Punjab News: ਪੰਜਾਬ ਸਰਕਾਰ ਨਾਲ ਮੀਟਿੰਗ ਰੱਦ ਹੋਣ ਤੋਂ ਭੜਕੇ ਬੇਰੁਜ਼ਗਾਰਾਂ ਨੇ ਕੀਤਾ ਰੋਡ ਜਾਮ
ਪਟਿਆਲਾ :
ਪਾਵਰਕਾਮ ਅਪ੍ਰੈਂਟਿਸ ਟ੍ਰੇਨਿੰਗ ਪਾਸ ਯੂਨੀਅਨ 1500 ਪੰਜਾਬ ਦੀ ਅਗਵਾਈ ਹੇਠ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਲਗਾਇਆ ਧਰਨਾ ਵੀਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੀ 25 ਨਵੰਬਰ ਨੂੰ ਬਿਜਲੀ ਮੰਤਰੀ ਤੇ ਮੈਨੇਜਮੈਂਟ ਨਾਲ ਪੈਨਲ ਮੀਟਿੰਗ ਕਰਵਾਉਣ ਲਈ ਦਿੱਤੇ ਸਮੇਂ ’ਤੇ ਮੀਟਿੰਗ ਰੱਦ ਹੋਣ ਤੋਂ ਉਕਤ ਧਰਨਾਕਾਰੀ ਭੜਕ ਉੱਠੇ ’ਤੇ ਪਾਵਰਕਾਮ ਦੇ ਮੁੱਖ ਗੇਟ ਸਾਹਮਣੇ ਵਾਲੀ ਸੜਕ ਜਾਮ ਕਰਕੇ ਰੋਹ ਭਰਭੂਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨ ਲੜਕੇ ਤੇ ਲੜਕੀਆਂ ਰੋਸ ਧਰਨੇ ’ਚ ਸ਼ਾਮਲ ਸਨ।
ਧਰਨਾਕਾਰੀ ਨੌਜਵਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਨਾ ਚਿਰ ਉਹ ਧਰਨਾ ਨਹੀਂ ਚੁੱਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਪੀਐੱਸਪੀਸੀਐੱਲ ਤੋਂ ਇਕ ਸਾਲ ਦੀ ਲਾਈਨਮੈਨ ਟਰੇਡ ਵਿਚ ਅਪ੍ਰੈਂਟਿਸ (ਟ੍ਰੇਨਿੰਗ) ਕੀਤੀ ਹੋਈ ਹੈ। ਸਾਡੇ ਕਾਫੀ ਸਾਥੀ ਉਮਰ ਸੀਮਾ ਤੋਂ ਲੰਘ ਰਹੇ ਹਨ। ਯੂਨੀਅਨ ਵੱਲੋਂ ਕਾਫੀ ਲੰਮੇ ਸਮੇਂ ਤੋਂ ਪੋਸਟਾਂ ਕੱਢਣ ਦੀ ਮੰਗ ਕੀਤੀ ਜਾਂ ਰਹੀਂ ਹੈ।
ਜਿਸ ਦੇ ਸਬੰਧ ਵਿਚ ਯੂਨੀਅਨ ਵਲੋ ਮੈਨੇਜਮੈਂਟ ਨਾਲ ਪੰਜ ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਤੇ ਪੋਸਟਾਂ ਜਲਦ ਕੱਢਣ ਦੀ ਗੱਲ ਕੀਤੀ ਗਈ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਮੰਗ ਪੂਰੀ ਨਹੀਂ ਹੋਈ। ਜਿਸ ਦੇ ਸਬੰਧ ’ਚ ਅਪ੍ਰੈਂਟਿਸ ਪਾਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਸੋਮਵਾਰ (25 ਨਵੰਬਰ) ਤੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਸੜਕ ਦੀ ਸਾਈਡ ’ਤੇ ਬੈਠ ਕੇ ਰੋਸ ਧਰਨਾ ਸ਼ੁਰੂ ਕੀਤਾ ਹੋਇਆ ਸੀ ਤੇ 28 ਨਵੰਬਰ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਦਿੱਤੀ ਗਈ ਸੀ ਪਰ ਜਦੋਂ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸਿਵਲ ਸਕੱਤਰੇਤ ਪੰਜਾਬ ਪਹੁੰਚ ਕੀਤੀ ਗਈ ਤਾਂ ਉੱਥੇ ਯੂਨੀਅਨ ਦੇ ਮੈਬਰਾ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ।
ਜਿਸਦੇ ਰੋਸ ਵਜੋਂ ਯੂਨੀਅਨ ਦੇ ਸਾਥੀਆਂ ਵਲੋਂ ਪਾਵਰਕਾਮ ਦੇ ਹੈੱਡ ਆਫਿਸ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਰਵੱਈਏ ਤੋਂ ਦੁਖੀ ਹੋ ਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਸਮਾਂ 5500 ਸਹਾਇਕ ਲਾਈਨਮੈਨਾਂ ਦੀ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਓਨੀ ਦੇਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਚਲਦਾ ਰਹੇਗਾ।