ਬਿੱਲੀ ਥੈਲਿਓਂ ਬਾਹਰ; AAP ਪੰਜਾਬ ‘ਚ 2027 ਚੋਣਾਂ ਜਿੱਤਣ ਲਈ ਲਵੇਗੀ ਝੂਠਾਂ ਦਾ ਸਹਾਰਾ! ਮਨੀਸ਼ ਸਿਸੋਦੀਆ ਦੀ ਵੀਡਿਓ ਨੇ ਖੜ੍ਹਾ ਕੀਤਾ ਨਵਾਂ ਵਿਵਾਦ
ਸੁਖਬੀਰ ਬਾਦਲ ਅਤੇ ਪ੍ਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ
Punjab News –
2027 ਚੋਣਾਂ ਤੋਂ ਪਹਿਲਾਂ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਨੇ, ਉਥੇ ਹੀ ਆਮ ਆਦਮੀ ਪਾਰਟੀ ਵੱਡੀਆਂ ਮੀਟਿੰਗਾਂ ਕਰਕੇ ਝੂਠ ਬੋਲਣ ਦੀ ਕਥਿਤ ਤੌਰ ਤੇ ਟ੍ਰੇਨਿੰਗ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਦੇ ਰਹੀ ਹੈ। ਦਰਅਸਲ ਮਨੀਸ਼ ਸਿਸੋਦੀਆ ਦਾ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ “ਹਰ ਚੰਗਾ-ਮਾੜਾ ਹਰਬਾ” ਵਰਤਣ ਦੀ ਗੱਲ ਕਹਿ ਰਹੇ ਹਨ।
ਉਕਤ ਵੀਡਿਓ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਹੈ।
ਹਾਲਾਂਕਿ ਆਮ ਆਦਮੀ ਪਾਰਟੀ ਨੇ ਸਿਸੋਦੀਆ ਦੇ ਬਿਆਨ ਨੂੰ ਗਲਤ ਸੰਦਰਭ ਵਿੱਚ ਪੇਸ਼ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਪਰ ਸੁਖਬੀਰ ਬਾਦਲ ਨੇ ‘ਆਪ’ ਦੀ ਸਫ਼ਾਈ ਨੂੰ ਖਾਰਜ ਕਰਦਿਆਂ ਕਿਹਾ ਕਿ ਵੀਡੀਓ ਸਪੱਸ਼ਟ ਤੌਰ ‘ਤੇ ਪਾਰਟੀ ਦੀ ਮਨਸ਼ਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ, “ਜੇਕਰ ‘ਆਪ’ ਸੱਚਮੁੱਚ ਇਮਾਨਦਾਰੀ ਦੀ ਸਿਆਸਤ ‘ਤੇ ਯਕੀਨ ਰੱਖਦੀ ਹੈ, ਤਾਂ ਸਿਸੋਦੀਆ ਨੂੰ ਆਪਣੇ ਬਿਆਨ ‘ਤੇ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ।”
ਸਿਸੋਦੀਆ ਦੀ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਪ੍ਰਗਟ ਸਿੰਘ ਨੇ ‘ਆਮ ਆਦਮੀ ਪਾਰਟੀ’ (ਆਪ) ਦੀ ਦਿੱਲੀ ਲੀਡਰਸ਼ਿਪ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਆਪ’ ਖੁੱਲ੍ਹੇਆਮ ਇਹ ਐਲਾਨ ਕਰ ਰਹੀ ਹੈ ਕਿ ਉਹ 2027 ਦੀਆਂ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਜਿਸ ਵਿੱਚ ਝੂਠ, ਧੋਖਾ ਅਤੇ ‘ਗੁੰਡਾਗਰਦੀ’ ਵੀ ਸ਼ਾਮਲ ਹੈ। ਪ੍ਰਗਟ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ, “ਆਮ ਆਦਮੀ ਪਾਰਟੀ ਹੁਣ ਗੁੰਡਿਆਂ ਅਤੇ ਸੱਤਾ ਦੇ ਭੁੱਖੇ ਸਿਆਸਤਦਾਨਾਂ ਦਾ ਇੱਕ ਬ੍ਰਿਗੇਡ ਬਣ ਗਿਆ ਹੈ। ਸ਼ਰਮ ਦੀ ਗੱਲ ਹੈ!”
ਦੂਜੇ ਪਾਸੇ ਸੁਖਬੀਰ ਬਾਦਲ ਨੇ ਪੰਜਾਬ ਦੀ ਸਿਆਸਤ ਵਿੱਚ ਨੀਵੀਂ ਪੱਧਰ ਦੀ ਸੋਚ ਅਤੇ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਬੇਨਕਾਬ ਕਰਨ ਵਾਲਾ ਬਿਆਨ ਕਰਾਰ ਦਿੱਤਾ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਕਿਹਾ ਕਿ ਇਹ ਬਿਆਨ ਆਮ ਆਦਮੀ ਪਾਰਟੀ ਦੀ ਸਿਆਸੀ ਨੀਤੀਆਂ ਅਤੇ ਇਰਾਦਿਆਂ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਨੇ ਕਿਹਾ, “ਆਮ ਆਦਮੀ ਪਾਰਟੀ, ਜੋ ਆਪਣੇ ਆਪ ਨੂੰ ਸਚਿਆਈ ਅਤੇ ਇਮਾਨਦਾਰੀ ਦਾ ਪ੍ਰਤੀਕ ਦੱਸਦੀ ਹੈ, ਅਜਿਹੇ ਬਿਆਨਾਂ ਨਾਲ ਆਪਣਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਲਿਆ ਰਹੀ ਹੈ। 2027 ਦੀਆਂ ਚੋਣਾਂ ਜਿੱਤਣ ਲਈ ‘ਹਰ ਚੰਗਾ-ਮਾੜਾ ਹਰਬਾ’ ਵਰਤਣ ਦੀ ਗੱਲ ਕਹਿਣਾ ਸਿੱਧ ਕਰਦਾ ਹੈ ਕਿ ‘ਆਪ’ ਸੱਤਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।”
ਸੁਖਬੀਰ ਨੇ ਸਿਸੋਦੀਆ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ
ਸੁਖਬੀਰ ਬਾਦਲ ਨੇ ਕਿਹਾ ਕਿ ਸਿਸੋਦੀਆ ਦਾ ਬਿਆਨ ਨਾ ਸਿਰਫ਼ ਗੈਰ-ਜ਼ਿੰਮੇਵਾਰਾਨਾ ਹੈ, ਸਗੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਵੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਪਾਰਟੀਆਂ ਦੀ ਸਿਆਸਤ ਨੂੰ ਸਮਝਣ, ਜੋ ਸੱਤਾ ਦੀ ਭੁੱਖ ਵਿੱਚ ਨੀਤੀਆਂ ਅਤੇ ਸਿਧਾਂਤਾਂ ਨੂੰ ਭੁੱਲ ਜਾਂਦੀਆਂ ਹਨ। ਸੁਖਬੀਰ ਨੇ ਕਿਹਾ, “ਪੰਜਾਬ ਦੇ ਲੋਕ ਸੁਚੇਤ ਹਨ ਅਤੇ ਅਜਿਹੇ ਝੂਠੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੀ ਹੈ ਅਤੇ ਅਸੀਂ ਕਦੇ ਵੀ ਸਿਆਸੀ ਸਵਾਰਥ ਲਈ ਗਲਤ ਹਰਬਿਆਂ ਦਾ ਸਹਾਰਾ ਨਹੀਂ ਲਿਆ।”
ਵੀਡੀਓ ਨੇ ਮਚਾਇਆ ਸਿਆਸੀ ਹੰਗਾਮਾ
ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਮਨੀਸ਼ ਸਿਸੋਦੀਆ ਦੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹੰਗਾਮਾ ਮਚਾ ਦਿੱਤਾ ਹੈ। ਵੀਡੀਓ ਵਿੱਚ ਸਿਸੋਦੀਆ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “2027 ਦੀਆਂ ਚੋਣਾਂ ਜਿੱਤਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ, ਚਾਹੇ ਉਸ ਲਈ ਕੋਈ ਵੀ ਰਣਨੀਤੀ ਅਪਣਾਉਣੀ ਪਵੇ।” ਇਸ ਬਿਆਨ ਨੂੰ ਸੁਖਬੀਰ ਬਾਦਲ ਨੇ “ਆਮ ਆਦਮੀ ਪਾਰਟੀ ਦੀ ਸੱਤਾ-ਲੋਭੀ ਮਾਨਸਿਕਤਾ” ਦਾ ਸਬੂਤ ਦੱਸਿਆ।
ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸਿਸੋਦੀਆ ਦਾ ਬਿਆਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮੁਹਾਵਰੇ ਨੂੰ ਗਰਮਾ ਸਕਦਾ ਹੈ। “ਇਹ ਵਿਵਾਦ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲੈ ਸਕਦਾ ਹੈ, ਕਿਉਂਕਿ ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਸਵਾਲ ਉਠਾਉਣ ਦਾ ਮੌਕਾ ਮਿਲ ਸਕਦਾ ਹੈ।”
ਹਾਲਾਂਕਿ ਇਸ ਵਿਵਾਦ ਨੇ ਪੰਜਾਬ ਦੇ ਲੋਕਾਂ ਵਿੱਚ ਵੀ ਗਰਮਾ-ਗਰਮ ਚਰਚਾ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸੁਖਬੀਰ ਬਾਦਲ ਦੇ ਸਟੈਂਡ ਦੀ ਸ਼ਲਾਘਾ ਕੀਤੀ ਹੈ, ਜਦਕਿ ਕੁਝ ਨੇ ‘ਆਪ’ ਦੀ ਸਿਆਸਤ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਦਵਿੰਦਰ ਸਿੰਘ (ਅਧਿਆਪਕ ਆਗੂ) ਨੇ ਕਿਹਾ, “ਅਸੀਂ ਸਿਆਸਤਦਾਨਾਂ ਤੋਂ ਸੱਚਾਈ ਅਤੇ ਸਿਧਾਂਤਾਂ ਦੀ ਉਮੀਦ ਕਰਦੇ ਹਾਂ, ਨਾ ਕਿ ਸੱਤਾ ਲਈ ਗਲਤ ਹਰਬਿਆਂ ਦੀ।”

