ਕੀ ਭਾਰਤ ‘ਚ TikTok ਤੋਂ ਬੈਨ ਹਟਿਆ, ਮੁੜ ਚੱਲੇਗਾ? ਪੜ੍ਹੋ ਵਾਇਰਲ ਖ਼ਬਰ ਦੀ ਸਚਾਈ
TikTok News –
ਭਾਰਤ ਸਰਕਾਰ ਨੇ ਚੀਨੀ ਛੋਟੇ ਵੀਡੀਓ ਸ਼ੇਅਰਿੰਗ ਪਲੇਟਫਾਰਮ TikTok ਨੂੰ ਅਨਬਲੌਕ ਨਹੀਂ ਕੀਤਾ ਹੈ ਅਤੇ ਨਾ ਹੀ ਅਜਿਹਾ ਕਰਨ ਦਾ ਕੋਈ ਆਦੇਸ਼ ਜਾਰੀ ਕੀਤਾ ਗਿਆ ਹੈ।
ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ TikTok ਨੂੰ ਅਨਬਲੌਕ ਕੀਤੇ ਜਾਣ ਦੀ ਖ਼ਬਰ ਝੂਠੀ ਅਤੇ ਗੁੰਮਰਾਹਕੁੰਨ ਹੈ। ਭਾਰਤੀਆਂ ਨੂੰ ਕਿਸੇ ਵੀ ਅਫਵਾਹ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਇਹ ਸਪੱਸ਼ਟੀਕਰਨ ਉਦੋਂ ਦਿੱਤਾ ਗਿਆ ਹੈ ਜਦੋਂ ਖ਼ਬਰਾਂ ਆਈਆਂ ਸਨ ਕਿ ਉਪਭੋਗਤਾ ਹੁਣ TikTok ਵੈੱਬਸਾਈਟ ਅਤੇ ਮੋਬਾਈਲ ਐਪ ਦੀ ਵਰਤੋਂ ਕਰ ਸਕਦੇ ਹਨ।
ਪਰ ਉਹ ਲੌਗਇਨ ਕਰਨ ਵਿੱਚ ਅਸਮਰੱਥ ਸਨ, ਕਿਉਂਕਿ TikTok ਐਪ ਸਟੋਰ ‘ਤੇ ਨਹੀਂ ਸੀ। ਜਿਕਰਯੋਗ ਹੈ ਕਿ ਸਾਲ 2020 ਵਿੱਚ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੇ ਸੈਨਿਕਾਂ ਵਿਚਕਾਰ ਹਿੰਸਕ ਝੜਪ ਹੋਈ ਸੀ।
ਇਸ ਘਟਨਾ ਤੋਂ ਬਾਅਦ, ਦੇਸ਼ ਦੀ ਸੁਰੱਖਿਆ ਲਈ ਖਤਰੇ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਭਾਰਤ ਵਿੱਚ ਚੀਨੀ ਐਪਸ TikTok, WeChat ਅਤੇ Helo ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਪਿਛਲੇ 5 ਸਾਲਾਂ ਤੋਂ ਲਾਗੂ ਹੈ।
ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਭਾਰਤ ਅਤੇ ਚੀਨ ਦੇ ਸਬੰਧ ਸੁਧਰ ਰਹੇ ਹਨ। ਲਿਪੁਲੇਖ ਦੱਰੇ, ਸ਼ਿਪਕੀ ਲਾ ਦੱਰੇ ਅਤੇ ਨਾਥੂ ਲਾ ਦੱਰੇ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਦੇ ਮੁੜ ਸ਼ੁਰੂ ਹੋਣ ਦੀ ਉਮੀਦ ਹੈ।

