ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ‘ਚ ਰੋਸ ਮੁਜ਼ਾਹਰੇ; ਸੂਬਾ ਸਰਕਾਰ ਦਾ ਪੁਤਲੇ ਸਾੜ ਕੇ ਕੀਤੀ ਨਾਅਰੇਬਾਜ਼ੀ

All Latest NewsNews FlashPunjab News

 

ਪੰਜਾਬ ਭਰ ‘ਚ ਅਣ ਐਲਾਨੀ ਐਮਰਜੈਂਸੀ ਲਗਾ ਕੇ ਥਾਂ ਥਾਂ ਰੋਕਾਂ ਲਗਾਉਣ, ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ, ਛਾਪੇਮਾਰੀਆਂ ਲਈ ਚਲਾਏ ਦਮਨ ਚੱਕਰ ਚਲਾਉਣ ਖਿਲਾਫ਼ ਰੋਸ਼ ਪ੍ਰਦਰਸ਼ਨ

ਸਰਕਾਰ ਜ਼ਬਰ ਦਾ ਰਾਹ ਛੱਡ ਕੇ ਸੰਯੁਕਤ ਕਿਸਾਨ ਮੋਰਚਾ ਦੀਆਂ ਮੰਗਾਂ ਨੂੰ ਫੌਰੀ ਹੱਲ ਕਰੇ ਅਤੇ ਗ੍ਰਿਫ਼ਤਾਰ ਕਿਸਾਨ ਆਗੂਆਂ, ਕਾਰਕੁਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਦੀ ਕੀਤੀ ਮੰਗ

ਦਲਜੀਤ ਕੌਰ, ਚੰਡੀਗੜ੍ਹ/ਜਲੰਧਰ

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ਤਹਿਤ ਯੂਨੀਅਨ ਵਲੋਂ ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਸਮੇਤ ਸੂਬਾ ਸਰਕਾਰ ਦੁਆਰਾ ਪੰਜਾਬ ਭਰ ਵਿੱਚ ਅਣ ਐਲਾਨੀ ਐਮਰਜੈਂਸੀ ਲਗਾ ਕੇ ਸੂਬੇ ਭਰ ਵਿੱਚ ਕਿਸਾਨਾਂ ਉੱਪਰ ਚਲਾਏ ਦਮਨ ਚੱਕਰ ਖਿਲਾਫ਼ 20 ਤੋਂ ਵੱਧ ਕਸਬਿਆਂ, ਪਿੰਡਾਂ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਨੇ ਸੂਬਾ ਸਰਕਾਰ ਜ਼ਬਰ ਦਾ ਰਾਹ ਛੱਡ ਕੇ ਸੰਯੁਕਤ ਕਿਸਾਨ ਮੋਰਚਾ ਦੀਆਂ ਮੰਗਾਂ ਨੂੰ ਫੌਰੀ ਹੱਲ ਕਰੇ ਅਤੇ ਗ੍ਰਿਫ਼ਤਾਰ ਕਿਸਾਨ ਆਗੂਆਂ, ਕਾਰਕੁਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਗਈ।

ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੁਤਲੇ ਸਾੜ ਮੁਜ਼ਾਹਰੇ ਭਗਵੰਤ ਮਾਨ ਸਰਕਾਰ ਦੁਆਰਾ ਸੰਯੁਕਤ ਕਿਸਾਨ ਮੋਰਚਾ ਦੇ ਚੰਡੀਗੜ੍ਹ ਮੋਰਚੇ ਨੂੰ ਅਸਫ਼ਲ ਬਣਾਉਣ ਲਈ ਅਣ ਐਲਾਨੀ ਐਮਰਜੈਂਸੀ ਲਗਾ ਕੇ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਜ਼ਬਰੀ ਰੋਕਣ ਲਈ ਥਾਂ ਥਾਂ ਪੁਲਿਸ ਰੋਕਾਂ ਲਗਾਉਣ, ਪੰਜਾਬ ਭਰ ਵਿੱਚ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ, ਛਾਪੇਮਾਰੀਆਂ ਲਈ ਚਲਾਏ ਦਮਨ ਚੱਕਰ ਚਲਾਉਣ ਵਿਰੁੱਧ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੰਘਰਸ਼ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਣ ਅਨੁਸਾਰ ਕਿ ਉਹ ਕਿਸਾਨੀ ਮਿੱਤਰ ਕੀੜਾ ਹੈ ਪਰ ਉਸ ਦੀ ਕਿਸਾਨ ਜਥੇਬੰਦੀਆਂ ਖਿਲਾਫ਼ ਬੋਲ ਬਾਣੀ ਅਤੇ ਉਸਦੇ ਹੁਕਮਾਂ ਉੱਪਰ ਪੰਜਾਬ ਭਰ ਵਿੱਚ ਪੁਲਿਸ ਦੁਆਰਾ ਚਲਾਏ ਦਮਨ ਚੱਕਰ ਨੇ ਸਾਬਿਤ ਕਰ ਦਿੱਤਾ ਕਿ “ਮੁੱਖ ਮੰਤਰੀ ਕਿਸਾਨੀ ਮਿੱਤਰ ਕੀੜਾ ਨਹੀਂ ਨਾਗਪੁਰੀ ਸੁੰਡੀ ਹੈ”। ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਆਰ ਐਸ ਐਸ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੀਤੇ ਚ ਜ਼ਬਰ ਦਾ ਰਾਹ ਚੁਣਿਆ ਅਤੇ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਦੀ ਬੀ ਟੀਮ ਭਗਵੰਤ ਮਾਨ ਸਰਕਾਰ ਨੇ ਆਪਣੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਅਣ ਐਲਾਨੀ ਐਮਰਜੈਂਸੀ ਲਗਾ ਕੇ ਪੰਜਾਬ ਨੂੰ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਕੇਂਦਰ ਸਰਕਾਰ ਦੇ ਨਕਸ਼ ਕਦਮਾਂ ਉੱਪਰ ਹੀ ਚੱਲ ਰਹੀ ਹੈ। ਜਿਸ ਦੀ ਜਿੰਨੀਂ ਨਿੰਦਾ ਕੀਤੀ ਜਾਵੇ ਉਹਨੀਂ ਹੀ ਥੋੜੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਭਰਮ ਪਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੰਧ ਉੱਤੇ ਲਿਖਿਆ ਪੜ੍ਹ ਲਵੇ ਕਿ ਜਿੱਥੇ ਜ਼ਬਰ ਹੈ, ਉੱਥੇ ਟਾਕਰਾ ਵੀ ਹੈ,ਦੇ ਸਿਧਾਂਤ ਉੱਪਰ ਪਹਿਰਾ ਦਿੰਦੇ ਹੋਏ ਮਿਹਨਤੀ ਲੋਕ ਭਗਵੰਤ ਮਾਨ ਸਰਕਾਰ ਦੇ ਹਰ ਜ਼ਬਰ ਦਾ ਟਾਕਰਾ ਕਰਦੇ ਹੋਏ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਵੀ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਵੀ ਨੰਗਾ ਹੋ ਚੁੱਕਾ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਹੰਸ ਰਾਜ ਪੱਬਵਾਂ, ਨਿਰਮਲ ਸਿੰਘ ਸ਼ੇਰਪੁਰ ਸੱਧਾ ਅਤੇ ਯੂਨੀਅਨ ਦੇ ਯੂਥ ਵਿੰਗ ਦੇ ਸੂਬਾਈ ਆਗੂਆਂ ਮੰਗਾ। ਸਿੰਘ ਵੈਰੋਕੇ, ਗੁਰਚਰਨ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਚੀਦਾ ਆਦਿ ਨੇ ਵੀ ਸੰਬੋਧਨ ਕੀਤਾ।

 

Media PBN Staff

Media PBN Staff

Leave a Reply

Your email address will not be published. Required fields are marked *