਦੀਆਂ ਹਨ ਜਿਆਦਾ ਸਮਾਂ ਬੰਦ ਹੀ ਰਹਿੰਦੀਆਂ ਹਨ। ਇਸ ਜਗ੍ਹਾਂ ਤੇ ਗੈਸਟ ਫੈਕਲਟੀ ਜਾਂ ਕਾਂਟ੍ਰੈਕਟ ਬੇਸਿਸ ’ਤੇ ਲੋਕ ਲਾਏ ਜਾਂਦੇ ਹਨ ਜੋ ਸਿਰਫ ਘੱਟ ਤਨਖਾਹਾਂ ’ਤੇ ਕੰਮ ਕਰਦੇ ਹਨ ਇਸ ਨਾਲ ਨਾ ਸਿਰਫ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਰਹਿੰਦੀ ਹੈ, ਸਗੋਂ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਪੰਜਾਬ ਵਿੱਚ ਕਈ ਸਕੂਲਾਂ ਤੇ ਕਾਲਜਾਂ ਵੱਲੋਂ ਬੋਰਡ ਜਾਂ ਯੂਨੀਵਰਸਿਟੀ ਤੋਂ ਮਾਨਤਾ ਲੈਣ ਤੱਕ ਹੀ ਲਾਇਬਰੇਰੀ ਸੀਮਿਤ ਰਹਿ ਜਾਂਦੀ ਹੈ । ਲਾਇਬਰੇਰੀਅਨ ਨੂੰ ਭਰਤੀ ਕਰਕੇ ਸਿਰਫ਼ ਖਾਨਾ ਪੂਰਤੀ ਕੀਤੀ ਜਾਂਦੀ ਹੈ ਭਾਵ ਕਿ ਉਸ ਨੂੰ ਵੇਹਲਾ ਹੀ ਸਮਝਿਆ ਜਾਂਦਾ ਹੈ ਉਸ ਦੀ ਵਾਧੂ ਦੇ ਕੰਮਾਂ ਵਿੱਚ ਡਿਊਟੀ ਲਗਾਈ ਜਾਂਦੀ ਹੈ ਜਿਵੇਂ ਕਲਾਸਾਂ ਵਿੱਚ ਐਡਜਸਟਮੈਂਟ ਡਾਕਖਾਨੇ ਜਾਂ ਬੈਂਕ ਦੇ ਕੰਮ ਉਸ ਤੋਂ ਲਏ ਜਾਂਦੇ ਹਨ। ਉਸ ਨੂੰ ਆਪਣੇ ਮੁੱਖ ਉਦੇਸ਼ ਉੱਤੇ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ । ਹੈਰਾਨ ਕਰਨ ਵਾਲੀ ਤਾਂ ਗੱਲ ਇਹ ਹੈ ਕਿ ਕਈ ਸਕੂਲਾਂ ਅਤੇ ਅਕੈਡਮੀਆਂ ਵਿੱਚ ਲਾਇਬਰੇਰੀਅਨ ਦੀ ਡਿਊਟੀ ਵਿਦਿਆਰਥੀਆਂ ਦੇ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਵਾਲੀਆਂ ਟੂਟੀਆਂ ਤੇ ਲਗਾਈ ਜਾਂਦੀ ਹੈ ਉਹ ਵੀ ਲਾਇਬਰੇਰੀ ਨੂੰ ਬੰਦ ਕਰਕੇ ਇਸ ਤਰ੍ਹਾਂ ਦੀ ਸੰਸਥਾਵਾਂ ਵਿੱਚ ਲਾਇਬ੍ਰੇਰੀਆਂ ਦੀ ਕੀ ਮਹੱਤਤਾ ਹੈ ਇਹ ਸਾਡੇ ਲਈ ਸਵਾਲ ਪੈਦਾ ਕਰਦਾ ਹੈ।
ਇੱਕ ਹੋਰ ਗੰਭੀਰ ਚੁਣੌਤੀ ਹੈ ਮਾਣ-ਸਮਾਨ ਦੀ ਘਾਟ ਅਕਸਰ ਲਾਇਬ੍ਰੇਰੀਅਨ ਨੂੰ ਸਿਰਫ ਕਿਤਾਬਾਂ ਦੇ ਰਖਵਾਲੇ ਸਮਝਿਆ ਜਾਂਦਾ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਵੀ ਉਨ੍ਹਾਂ ਦੇ ਪੇਸ਼ੇ ਦੀ ਪ੍ਰਤੀ ਪੂਰੀ ਸਮਝ ਨਹੀਂ ਹੁੰਦੀ। ਇਸ ਕਾਰਨ ਉਹ ਆਪਣੇ ਪੇਸ਼ੇ ਨਾਲ ਜੋਸ਼ੀਲੇ ਤਰੀਕੇ ਨਾਲ ਨਹੀਂ ਜੁੜ ਪਾਉਦੇ। ਲਾਇਬਰੇਰੀ ਵਿਗਿਆਨ ਦੇ ਮਹਾਨ ਵਿਦਵਾਨ ਸੀ .ਡੀ ਦੇਸਮੁੱਖ ਜੀ ਦੇ ਅਨੁਸਾਰ “ਲਾਇਬਰੇਰੀ ਕਿਸੇ ਵੀ ਸੰਸਥਾ ਦਾ ਦਿਲ ਹੁੰਦੀ ਹੈ “ਭਾਵ ਕਿ ਲਾਇਬਰੇਰੀਅਨ ਉਸ ਸੰਸਥਾ ਦਾ ਮੁਖੀ ਹੁੰਦਾ ਹੈ ਤੇ ਇਹਨਾਂ ਨਾਲ ਹਰ ਵਿਦਿਆਰਥੀ ਦਾ ਵਾਹ ਵਾਸਤਾ ਰਹਿੰਦਾ ਹੈ ਜਦੋਂ ਕਿ ਇੱਕ ਅਧਿਆਪਕ ਆਪਣੀ ਜਮਾਤ ਤੱਕ ਹੀ ਸੀਮਿਤ ਰਹਿੰਦਾ ਹੈ ਪੁਰਾਣੇ ਸਮੇਂ ਤੋਂ ਜੋ ਲਾਇਬਰੇਰੀਅਨ ਨਾਲ ਵਿਤਕਰਾ ਕੀਤਾ ਜਾਂਦਾ ਸੀ ਅੱਜ ਵੀ ਉਹ ਜਿਉਂ ਦੀ ਤਿਉਂ ਹੈ ਅੱਜ ਵੀ ਉਸ ਨੂੰ ਨਾਨ ਟੀਚਿੰਗ ਵਿੱਚ ਰੱਖਿਆ ਜਾਂਦਾ ਹੈ ਜਦੋਂ ਕਿ ਇੱਕ ਲਾਇਬਰੇਰੀਅਨ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਮਾਸਟਰ ਡਿਗਰੀ, ਯੂ.ਜੀ.ਸੀ.ਨੈਟ ਪੀ.ਐਚ.ਡੀ ਕਰਕੇ ਲਾਇਬ੍ਰੇਰੀਅਨ ਬਣਦਾ ਹੈ ਫਿਰ ਇਹ ਵਿਤਕਰਾ ਕਿਉ ਕੀਤਾ ਜਾਂਦਾ?
ਇਸ ਪ੍ਰਤੀ ਪੰਜਾਬ ਸਰਕਾਰ ਨੂੰ ਸੋਚਣ ਦੀ ਲੋੜ ਹੈ ?
ਆਧੁਨਿਕ ਤਕਨੀਕ ਦੀ ਕਮੀ ਵੀ ਇੱਕ ਮੁੱਖ ਰੁਕਾਵਟ ਹੈ। ਕਈ ਲਾਇਬ੍ਰੇਰੀਆਂ ਵਿੱਚ ਨ ਤਾ ਇੰਟਰਨੈੱਟ ਦੀ ਸੁਵਿਧਾ ਹੈ, ਨ ਹੀ ਨਵੇਂ ਕਿਤਾਬਾਂ ਜਾਂ ਡਿਜੀਟਲ ਰਿਸੋਰਸ ਉਪਲਬਧ ਹਨ। ਐਸੇ ਹਾਲਾਤ ਵਿੱਚ ਲਾਇਬ੍ਰੇਰੀਅਨ ਆਪਣੀ ਸੇਵਾ ਨੂੰ ਆਧੁਨਿਕ ਬਣਾਉਣ ਵਿੱਚ ਅਸਮਰੱਥ ਰਹਿੰਦੇ ਹਨ।
ਇਸ ਤਰਸਯੋਗ ਹਾਲਤ ਤੋਂ ਲਾਈਬ੍ਰੇਰੀਅਨਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਰਕਾਰ ਅਤੇ ਸਿੱਖਿਆ ਸੰਸਥਾਵਾਂ ਨਵੀਆਂ ਭਰਤੀਆਂ, ਉੱਚ ਤਨਖਾਹਾਂ, ਅਤੇ ਲਗਾਤਾਰ ਟ੍ਰੇਨਿੰਗ ਦੀ ਪ੍ਰਣਾਲੀ ਲਾਗੂ ਕਰਨ। ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਨੀਤੀ ਰਾਹੀਂ ਸਿੱਖਿਆ ਅਤੇ ਲਾਇਬਰੇਰੀਆਂ ਦੀ ਦਿਸ਼ਾ ਸੁਧਾਰਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਵੇਂ ਸਟੇਟ ਪੱਧਰ, ਜ਼ਿਲ੍ਹਾ ਪੱਧਰ ,ਤਹਿਸੀਲ ਪੱਧਰ ਪਿੰਡ ਪੱਧਰ, ਪੰਚਾਇਤੀ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਬਣਦਾ ਹੈ । ਲਾਇਬ੍ਰੇਰੀਆਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਭ ਤੋਂ ਪਹਿਲਾਂ ਲਾਇਬਰੇਰੀ ਐਕਟ ਬਣਾਉਣਾ ਜਰੂਰੀ ਹੈ ਅਫਸੋਸ ਦੀ ਗੱਲ ਪੰਜਾਬ ਵਿੱਚ ਅਜੇ ਤੱਕ ਲਾਇਬਰੇਰੀ ਐਕਟ ਨਹੀਂ ਬਣਿਆ ਸਕਿਆ । ਬੇਰੁਜ਼ਗਾਰ ਯੂਨੀਅਨ ਪੰਜਾਬ ਵੱਲੋਂ ਸਮੇਂ-ਸਮੇਂ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ ਪਰ ਅਜੇ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਲਗਭਗ 20 ਦੇ ਕਰੀਬ ਲਾਇਬਰੇਰੀ ਐਕਟ ਬਣ ਚੁੱਕੇ ਹਨ ਸਭ ਤੋਂ ਪਹਿਲਾਂ ਲਾਇਬਰੇਰੀ ਐਕਟ 1948 ਤਾਮਿਲਨਾਡੂ ,1989 ਵਿੱਚ ਹਰਿਆਣਾ, 2006 ਵਿੱਚ ਰਾਜਸਥਾਨ ,1960 ਵਿੱਚ ਆਂਧਰਾ ਪ੍ਰਦੇਸ਼ ,1965 ਵਿੱਚ ਕਰਨਾਟਕਾ ਵਿੱਚ ਲਾਇਬਰੇਰੀ ਐਕਟ ਬਣ ਚੁੱਕੇ ਹਨ ਪੰਜਾਬ ਅੰਦਰ ਲਾਇਬਰੇਰੀ ਐਕਟ ਬਣਾਉਣ ਕਸਾਰਥਕ ਨੀਤੀਆਂ ਰਾਹੀਂ ਲਾਇਬ੍ਰੇਰੀਅਨ ਦੀ ਭੂਮਿਕਾ ਨੂੰ ਮੁੜ ਸਧਾਰਨ ਅਤੇ ਮਾਣਯੋਗ ਬਣਾਇਆ ਜਾ ਸਕਦਾ ਹੈ। ਪੰਜਾਬ ਦੀ ਮਾਨ ਸਰਕਾਰ ਕੋਲੋਂ ਪੰਜਾਬ ਦੇ ਸਮੂਹ ਲਾਇਬਰੇਰੀ ਦੇ ਖਿੱਤੇ ਦੇ ਮੈਂਬਰਾਂ ਨੂੰ ਪੂਰਨ ਆਸ ਹੈ ਕਿ ਮਾਨ ਸਰਕਾਰ ਹੁੰਦੇ ਹੋਏ ਪੰਜਾਬ ਅੰਦਰ ਲਾਇਬਰੇਰੀ ਐਕਟ ਬਣ ਜਾਵੇਗਾ ਇਸ ਮੁੱਦੇ ਨੂੰ ਸੂਬਾ ਸਰਕਾਰ ਵੀ ਗੰਭੀਰਤਾ ਨਾਲ ਲਵੇ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਲਾਇਬਰੇਰੀ ਐਕਟ ਦੀ ਕਰਵਾਈ ਸ਼ੁਰੂ ਕਰਕੇ ਅਮਲੀ ਰੂਪ ਦੇ ਕੇ ਪੰਜਾਬ ਅੰਦਰ ਲਾਇਬਰੇਰੀ ਐਕਟ ਬਣਾਇਆ ਜਾਵੇ ।
ਨਤੀਜਾ
ਲਾਇਬ੍ਰੇਰੀਅਨ ਇੱਕ ਅਹੰਕਾਰ ਰਹਿਤ ਸੇਵਕ ਹੈ ਜੋ ਗਿਆਨ ਦੇ ਰਾਹ ਖੋਲ੍ਹਦਾ ਹੈ। ਉਸਦੀ ਤਰਸਯੋਗ ਹਾਲਤ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮਾਜ ਦੀ ਅਣਦੇਖੀ ਵੀ ਹੈ। ਜੇਕਰ ਅਸੀਂ ਇਸ ਹਾਲਤ ਨੂੰ ਨਾ ਬਦਲਿਆ, ਤਾਂ ਲਾਇਬ੍ਰੇਰੀਆਂ ਸਿਰਫ ਇਮਾਰਤਾਂ ਬਣ ਕੇ ਰਹਿ ਜਾਣਗੀਆਂ – ਗਿਆਨ ਨਹੀਂ।

ਅਮਨਪ੍ਰੀਤ ਕੌਰ (ਲਾਇਬਰੇਰੀਅਨ)
ਫੋਨ ਨੰਬਰ – 95309-09576

