ਬੱਦਲ ਫਟਣ ਕਾਰਨ ਭਾਰੀ ਤਬਾਹੀ., ਕਈ ਲੋਕਾਂ ਦੀ ਮੌਤ
ਕੁੱਲੂ/ਮੰਡੀ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਨਾਲ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਦਾ ਮੰਜ਼ਰ ਹੈ। ਮੀਂਹ ਨੇ LandSlide ਵਰਗੀਆਂ ਘਟਨਾਵਾਂ ਨੂੰ ਜਨਮ ਦਿੱਤਾ ਹੈ, ਹਜ਼ਾਰਾਂ ਸੜਕਾਂ ਬੰਦ ਹੋ ਗਈਆਂ ਹਨ, ਅਤੇ ਪੇਂਡੂ ਖੇਤਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ, ਜਿਸ ਨਾਲ ਆਮ ਜਨਜੀਵਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ ਹੈ।
ਬੁੱਧਵਾਰ ਸਵੇਰੇ 10:00 ਵਜੇ ਤੱਕ, ਰਾਜ ਭਰ ਵਿੱਚ ਸੱਤ ਰਾਸ਼ਟਰੀ ਰਾਜਮਾਰਗਾਂ ਸਮੇਤ 1,162 ਸੜਕਾਂ ਬੰਦ ਸਨ। ਇਸ ਤੋਂ ਇਲਾਵਾ, 2,477 ਬਿਜਲੀ ਟਰਾਂਸਫਾਰਮਰ ਅਤੇ 720 ਜਲ ਸਪਲਾਈ ਯੋਜਨਾਵਾਂ ਠੱਪ ਹੋ ਗਈਆਂ ਹਨ ।
ਬੰਦ ਸੜਕਾਂ : ਕੁੱਲੂ (204), ਮੰਡੀ (282), ਸ਼ਿਮਲਾ (234), ਸਿਰਮੌਰ (137), ਸੋਲਨ (92), ਕਾਂਗੜਾ (60), ਲਾਹੌਲ-ਸਪੀਤੀ (48), ਅਤੇ ਚੰਬਾ (100+) ।
ਸੁੰਦਰਨਗਰ ਵਿੱਚ ਵਿਨਾਸ਼ਕਾਰੀ Landslide
ਸੁੰਦਰਨਗਰ ਉਪ-ਮੰਡਲ ਦੇ ਜੰਗਮਬਾਗ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਭਿਆਨਕ ਜ਼ਮੀਨ ਖਿਸਕਣ (Landslide) ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਘਰ ਕੁਝ ਹੀ ਸਕਿੰਟਾਂ ਵਿੱਚ ਮਲਬੇ ਹੇਠ ਦੱਬ ਗਏ । ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ, ਇੱਕ ਸਕੂਟਰ ਸਵਾਰ ਅਤੇ ਇੱਕ ਕਾਰ ਚਾਲਕ ਸ਼ਾਮਲ ਹਨ । NDRF ਦੀਆਂ ਟੀਮਾਂ ਨੇ ਛੱਤਾਂ ਨੂੰ ਕੱਟ ਕੇ ਕੁਝ ਪੀੜਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਹੋਰ ਖੇਤਰਾਂ ਵਿੱਚ ਵੀ ਤਬਾਹੀ
1. ਨੇਰ ਘਰਵਾਸੜਾ ਪੰਚਾਇਤ (ਮੰਡੀ): 15 ਘਰ ਨੁਕਸਾਨੇ ਗਏ ਹਨ; ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
2. ਕੁੰਡੂਨੀ ਪਿੰਡ: ਜ਼ਮੀਨ ਦੇ ਲਗਾਤਾਰ ਧਸਣ ਕਾਰਨ ਪਿੰਡ ਨੂੰ ਖਾਲੀ ਕਰਵਾ ਲਿਆ ਗਿਆ ਹੈ।
3. ਕੁੱਲੂ ਅਖਾੜਾ ਬਾਜ਼ਾਰ: ਮੰਗਲਵਾਰ ਦੇਰ ਰਾਤ ਇੱਕ NDRF ਜਵਾਨ ਅਤੇ ਇੱਕ ਕਸ਼ਮੀਰੀ ਮਜ਼ਦੂਰ ਸਮੇਤ ਦੋ ਲੋਕ ਮਲਬੇ ਵਿੱਚ ਫਸ ਗਏ। ਬਚਾਅ ਦਲ ਮੌਕੇ ‘ਤੇ ਮੌਜੂਦ ਹਨ।
ਮਨਾਲੀ-ਕੁੱਲੂ ਲੈਫਟ ਬੈਂਕ ਰੋਡ, ਜੋ ਇੱਕ ਡਿੱਗੇ ਹੋਏ ਦਰੱਖਤ ਕਾਰਨ ਬੰਦ ਹੋ ਗਈ ਸੀ, ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਉਫਨਦੀ ਮਨਾਲਸੂ ਨਦੀ ਵਿੱਚ ਫਸੇ ਇੱਕ ਟੈਂਪੋ ਟਰੈਵਲਰ ਨੂੰ ਵੀ JCB ਦੀ ਮਦਦ ਨਾਲ ਬਚਾ ਲਿਆ ਗਿਆ।
ਸਿੱਖਿਆ ਸੰਸਥਾਵਾਂ ਬੰਦ, ‘ਔਰੇਂਜ ਅਲਰਟ’ ਜਾਰੀ
ਸ਼ਿਮਲਾ, ਸੋਲਨ, ਸਿਰਮੌਰ, ਕਾਂਗੜਾ, ਬਿਲਾਸਪੁਰ ਅਤੇ ਕੁੱਲੂ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਿੱਖਿਆ ਸੰਸਥਾਵਾਂ ਬੰਦ ਰਹੀਆਂ। ਮੌਸਮ ਵਿਭਾਗ ਨੇ 9 ਸਤੰਬਰ ਤੱਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਲਈ ‘ਔਰੇਂਜ ਅਲਰਟ’ (Orange Alert) ਜਾਰੀ ਕੀਤਾ ਹੈ । ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਿਸ਼ ਨੈਣਾ ਦੇਵੀ (136 ਮਿਲੀਮੀਟਰ) ਵਿੱਚ ਦਰਜ ਕੀਤੀ ਗਈ।
ਮਾਨਸੂਨ ਵਿੱਚ ਭਾਰੀ ਨੁਕਸਾਨ
20 ਜੂਨ ਤੋਂ ਹੁਣ ਤੱਕ ਇਸ ਮਾਨਸੂਨ ਵਿੱਚ 341 ਲੋਕਾਂ ਦੀ ਜਾਨ ਜਾ ਚੁੱਕੀ ਹੈ, 389 ਜ਼ਖਮੀ ਹੋਏ ਹਨ, ਅਤੇ 41 ਲੋਕ ਲਾਪਤਾ ਹਨ । ਸੰਪਤੀ ਦਾ ਅਨੁਮਾਨਿਤ ਨੁਕਸਾਨ ₹3,52,541.58 ਲੱਖ ਤੋਂ ਵੱਧ ਦਾ ਹੈ। ਹੜ੍ਹ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਲਗਭਗ 5,000 ਘਰ ਅਤੇ ਦੁਕਾਨਾਂ, 4,008 ਗਊਸ਼ਾਲਾਵਾਂ ਅਤੇ 1,912 ਪਸ਼ੂ ਨਸ਼ਟ ਹੋ ਗਏ ਹਨ।

