ਪੰਜਾਬ ਦੇ ਬੀਐਡ ਟੈਟ ਪਾਸ ਅਧਿਆਪਕਾਂ ਦਾ ਸਰਕਾਰ ਖਿਲਾਫ਼ ਵਧਿਆ ਰੋਸ, ਫੂਕੇ CM ਮਾਨ ਦੇ ਪੁਤਲੇ
ਬੀਐਡ ਟੈਟ ਪਾਸ ਯੂਨੀਅਨ ਵੱਲੋਂ ਮੀਟਿੰਗਾਂ ਮੁਤਲਵੀ ਕਾਰਨ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਸਰਵਰ ਖੂਈਆਂ
ਬੇਰੁਜ਼ਗਾਰ ਬੀ ਐਡ ਟੈਟ ਪਾਸ ਯੂਨੀਅਨ ਵੱਲੋਂ ਸਰਵਰ ਖੂਈਆਂ ਵਿਖ਼ੇ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਸੂਬਾ ਪ੍ਰਧਾਨ ਜਸਵੰਤ ਘੁਬਾਇਆ ਅਤੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਹਰ ਸਟੇਜ ਤੋਂ ਬੋਲਦੇ ਹਨ ਕਿ ਉਹਨਾਂ ਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਆਈ ਹੈ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਹਰੇ ਪੈੱਨ ਨਾਲ ਰੁਜ਼ਗਾਰ ਦੇਣਾ ਸਰਕਾਰ ਵੱਲੋਂ ਪਹਿਲ ਹੈ। ਪਰ ਦੁੱਖ ਦੀ ਗੱਲ ਹੈ ਕਿ ਸਾਢੇ ਤਿੰਨ ਸਾਲਾਂ ਤੋਂ ਮਾਸਟਰ ਕੇਡਰ ਤੇ ਲੈਕਚਰਾਰ ਦੀ ਇੱਕ ਵੀ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਗਿਆ, ਸਬ ਕਮੇਟੀ ਅਤੇ ਸਿੱਖਿਆ ਮੰਤਰੀ ਮੀਟਿੰਗਾਂ ਕਰਨ ਤੋਂ ਭੱਜ ਰਹੇ ਹਨ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਉਹਨਾਂ ਬੀਤੇ ਸਾਢੇ ਤਿੰਨ ਸਾਲਾਂ ਤੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਟਾਲਿਆ ਗਿਆ ਹੈ। ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਸਰਕਾਰ ਨਾਲ ਲੜ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਅਨੇਕਾਂ ਮੀਟਿੰਗਾਂ ਰੱਦ ਕਰ ਚੁੱਕੇ ਹਨ, ਜਿਸਦੇ ਰੋਸ ਵਜੋਂ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਮੀਟਿੰਗਾਂ ਦੇ ਝੂਠੇ ਲਾਰਿਆਂ ਵਾਲੇ ਪੱਤਰ ਫੂਕ ਕੇ ਰੋਸ ਜ਼ਾਹਿਰ ਕੀਤਾ।
ਆਗੂਆਂ ਨੇ ਮੰਗ ਕੀਤੀ ਕਿ ਮੀਟਿੰਗਾਂ ਮੁਲਤਵੀ ਨਾ ਕੀਤੀਆਂ ਜਾਣ ਅਤੇ ਉਹਨਾਂ ਦੀਆਂ ਭਖਦੀਆਂ ਮੰਗਾਂ 55% ਰੱਦ ਕਰਕੇ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀ ਵੱਡੀ ਭਰਤੀ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਵੱਡੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਸਿੱਖਿਆ ਦੀਆਂ ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਵਿੱਚ ਵਾਧਾ ਕੀਤਾ ਜਾਵੇ।
ਆਗੂਆਂ ਨੇ ਇਹ ਵੀ ਕਿਹਾ ਕਿ ਸਾਰੀਆਂ ਤਰੱਕੀਆਂ (Promotions) ਬਿਨਾਂ ਕਿਸੇ ਟੈਸਟ ਤੋਂ ਕੀਤੀਆਂ ਜਾ ਰਹੀਆਂ ਹਨ, ਜਦਕਿ ਪੰਜਾਬ ਰਿਕਰੂਟਮੈਂਟ ਰੂਲਜ਼ ਵਿੱਚ ਸਾਫ਼ ਲਿਖਿਆ ਹੈ ਕਿ ਅਧਿਆਪਕ ਦਾ ਟੈਸਟ ਪਾਸ ਹੋਣਾ ਲਾਜ਼ਮੀ ਹੈ। ਅਸੀਂ ਖੁਦ ਟੈਸਟ ਪਾਸ ਹਾਂ ਅਤੇ ਅਗਲੇ ਕਿਸੇ ਵੀ ਟੈਸਟ ਲਈ ਤਿਆਰ ਹਾਂ।
ਇਸ ਤੋਂ ਇਲਾਵਾ, ਬਾਰਡਰ ਏਰੀਆ ਕੇਡਰ (ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ) ਅਤੇ ਜਨਰਲ ਕੇਡਰ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਹਨ, ਉਹਨਾਂ ਦੀ ਪੂਰੀ ਗਿਣਤੀ ਸਮੇਤ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਆਗੂਆਂ ਪਬਲਾਕ ਪ੍ਰਧਾਨ ਪ੍ਰੇਮ ਲੀਂਬਾ, ਵਿਕਰਮ, ਅਨਮੋਲ, ਸਾਗਰ, ਅਜੇ, ਨਰਿੰਦਰ, ਮੋਨੂ,ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਅਗਲੀ ਰਣਨੀਤੀ ਤਹਿਤ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਗੇ।

