ਵੱਡੀ ਖ਼ਬਰ: ਪੰਜਾਬ ਸਰਕਾਰ ਦੇ 3 ਸੀਨੀਅਰ ਅਧਿਕਾਰੀਆਂ ਖਿਲਾਫ FIR ਦਰਜ, ਪੜ੍ਹੋ ਪੂਰਾ ਮਾਮਲਾ
Punjab News:
ਸ਼ਾਰਟ ਸਰਕਟ ਕਾਰਨ ਝੁਲਸੀ ਪਸ਼ੂਆਂ ਦੀ ਗਲ ਘੋਟੂ ਵੈਕਸੀਨ ਵਾਪਸ ਭੇਜਣ ਦੀ ਬਜਾਏ ਜ਼ਿਲ੍ਹੇ ਦੇ ਵੈਟਨਰੀ ਹਸਪਤਾਲਾਂ ‘ਚ ਵੰਡਣ ਵਾਲੇ ਵਿਭਾਗੀ ਅਧਿਕਾਰੀਆਂ ਖਿਲਾਫ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਵੱਖ-ਵੱਖ ਹਸਪਤਾਲਾਂ ਵੱਲੋਂ ਏਸੀ ‘ਚ ਹੋਏ ਸ਼ਾਰਟ ਸਰਕਟ ਕਾਰਨ ਝੁਲਸੀ ਹੋਈ ਵੈਕਸੀਨ ਲਗਾਏ ਜਾਣ ਨਾਲ ਵੱਡੀ ਗਿਣਤੀ ‘ਚ ਪਸ਼ੂਆਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਤਿੰਨ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਿਟ ਨੰਬਰ ਸੀਡਬਲਯੂਪੀ ਨੰਬਰ 19642 ਆਫ 2021 ਵਕੂਆ 04.30 ਪੀਐੱਮ 05.04.2021 ਬਾਹੱਦ ਰਕਬਾ ਦਫਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਰਾਹੀਂ ਪਟੀਸ਼ਨਰ ਗੁਰਮੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪੋਜੋ ਕੇ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਵਗੈਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਪੰਜਾਬ ਵੈਟਨਰੀ ਵੈਕਸੀਨ ਇੰਸਟੀਚਿਊਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐੱਚਐੱਸ ਵੈਕਸੀਨ (ਗਲਘੋਟੂ) ਜ਼ਿਲ੍ਹੇ ਵਿਚ ਭੇਜੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ, ਮਿਤੀ 5/6.04.2021 ਦੀ ਦਰਮਿਆਨੀ ਰਾਤ ਨੂੰ ਸ਼ਾਰਟ ਸਰਕਟ ਹੋਣ ਕਰਕੇ ਏਸੀ ਨੂੰ ਅੱਗ ਲੱਗ ਗਈ ਤੇ ਉਕਤ ਵੈਕਸੀਨ ਝੁਲਸ ਗਈ।
ਇਸ ਬਾਰੇ ਅਗਲੇ ਦਿਨ ਸਵੇਰੇ ਪਤਾ ਲੱਗਣ ‘ਤੇ ਡਾ. ਹਰਵੀਨ ਕੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਤੇ ਡਾ. ਜਸਵੰਤ ਸਿੰਘ ਵੀਓ ਪਿੰਡ ਸਾਂਦੇ ਹਾਸ਼ਮ ਵੱਲੋਂ ਪੁਲਿਸ, ਫਾਇਰ ਬ੍ਰਿਗੇਡ ਜਾਂ ਲੋਕਲ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਬਜਾਏ ਆਪਣੇ ਬਚਾਅ ਲਈ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਕੇ ਉਕਤ ਝੁਲਸੀ ਵੈਕਸੀਨ ਮਿਤੀ 5 ਅਪ੍ਰੈਲ 2021 ਨੂੰ ਸਾਰੇ ਜ਼ਿਲ੍ਹੇ ਦੇ ਹਸਪਤਾਲ, ਡਿਸਪੈਂਸਰੀ ਨੂੰ ਵੰਡਿਆ ਗਿਆ।
ਇਸ ਵੈਕਸੀਨ ਨਾਲ ਜਾਨਵਰਾਂ ਦਾ ਨੁਕਸਾਨ ਹੋਇਆ ਤੇ ਵੰਡੀ ਗਈ ਵੈਕਸੀਨ ਦਾ ਕੁੱਲ ਜੋੜ ਵੀ ਸਹੀ ਨਹੀਂ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ ਇਸ ਵੈਕਸੀਨ ਨੂੰ ਮੈਨਟੇਨ ਕਰਨ ਅਤੇ ਸਾਂਭ ਸੰਭਾਲ ਕਰਨ ਲਈ ਵੈਟਨਰੀ ਇੰਸਪੈਕਟਰ ਹੁਸ਼ਿਆਰ ਸਿੰਘ ਦੀ ਡਿਊਟੀ ਲਗਾਈ ਗਈ ਸੀ, ਪਰ ਇਸ ਵੱਲੋਂ ਵੀ ਅਣਗਹਿਲੀ ਕੀਤੀ ਗਈ।
ਜਾਂਚ ਮਗਰੋਂ ਪੁਲਿਸ ਵੱਲੋਂ ਸੰਬੰਧਤ ਅਧਿਕਾਰੀਆਂ ਖਿਲਾਫ ਆਈਪੀਸੀ ਦੀ ਧਾਰਾ 427,466,474 ਅਤੇ 120 ਬੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ।