ਝੋਨੇ ਦੀ ਬੋਲੀ ਨਾ ਲੱਗਣ ਕਾਰਨ ਵਿਵਾਦ: ਕਿਸਾਨਾਂ ਨੇ ਘੇਰਿਆ ਐੱਸਡੀਐੱਮ ਦਫ਼ਤਰ
ਬਠਿੰਡਾ
ਮਾਰਕੀਟ ਕਮੇਟੀ ਮੌੜ ਅਧੀਨ ਆਉਂਦੇ ਕਈ ਖ਼ਰੀਦ ਕੇਂਦਰਾਂ ’ਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਖ਼ਰੀਦ ਏਜੰਸੀਆਂ ਵੱਲੋਂ ਬੋਲੀ ਨਾ ਲਗਾਉਣ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਐੱਸਡੀਐੱਮ ਮੌੜ ਦਾ ਕਈ ਘੰਟੇ ਘਿਰਾਓ ਕੀਤਾ ਗਿਆ।
ਕਿਸਾਨ ਯੂਨੀਅਨ ਵੱਲੋਂ ਐੱਸਡੀਐੱਮ ਦਾ ਘਿਰਾਓ ਉਸ ਸਮੇਂ ਖਤਮ ਕੀਤਾ, ਜਦੋਂ ਉਨ੍ਹਾਂ ਵੱਲੋਂ ਖ਼ਰੀਦ ਕੇਂਦਰਾਂ ਵਿਚ ਬੋਲੀ ਲਗਾਉਣ ਦਾ ਭਰੋਸਾ ਦਿਵਾਇਆ ਗਿਆ। ਘਿਰਾਓ ਦੌਰਾਨ ਐੱਸਡੀਐੱਮ ਦਫ਼ਤਰ ਦੇ ਬਾਹਰ ਬਲਾਕ ਮੌੜ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰਾਂ ਕਿਸਾਨਾਂ ਦੇ ਆਰਥਿਕ ਹਾਲਾਤਾਂ ਨੂੰ ਉੱਚਾ ਚੁੱਕਣ ਦੇ ਢੰਡੋਰੇ ਪਿੱਟ ਰਹੇ ਹਨ।ਜਦਕਿ ਅਸਲ ਸੱਚਾਈ ਇਹ ਹੈ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਬਣਾਈਆਂ ਜਾ ਰਹੀਆਂ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ।
ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵੀ ਕਈ-ਕਈ ਦਿਨਾਂ ਤਕ ਖ਼ਰੀਦ ਕੇਂਦਰਾਂ ਵਿਚ ਬੈਠ ਕੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਾਨਸਾ ਕਲਾ ਦੇ ਖ਼ਰੀਦ ਕੇਂਦਰ ਵਿਚ ਪਿਛਲੇ ਪੰਜ ਦਿਨਾਂ ਤੋਂ ਝੋਨੇ ਦੀ ਬੋਲੀ ਨਹੀਂ ਲਗਾਈ ਗਈ।
ਇਸੇ ਤਰ੍ਹਾਂ ਘੁੰਮਣ ਕਲਾਂ, ਕੋਟਭਾਰਾ, ਜੋਧਪੁਰ ਪਾਖਰ ਆਦਿ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿੱਚ ਬੋਲੀ ਨਹੀਂ ਲੱਗੀ, ਜਿਸ ਨੂੰ ਲੈ ਕੇ ਐੱਸਡੀਐੱਮ ਮੌੜ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਭੋਲਾ ਸਿੰਘ ਮਾੜੀ, ਗੁਰਜੀਤ ਸਿੰਘ ਬਗੇਹਰ, ਅੰਮ੍ਰਿਤ ਸਿੰਘ ਮੌੜ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰ ਆਦਿ ਮੌਜੂਦ ਸਨ।