ਵੱਡੀ ਖ਼ਬਰ: ਪ੍ਰੀ-ਪ੍ਰਾਇਮਰੀ ਐਸੋਸੀਏਟ ਅਧਿਆਪਕ ਘਰਾਂ ‘ਚ ਨਜ਼ਰਬੰਦ, ਪੁਲਿਸ ਸਾਹਮਣੇ ਮਾਨ ਸਰਕਾਰ ਮੁਰਦਾਬਾਦ ਦੇ ਲਾਏ ਨਾਅਰੇ
Punjab News: ਇੱਕ ਪਾਸੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦਾ ਪਿਛਲੇ ਲੰਬੇ ਸਮੇ ਤੋਂ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਯੂਨੀਅਨ ਦੇ ਆਗੂ ਦਵਿੰਦਰ ਸੰਧੂ ਅਤੇ ਹਰਪ੍ਰੀਤ ਜਲੰਧਰ ਨੇ ਮੀਡੀਆ ਨੂੰ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਰਕਾਰ ਦਾ ਝੂਠ ਬੇਨਕਾਬ ਕਰਨ ਵਾਸਤੇ ਭਲਕੇ ਸੀਐੱਮ ਦਾ ਘੇਰਾਓ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਸਾਡੇ ਕਈ ਸਾਥੀ ਘਰਾਂ ਵਿੱਚ ਪੁਲਿਸ ਵੱਲੋਂ ਨਜ਼ਰਬੰਦ ਕਰ ਦਿੱਤੇ ਗਏ।
ਇਸ ਮੌਕੇ ਤੇ ਯੂਨੀਅਨ ਆਗੂਆਂ ਨੇ ਜਿੱਥੇ ਪੁਲਿਸ ਦੀ ਹਾਜ਼ਰੀ ਵਿੱਚ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ, ਉੱਥੇ ਹੀ ਕਿਹਾ ਕਿ, ਸਰਕਾਰ ਆਜ਼ਾਦੀ ਦੇ ਕਰੀਬ 78 ਵਰ੍ਹਿਆਂ ਬਾਅਦ ਵੀ ਸਾਡੇ ਨਾਲ ਅੰਗਰੇਜ਼ਾਂ ਨਾਲੋਂ ਭੈੜਾ ਸਲੂਕ ਕਰ ਰਹੀ ਹੈ।
ਉਨ੍ਹਾਂ ਦਾਅਵਾ ਕਰਦਿਆਂ ਦੱਸਿਆ ਕਿ 2 ਸਾਲ ਤੋਂ ਵੀ ਵੱਧ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਹੁਣ ਤੱਕ ਪ੍ਰੀ ਪ੍ਰਾਇਮਰੀ ਅਧਿਆਪਕਾਂ ਦਾ ਕੋਈ ਹੱਲ ਸਰਕਾਰ ਦੁਆਰਾ ਨਹੀਂ ਕੀਤਾ ਗਿਆ।
ਜਦੋਂਕਿ ਸਰਕਾਰ ਆਪਣੇ ਹਰ ਸਮਾਗਮ ਵਿੱਚ ਅਤੇ ਹਰ ਇਸਤਿਹਾਰ ਵਿੱਚ 12710 ਅਧਿਆਪਕਾਂ ਨੂੰ ਪੱਕਾ ਕਰਨ ਦਾ ਦਾਅਵਾ ਕਰਦੀ ਹੈ ਅਤੇ ਸੀਐਮ ਪੰਜਾਬ ਦੁਬਾਰਾ ਹਰ ਜਗ੍ਹਾ ਇਹਨਾ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਜਦੋਂਕਿ ਇਹ ਅਧਿਆਪਕ ਹਾਲੇ ਤੱਕ ਵੀ ਕੱਚੇ ਹੀ ਹਨ ਅਤੇ ਇਹਨਾਂ ਉੱਪਰ ਇਕ ਰੇਗੂਲਰ ਅਧਿਆਪਕ ਵਾਲਾ ਕੋਈ ਵੀ ਰੂਲ ਲਾਗੂ ਨਹੀਂ ਹੁੰਦਾ।
ਸਰਕਾਰ ਦਾ ਇਹ ਝੂਠ ਲੋਕਾਂ ਸਾਹਮਣੇ ਲਿਆਉਣ ਲਈ ਜਥੇਬੰਦੀ ਵੱਲੋਂ 15 ਅਗਸਤ ਨੂੰ ਫਰੀਦਕੋਟ ਵਿਖੇ ਸੀਐਮ ਭਗਵੰਤ ਮਨ ਦਾ ਵੱਡੇ ਪੱਧਰ ਤੇ ਵਿਰੋਧ ਕਰਨ ਦਾ ਜੋ ਐਲਾਨ ਕੀਤਾ ਸੀ।
ਉਸ ਦੇ ਨਤੀਜੇ ਵਜੋਂ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨ ਵੱਲੋਂ ਸਾਡੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਨਦੀਪ ਸਿੰਘ ਬਠਿੰਡਾ ਨੂੰ ਅੱਜ ਸਵੇਰੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਜਥੇਬੰਦੀ ਦੇ ਸੂਬਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰਵਈਆ ਰਿਹਾ ਅਤੇ ਸਾਡੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕੱਲ ਦਾ 15 ਅਗਸਤ ਦਾ ਪ੍ਰੋਗਰਾਮ ਜ਼ੋਰਦਾਰ ਤਰੀਕੇ ਨਾਲ ਕੀਤਾ ਜਾਵੇਗਾ।

