All Latest NewsNews FlashPunjab News

ਸਾਰੇ ਪੰਜਾਬ ਦੀਆਂ ਸੜਕਾਂ ‘ਤੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪਾਂ

 

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਨਾਕਾਮ

ਭਾਕਿਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਸੈਂਕੜੇ ਕਿਸਾਨ ਆਗੂ ਅਤੇ ਵਰਕਰ ਹਿਰਾਸਤ ਵਿੱਚ ਲਏ

ਸੰਗਰੂਰ ਦੇ ਬਡਬਰ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਹੋਇਆ ਭਾਰੀ ਇਕੱਠ

ਲੁਧਿਆਣਾ ਦੇ ਭੈਣੀ ਦਰੇੜਾ, ਭਵਾਨੀਗੜ੍ਹ, ਘਰਾਚੋਂ, ਢੈਪਈ, ਸਮਾਣਾ, ਬਠਿੰਡਾ ਜ਼ਿਲੇ ਦੇ ਪਿੰਡ ਜੇਠੂ ਕੇ ਅਤੇ ਹੋਰ ਕਈ ਥਾਵਾਂ ‘ਤੇ ਹੋਏ ਵੱਡੇ ਇਕੱਠ

ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਵਧਣ ਦੀਆਂ ਕੋਸ਼ਿਸ਼ਾਂ ਜਾਰੀ

ਦਲਜੀਤ ਕੌਰ, ਬਰਨਾਲਾ/ਲੁਧਿਆਣਾ

ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਵੱਲ ਵਧਣ ਵਾਲੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਸਾਰੇ ਪੰਜਾਬ ਵਿੱਚ ਥਾਂ ਥਾਂ ਰੋਕ ਲਿਆ ਗਿਆ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਰਾਏਕੋਟ -ਅਹਿਮਦਗੜ੍ਹ ਰੋਡ ਤੇ ਡੀਐਸਪੀ ਬੋਪਾਰਾਏ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੇ ਰੋਕ ਕੇ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕਾਫ਼ਲਾ ਪਿੰਡ ਭੈਣੀ ਦਰੇੜਾ ਪਹੁੰਚਣ ਵਿੱਚ ਸਫ਼ਲ ਹੋ ਗਿਆ।

ਇੱਥੇ ਹੀ ਹੋਰ ਪਿੰਡਾਂ ਤੋਂ ਕਿਸਾਨਾਂ ਦੇ ਕਾਫ਼ਲੇ ਪਹੁੰਚ ਰਹੇ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਅਮਨਦੀਪ ਲਲਤੋਂ ਵੀ ਆਪਣੇ ਸਾਥੀਆਂ ਸਮੇਤ ਭੈਣੀ ਦਰੇੜਾ ਪਹੁੰਚ ਗਏ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸੇ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਬਡਬਰ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਭਾਰੀ ਜਮਾਵੜਾ ਹੋ ਗਿਆ ਹੈ।

ਇਸੇ ਤਰ੍ਹਾਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਆਪਣੇ ਸਾਥੀਆਂ ਨਾਲ ਬਠਿੰਡਾ ਜ਼ਿਲੇ ਦੇ ਪਿੰਡ ਜੇਠੂਕੇ ਵਿਖੇ, ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਆਪਣੇ ਸਾਥੀਆਂ ਸਮੇਤ ਘਰਾਚੋਂ ਵਿਖੇ, ਸੰਗਰੂਰ ਜ਼ਿਲ੍ਹੇ ਦੇ ਆਗੂ ਭਵਾਨੀਗੜ੍ਹ ਅਤੇ ਢੈਪਈ ਵਿਖੇ ਪਹੁੰਚ ਚੁੱਕੇ ਹਨ। ਇਹਨਾਂ ਸਾਰੇ ਥਾਵਾਂ ਤੇ ਹੋਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਪਹੁੰਚ ਗਏ ਹਨ ਅਤੇ ਕਿਸਾਨਾਂ ਦੇ ਭਾਰੀ ਇਕੱਠ ਹੋ ਗਏ ਹਨ। ਨੇੜਲੇ ਇਲਾਕਿਆਂ ਦੇ ਕਿਸਾਨ ਵੀ ਇਹਨਾਂ ਥਾਵਾਂ ਤੇ ਪਹੁੰਚ ਰਹੇ ਹਨ।

ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਰਨਾਲਾ ਜੇਲ੍ਹ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹ ਬਡਬਰ ਟੋਲ ਪਲਾਜ਼ਾ ਤੱਕ ਪਹੁੰਚਣ ਵਿੱਚ ਸਫ਼ਲ ਰਹੇ। ਇਸੇ ਤਰ੍ਹਾਂ ਰਾਮਪੁਰਾ ਵਿਖੇ ਵੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਰੀਸ਼ ਨੱਢਾ ਦੀ ਅਗਵਾਈ ਵਿੱਚ ਫਾਜਿਲਕਾ ਦੇ ਕਾਫਲੇ ਨੂੰ ਜਗਰਾਓਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਸੂਬਾ ਕਮੇਟੀ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆਪਣੇ ਹੀ ਲੋਕਾਂ ਤੇ ਜ਼ਬਰ ਕਰਨਾ ਮਹਿੰਗਾ ਪਵੇਗਾ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਨਾਲ ਸੁਖਾਵੇਂ ਮਾਹੌਲ ਵਿੱਚ ਚੱਲ ਰਹੀ ਮੀਟਿੰਗ ਨੂੰ ਇੱਕ ਸਾਜਿਸ਼ ਤਹਿਤ ਤੋੜਨਾ ਅਤੇ ਕਿਸਾਨਾਂ ਦੇ ਖ਼ਿਲਾਫ਼ ਝੂਠੀ ਬਿਆਨਬਾਜ਼ੀ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ, ਆਰ ਐੱਸ ਐੱਸ ਦੀ ਬੀ ਟੀਮ ਨਹੀਂ, ਸਗੋਂ ਏ ਟੀਮ ਬਣਨ ਵਾਸਤੇ ਭਾਜਪਾ ਦੇ ਨਾਲ ਮੁਕਾਬਲਾ ਕਰ ਰਹੀ ਹੈ।

ਪੰਜਾਬ ਸਰਕਾਰ ਜ਼ਬਰ ਨਾਲ ਕਿਸਾਨ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਵੱਡਾ ਭਰਮ ਪਾਲ ਰਹੀ ਹੈ। ਪੰਜਾਬ ਦੇ ਲੋਕ ਸਾਰੇ ਹਾਲਾਤ ਨੂੰ ਵੇਖ ਅਤੇ ਸਮਝ ਰਹੇ ਹਨ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸੜਕਾਂ ਰੋਕਣ ਤਾਂ ਕਿ ਆਮ ਲੋਕ ਕਿਸਾਨਾਂ ਦੇ ਖਿਲਾਫ਼ ਹੋ ਜਾਣ ਅਸੀਂ ਹੁਣ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਬਾਖ਼ੂਬੀ ਸਮਝਦੇ ਹਾਂ ਅਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਰਕਾਰ ਦੀਆਂ ਲੋਕ ਵਿਰੋਧੀ ਸਾਜਿਸ਼ਾਂ ਦਾ ਆਪਣੀ ਜਥੇਬੰਦਕ ਏਕਤਾ ਰਾਹੀਂ ਮੂੰਹ ਤੋੜਵਾਂ ਜਵਾਬ ਦੇਣ ਲਈ ਥਾਂ ਥਾਂ ਆਪਣੇ ਨੇੜਲੇ ਇਕੱਠਾਂ ਵਿੱਚ ਆ ਜੁੜਨ। ਆਗੂਆਂ ਨੇ ਕਿਹਾ ਕਿ ਇੱਕ ਚੰਡੀਗੜ੍ਹ ਨਹੀਂ ਸਗੋਂ ਅਨੇਕਾਂ ਹੀ ਚੰਡੀਗੜ੍ਹ ਬਣਕੇ ਸੰਘਰਸ਼ ਦੇ ਕੇਂਦਰ ਬਣ ਜਾਣਗੇ।

 

Leave a Reply

Your email address will not be published. Required fields are marked *