ਹੜ੍ਹਾਂ ਕਾਰਨ ਤਬਾਹੀ; ਮੌਤ ਨੂੰ ਮਖੌਲ ਕਰ ਰਹੇ ਨੇ ‘ਆਪ-ਦੇ-ਅਜ਼ੀਜ਼’, ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜੇ ‘ਵੱਡੇ ਵਜ਼ੀਰ’
ਹੜ੍ਹਾਂ ਕਾਰਨ ਤਬਾਹੀ: ਹੜ੍ਹਾਂ ਅਤੇ ਜੰਗਾਂ ਦੇ ਮਾਹੌਲ ਦਾ ਸੰਤਾਪ ਹੰਡਾ ਰਹੇ ਸਰਹੱਦੀ ਲੋਕਾਂ ਨੂੰ ਵਿਸ਼ੇਸ਼ ਪੈਕੇਜ ਦੇਣ ਅਤੇ ਪੱਕਾ ਹੱਲ ਦੱਸਣ ਦੀ ਬਜਾਏ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ!
ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਬੀਓਸੀਡਬਲਯੂ ਤੋਂ ਵਿਸ਼ੇਸ਼ ਰਾਸ਼ੀ ਜਾਰੀ ਕਰਨ ਤੇ ਕਿਰਤ ਮੰਤਰੀ ਘੁੱਟ ਹੀ ਭਰ ਗਏ!
ਫਾਜ਼ਿਲਕਾ (ਪਰਮਜੀਤ ਢਾਬਾਂ)
ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਲੈ ਕੇ ਕਰੀਬ ਅੱਧੀ ਦਰਜਨ ਦੇ ਕਰੀਬ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਮੁਸ਼ਕਿਲਾਂ ਸੁਣਨ ਦੇ ਨਾਂ ‘ਤੇ ਦੌਰੇ ਕੀਤੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਕੱਲ ਤੋਂ ਇਲਾਕੇ ‘ਚ ਵਿਚਰ ਰਹੇ ਹਨ।
ਜਿੱਥੇ ਉਹਨਾਂ ਨੇ ਕੱਲ ਬੇੜੀ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਹਨਾਂ ਨੂੰ ਬਣਦੀ ਸਹਾਇਤਾ ਦੇਣ ਦਾ ਦਾਅਵਾ ਕੀਤਾ ਸੀ, ਉਥੇ ਹੀ ਲੋਕਾਂ ਨੇ ਉਹਨਾਂ ਨੂੰ ਬੇੜੀਆਂ ਤੇ ਪਿਕਨਕ ਮਨਾਉਣ ਦੀ ਗੱਲ ਕਹਿ ਕੇ ਆੜੇ ਹੱਥੀ ਲੈਂਦਿਆ ਕਿਹਾ ਕਿ ਜਦੋਂ ਵੀ ਮੰਤਰੀ ਆ ਰਹੇ ਹਨ ਉਹ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਸੁਣਦੇ, ਸਿਰਫ ਸੱਤਾ ਧਿਰ ਦੇ ਕੁਝ ਹੀ ਆਗੂਆਂ ਨੂੰ ਨਾਲ ਲੈ ਕੇ ਬੇੜੀ ਤੇ ਸਫਰ ਕਰਦੇ ਹਨ।
ਉਹਨਾਂ ਨਾਲ ਇੰਨੀ ਵੱਡੀ ਗਿਣਤੀ ਵਿੱਚ ਗਾਰਦ ਹੁੰਦੀ ਹੈ ਕਿ ਅਸਲ ਹੜ੍ਹ ਪੀੜਿਤ ਲੋਕਾਂ ਦੀ ਗੁਹਾਰ ਸੁਣਨ ਲਈ ਕੋਈ ਤਿਆਰ ਨਹੀਂ। ਸ਼ਾਇਦ ਇਸ ਗੱਲ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਸੌਂਦ ਨੂੰ ਫਾਜ਼ਿਲਕਾ ਦੇ ਡੀਸੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਪੁੱਜੇ ਹੋਏ ਸਨ।
ਸੌਂਦ ਵੱਲੋਂ ਹੜ੍ਹ ਪੀੜਿਤ ਲੋਕਾਂ ਲਈ ਦਿੱਤੀ ਜਾ ਰਹੀ ਖਾਦ ਸਮੱਗਰੀ, ਮੈਡੀਕਲ ਸਹੂਲਤਾਂ ਬਣਾਏ ਕੈਂਪਾਂ ਅਤੇ ਪਸ਼ੂਆਂ ਦੀ ਫੀਡ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਸਰਕਾਰ ਜਦੋਂ ਤੋਂ ਇਹ ਸਮਾਂ ਆਇਆ ਹੈ ਉਸ ਸਮੇਂ ਤੋਂ ਲੋਕਾਂ ਦੇ ਨਾਲ ਖੜੀ ਹੈ।
ਕਿਰਤ ਮੰਤਰੀ ਨੂੰ ਜਦੋਂ ਸਰਹੱਦੀ ਖੇਤਰ ਦੇ ਹੜ੍ਹ ਪੀੜਿਤ ਉਸਾਰੀ ਕਿਰਤੀਆਂ ਨੂੰ ਵਿਸ਼ੇਸ਼ ਸਹਾਇਤਾ ਦੇਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਤੋਂ ਟਾਲਾ ਵੱਟਦਿਆ ਕਿਹਾ ਕਿ ਇਸ ਸਬੰਧੀ ਬਾਅਦ ਵਿੱਚ ਵੱਖਰੀ ਪੀਸੀ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ।
ਜਦੋਂ ਪੱਤਰਕਾਰਾਂ ਨੇ ਦਹਾਕਿਆਂ ਤੋਂ ਹੜਾਂ ਅਤੇ ਜੰਗ ਦੇ ਮਾਹੌਲ ਦਾ ਸੰਤਾਪ ਹੰਢਾ ਰਹੇ ਲੋਕਾਂ ਦੇ ਪੱਕੇ ਹੱਲ ਸਬੰਧੀ ਸਵਾਲ ਕੀਤਾ ਤਾਂ ਉਹਨਾਂ ਨੇ ਕੁਦਰਤ ਦਾ ਕਹਿਰ ਕਹਿ ਕੇ ਟਾਲਾ ਵੱਟਦਿਆਂ ਅਤੇ ਆਪਣੀ ਸਰਕਾਰ ਵੱਲੋਂ ਪੱਕਾ ਪ੍ਰਬੰਧ ਕਰਨ ਤੋਂ ਅਸਮਰਥਾ ਜਾਹਰ ਕੀਤੀ।
ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਰਾਸ਼ਨ,ਪਸ਼ੂਆਂ ਲਈ ਚਾਰਾ ਅਤੇ ਹੋਰ ਸਹੂਲਤ ਨਾ ਦਿੱਤੇ ਜਾਣ ਦੇ ਸਵਾਲ ਤੋਂ ਬਾਅਦ ਮੰਤਰੀ ਸਾਹਿਬ ਨੇ ਪੱਤਰਕਾਰਾਂ ਤੋਂ ਜਲਦੀ ਖਹਿੜਾ ਛੁਡਾਉਣਾ ਹੀ ਮੁਨਾਸਿਬ ਸਮਝਿਆ।

