Punjab News- ਸਿੱਖਿਆ ਵਿਭਾਗ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਜਲਦ ਕਰਵਾਏਗਾ ਸਟੇਸ਼ਨਾਂ ਦੀ ਚੋਣ, ਮੀਟਿੰਗ ਦੌਰਾਨ ਹੋਇਆ ਅਹਿਮ ਫੈਸਲਾ
Punjab News- ਪਦਉਨਤ ਲੈਕਚਰਾਰਾਂ ਲਈ ਸਟੇਸ਼ਨ ਚੋਣ ਦੀ ਮੰਗ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਪੰਜਾਬ ਦੀ ਡੀ.ਐੱਸ.ਈ. (ਸੈਕੰਡਰੀ) ਨਾਲ ਮੁਲਾਕਾਤ
Punjab News–
ਡੀ.ਟੀ.ਐੱਫ. ਦੇ ਸੂਬਾਈ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ ਅਤੇ ਪਦਉੰਨਤ ਲੈਕਚਰਾਰ ਦੇ ਸਾਂਝੇ ਵਫ਼ਦ ਵੱਲੋਂ (ਮਿਤੀ 19-8-2025) ਡੀ.ਐੱਸ.ਈ. (ਸੈ.) ਗੁਰਿੰਦਰ ਸਿੰਘ ਸੋਢੀ ਅਤੇ ਪ੍ਰਮੋਸ਼ਨ ਸੈੱਲ ਦੇ ਇੰਚਾਰਜ਼ ਤੇ ਸਹਾਇਕ ਡਾਇਰੈਕਟਰ ਡਾ. ਅਮਨਦੀਪ ਕੌਰ ਨਾਲ ਮੁਲਾਕਾਤ ਕਰਕੇ ‘ਮੰਗ ਪੱਤਰ’ ਦਿੱਤਾ ਗਿਆ। ਇਸ ਮੌਕੇ ਡੀ.ਐੱਸ.ਈ. ਦਫ਼ਤਰ ਵੱਲੋਂ ਸਹਾਇਕ ਡਾਇ: ਮਹੇਸ਼ ਕੁਮਾਰ ਵੀ ਮੌਜੂਦ ਰਹੇ।
ਵਫ਼ਦ ਵੱਲੋਂ ਡੀਐੱਸਈ ਤੋਂ ਮੰਗ ਕੀਤੀ ਗਈ ਕਿ ਪਿਛਲੇ 19 ਜੁਲਾਈ ਤੋਂ ਹੁਣ ਤਕ ਮਾਸਟਰ ਕਾਡਰ ਤੋਂ ਪਦ ਉਨਤ ਹੋਏ 1200 ਲੈਕਚਰਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਚੋਇਸ ਕਰਵਾਈ ਜਾਵੇ। ਜਿਸ ‘ਤੇ ਸਿੱਖਿਆ ਵਿਭਾਗ ਦੇ DSE (ਸੈਕ) ਨੇ ਕਿਹਾ ਕਿ ਪਦਉੱਨਤ ਹੋਏ ਲੈਕਚਰਾਰਾਂ ਨੂੰ ਬਹੁਤ ਜਲਦ ਮੁੱਖ ਦਫਤਰ ਬੁਲਾ ਕੇ ਸਟੇਸ਼ਨ ਦੀ ਚੋਣ ਕਰਵਾਈ ਜਾਵੇਗੀ।
ਆਗੂਆਂ ਨੇ ਪੁਰਜੋਰ ਮੰਗ ਕੀਤੀ ਕਿ ਇਸ ਸਟੇਸ਼ਨ ਚੋਣ ਦੌਰਾਨ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ ਅਤੇ ਵਿਦਿਆਰਥੀਆਂ ਦੀ ਗਿਣਤੀ ਸੰਬੰਧੀ ਕੋਈ ਸ਼ਰਤ ਨਾ ਲਗਾਈ ਜਾਵੇ ਤੇ ਕੋਈ ਸਟੇਸ਼ਨ ਲੁਕਾਇਆ ਨਾ ਜਾਵੇ। ਇਸ ‘ਤੇ ਡੀਐੱਸਈ (ਸੈਕੰਡਰੀ) ਨੇ ਸਟੇਸ਼ਨ ਚੋਣ ਮੌਕੇ ਸਾਰੇ ਖਾਲੀ ਸਟੇਸ਼ਨ ਦਿਖਾਉਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਪਿਛਲੇ ਸਮੇਂ ਵਿੱਚ ਵਿਭਾਗ ਦੀ ਪੱਖ-ਪਾਤੀ ਸਟੇਸ਼ਨ ਚੋਣ ਨੀਤੀ ਕਾਰਨ ਦੂਰ-ਦੁਰਾਡੇ ਪ੍ਰੋਮੋਟ ਹੋਏ ਅਧਿਆਪਕਾਂ ਲਈ ਬਿਨਾਂ ਸ਼ਰਤ ਬਦਲੀ ਦੇ ਵਿਸ਼ੇਸ਼ ਮੌਕੇ ਅਤੇ ਡੀਬਾਰ ਕੀਤੇ ਅਧਿਆਪਕਾਂ ਦੀ ਗੈਰ ਵਾਜਿਬ ਡੀਬਾਰਮੈਂਟ ਰੱਦ ਕਰਕੇ ਮੁੜ ਸਟੇਸ਼ਨ ਚੋਣ ਦੀ ਮੰਗ ਵੀ ਕੀਤੀ ਗਈ।
ਵਫਦ ਵਿੱਚ ਡੀਟੀਐਫ ਮੋਹਾਲੀ ਦੇ ਆਗੂ ਸ੍ਰੀਮਤੀ ਸੁਖਮੀਤ ਕੌਰ ਭੱਟੀ ਤੋਂ ਇਲਾਵਾ ਮੈਡਮ ਮਨੀਸ਼ ਕੁਮਾਰੀ, ਜਗਦੀਪ ਕੌਰ ਅਤੇ ਪ੍ਰਵੇਸ਼ ਕੁਮਾਰੀ ਵੀ ਹਾਜ਼ਰ ਰਹੇ।

