ਆਜ਼ਾਦੀ ਦਿਹਾੜੇ ‘ਤੇ ਗੁਲਾਮੀ; 2364 ਬੇਰੁਜ਼ਗਾਰ ਅਧਿਆਪਕ ਅਤੇ ਉਨ੍ਹਾਂ ਦੇ ਮਾਪੇ ਥਾਣਿਆਂ ‘ਚ ਸੁੱਟੇ
Punjab News-
ਅੱਜ ਆਜ਼ਾਦੀ ਦਿਹਾੜੇ ਮੌਕੇ 2364 ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਦਾ ਪ੍ਰੋਗਰਾਮ ਦਿੱਤਾ ਗਿਆ ਸੀ, ਇਸ ਪ੍ਰੋਗਰਾਮ ‘ਚ 2364 ਯੂਨੀਅਨ ਵੱਲੋਂ ਫਰੀਦਕੋਟ ਮੁੱਖ ਮੰਤਰੀ ਦਾ ਘਿਰਾਓ ਕਰਨਾ ਸੀ।
ਪਰ ਇਸ ਤੋਂ ਪਹਿਲਾਂ ਹੀ ਸਰਕਾਰ ਦੇ ਇਸ਼ਾਰੇ ਤੇ ਪੁਲਸ ਨੇ ਕਈ ਆਗੂਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਿਰਾਸਤ ਵਿੱਚ ਲੈਕੇ ਥਾਣੇ ਰੱਖਿਆ ਗਿਆ ਅਤੇ ਕਈਆਂ ਨੂੰ ਘਰਾਂ ਵਿੱਚ ਨਜਰਬੰਦ ਕਰ ਦਿੱਤਾ ਗਿਆ।
2364 ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮਾਨਸਾ ਤੋਂ ਆਗੂ ਮਨਪ੍ਰੀਤ ਸਿੰਘ ਦੇ ਪਿਤਾ ਨੂੰ ਰਾਤ ਹੀ ਪ੍ਰਸ਼ਾਸਨ ਵੱਲੋਂ ਚੁੱਕ ਲਿਆ ਗਿਆ ਤੇ ਨਜ਼ਰਬੰਦ ਕਰ ਦਿੱਤਾ ਗਿਆ, ਕਿਉਂਕਿ ਮਨਪ੍ਰੀਤ ਸਿੰਘ ਘਰੇ ਨਹੀਂ ਸੀ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ, 2364 ਭਰਤੀ 2020 ‘ਚ ਆਈ ਸੀ ਪਰ ਹਾਲੇ ਤੱਕ ਭਰਤੀ ਪੂਰੀ ਨਹੀਂ ਕੀਤੀ ਗਈ। ਭਰਤੀ ਦੀ ਪਹਿਲੀ ਲਿਸਟ ਲਗਭਗ 800 ਸਾਥੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਜੁਆਇੰਨ ਕਰਵਾ ਲਿਆ ਗਿਆ ਸੀ।
ਪਰ 5 ਮਹੀਨੇ ਹੋਣ ਦੇ ਬਾਵਜੂਦ ਹਾਲੇ ਤੱਕ ਦੂਜੀ ਲਿਸਟ ਨਹੀਂ ਪਾਈ ਗਈ, ਜਿਸ ਰੋਸ ਨੂੰ ਲੈ ਕੇ ਯੂਨੀਅਨ ਵੱਲੋਂ ਲਗਾਤਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ।
ਪਰ ਪੰਜ ਮਹੀਨੇ ਹੋ ਗਏ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ, ਕੱਲ੍ਹ ਤੋਂ ਹੀ ਸਾਡੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਹਰ ਜਿਲ੍ਹੇ ‘ਚ ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

