ਭਗਵੰਤ ਮਾਨ ਸਰਕਾਰ ਵਾਅਦਿਆਂ ਤੋਂ ਮੁੱਕਰੀ! ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਨਹੀਂ ਜਾਰੀ ਕੀਤਾ ਨੋਟੀਫਿਕੇਸ਼ਨ- ਫੂਕੇ ਗਏ ਪੁਤਲੇ
ਬਿਜਲੀ ਕਾਮਿਆਂ ਨੇ ਫੂਕੀ ਸਰਕਾਰ, ਬਿਜਲੀ ਮੰਤਰੀ ਤੇ ਮੈਨੇਜਮੈਂਟ ਦੀ ਅਰਥੀ
27 ਨੂੰ ਘੇਰਾਂਗੇ ਬਿਜਲੀ ਮੰਤਰੀ ਦੀ ਕੋਠੀ ਤੇ 11,12,13 ਨੂੰ ਮੁਕੰਮਲ ਕੰਮਕਾਜ ਠੱਪ : ਰਾਮਗੜ੍ਹ, ਮਹਿਦੂਦਾਂ
ਲੁਧਿਆਣਾ
ਬੀਤੀ 2 ਜੂਨ ਨੂੰ ਲੰਬੀ ਚਰਚਾ ਤੋਂ ਬਾਅਦ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਮੋਹਾਲੀ ਵਿਖੇ ਹੋਈ ਮੀਟਿੰਗ ਚ ਜਿੰਨ੍ਹਾ ਮੰਗਾਂ ਨੂੰ ਮੰਨ ਲਿਆ ਸੀ ਉਨ੍ਹਾਂ ਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਹੋਣ ਦੇ ਰੋਸ ਵਿੱਚ ਬਿਜਲੀ ਮੁਲਾਜਮ ਸੰਘਰਸ਼ ਦੇ ਰਾਹ ‘ਤੇ ਹਨ। ਉਨ੍ਹਾਂ ਵੱਲੋਂ ਜਿਥੇ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਭਰ ਦੀਆਂ ਡਵੀਜਨਾਂ ਵਿੱਚ ਅੱਜ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਲੁਧਿਆਣਾ ਦੀ ਸੁੰਦਰ ਨਗਰ ਡਵੀਜ਼ਨ ਦੇ ਗੇਟ ਉੱਤੇ ਹੋਈ ਸਾਂਝੀ ਰੋਸ ਰੈਲੀ ਤੋਂ ਬਾਅਦ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਦੀ ਅਰਥੀ ਫੂਕੀ ਗਈ।
ਜਿਸ ਬਾਰੇ ਜਾਣਕਾਰੀ ਦਿੰਦਿਆਂ ਟੀਐਸਯੂ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਰਾਮਗੜ੍ਹ ਅਤੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੈਨਸ਼ਨਰਜ ਯੂਨੀਅਨ ਅਤੇ ਗਰਿੱਡ ਯੂਨੀਅਨ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਦਾ ਸੱਦਾ ਦਿੱਤਾ ਗਿਆ ਜਿਸ ਦੀ ਕੜੀ ਤਹਿਤ ਅੱਜ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਾਰੇ ਬਿਜਲੀ ਕਾਮੇਂ ਪਹਿਲਾਂ ਹੀ ਵਰਕ ਟੂ ਰੂਲ ਤਹਿਤ ਕੰਮ ਕਰ ਰਹੇ ਹਨ ਅਤੇ ਅਗਲੇ ਸੰਘਰਸ਼ ਤਹਿਤ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜੇਕਰ ਫੇਰ ਵੀ ਮੰਨੀਆਂ ਹੋਈਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾਂਦੇ ਤਾਂ 11, 12 ਅਤੇ 13 ਅਗਸਤ ਨੂੰ ਪੰਜਾਬ ਭਰ ਦੇ ਸਾਰੇ ਬਿਜਲੀ ਕਾਮੇਂ ਸਮੂਹਿਕ ਛੁੱਟੀ ਤੇ ਚਲੇ ਜਾਣਗੇ। ਉਨ੍ਹਾਂ ਦੱਸਿਆ ਕਿ ਔਜਾਰ ਛੱਡੋ ਕਲਮ ਛੱਡੋ ਭਾਵ ਸਮੂਹਿਕ ਛੁੱਟੀ ਤੇ ਜਾਣ ਦਾ ਇਹ ਸੰਘਰਸ਼ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ।
ਇਸ ਮੌਕੇ ਧਰਮਿੰਦਰ, ਗੌਰਵ ਕੁਮਾਰ, ਕੁਲਵੀਰ ਸਿੰਘ, ਸਰਤਾਜ, ਦੀਪਕ, ਰਾਮਦਾਸ, ਧਰਮਪਾਲ, ਰਮੇਸ਼, ਪ੍ਰਕਾਸ਼, ਕੁਲਦੀਪ ਸਿੰਘ, ਰਾਮ ਅਵਧ, ਬਹਾਦਰ ਸਿੰਘ, ਕਮਲਦੀਪ ਰਣੀਆ, ਰਾਕੇਸ਼, ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਮਹਿਲਾ ਕਰਮਚਾਰੀ ਹਾਜਰ ਸਨ।

