Punjab Flood: ਹੜਾਂ ‘ਚ ਘਿਰੇ ਪਿੰਡ ਚੱਕ ਖੀਵਾ ਲਈ ਫ਼ਰਿਸ਼ਤਾ ਬਣੀ ਸਿਹਤ ਵਿਭਾਗ ਦੀ ਟੀਮ

All Latest NewsNews FlashPunjab News

 

ਹੜ੍ਹਾਂ ਦੀ ਮਾਰ ਝੱਲ ਰਹੀ ਇੱਕ ਗਰਭਵਤੀ ਔਰਤ ਦਾ ਕੀਤਾ ਸੁਰੱਖਿਅਤ ਰੈਸਕਿਉ

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਭੇਜਿਆ ਜਣੇਪੇ ਲਈ

ਫਾਜ਼ਿਲਕਾ

ਭਾਰਤ ਪਾਕ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਦੇ ਨੇੜਲੇ ਪਿੰਡ ਚੱਕ ਖੀਵਾ ਦੀ ਸੰਤੋਸ਼ ਰਾਣੀ ਪਤਨੀ ਸੁਖਵਿੰਦਰ ਸਿੰਘ ਲਈ ਸਿਹਤ ਵਿਭਾਗ ਦੇ ਬਲਾਕ ਜੰਡਵਾਲਾ ਭੀਮੇਸ਼ਾਹ ਦੀ ਟੀਮ ਫ਼ਰਿਸ਼ਤਾ ਬਣ ਕੇ ਪਹੁੰਚੀ। ਹੜ੍ਹਾਂ ਦੇ ਇਨ੍ਹਾਂ ਮਾੜੇ ਹਾਲਾਤਾਂ ਵਿਚ ਪਰਿਵਾਰ ਪ੍ਰੇਸ਼ਾਨ ਸੀ ਕਿ ਸੰਤੋਸ਼ ਰਾਣੀ ਦਾ ਜਣੇਪਾ ਜਿਸਦੀ ਤਰੀਕ ਬਹੁਤ ਨੇੜੇ ਹੈ, ਕਿਵੇ ਹੋਏਗਾ। ਪਰਿਵਾਰ ਦੀ ਪ੍ਰੇਸ਼ਾਨੀ ਖ਼ਤਮ ਕੀਤੀ ਸਿਹਤ ਵਿਭਾਗ ਦੀ ਟੀਮ ਨੇ, ਉਨਾਂ ਸੰਤੋਸ਼ ਰਾਣੀ ਦਾ ਮੁਢਲਾ ਚੈਕਅਪ ਕਰਕੇ ਉਸਨੂੰ ਡਿਲੀਵਰੀ ਲਈ ਸੁਰੱਖਿਅਤ ਰੇਸਕਿਊ ਕੀਤਾ ਤੇ 108 ਐਮਬੂਲੈਂਸ ਦੀ ਮੱਦਦ ਨਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਭੇਜਿਆ।
ਜਿਕਰਯੋਗ ਹੈ ਕਿ ਸਰਹੱਦਾਂ ਤੇ ਵਸੇ ਹੋਣ ਕਾਰਨ ਕਦੇ ਜੰਗ ਅਤੇ ਕਦੇ ਹੜ੍ਹ ਵਰਗੀਆਂ ਕੁਦਰਤੀ ਕਰੋਪੀਆ ਦਾ ਸਾਹਮਣਾ ਕਰਨ ਵਾਲੇ ਇੱਥੋ ਦੇ ਲੋਕਾਂ ਨੂੰ ਇਕ ਵਾਰ ਫਿਰ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਾਰਨ ਆਰਥਿੱਕ ਪੱਖੋਂ ਵੀ ਹੋਲੇ ਹੋ ਗਏ ਹਨ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਵਲੋ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੇ ਪਰਿਵਾਰਾ ਨੂੰ ਮਰਹਮ ਲਾਉਣ ਦਾ ਕੰਮ ਕੀਤਾ ਹੈ ਤਾਂਕਿ ਉਹਨਾਂ ਦਾ ਦਰਦ ਘੱਟ ਹੋ ਸਕੇ ਅਤੇ ਵਿਭਾਗ ਦੇ ਅਧਿਕਾਰੀਆ ਤੋ ਲੈ ਕੇ ਸਟਾਫ ਤੱਕ ਪਰਿਵਾਰਾਂ ਦੇ ਮੋਢਾ ਨਾਲ ਮੋਢਾ ਜੋੜ ਕੇ ਇਸ ਮੁਸ਼ਕਲ ਦੀ ਘੜੀ ਵਿਚ ਸਮੇ ਦਾ ਹਾਣੀ ਬਣੇ ਹੋਏ ਹਨ।

ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਸਹਾਇਕ ਸਿਵਿਲ ਸਰਜਨ ਡਾਕਟਰ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਸਿਹਤ ਵਿਭਾਗ ਨੂੰ ਹੜ੍ਹ ਪੀੜਤਾ ਲਈ ਹਰ ਸੰਭਵ ਮਦਦ ਦੇਣ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਸਕਿਲ ਹਲਾਤਾ ਚੋ ਬਾਹਰ ਕੱਢ ਸੁਰੱਖਿਅਤ ਸਿਹਤ ਕੇਂਦਰ ਵਿੱਚ ਦਾਖਿਲ ਕਰਵਾ ਉਹਨਾਂ ਦਾ ਜਣੇਪਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਬਲਾਕ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਯੋਗ ਅਗਵਾਈ ਵਿਚ ਬਲਾਕ ਦੇ ਪਿੰਡ ਚੱਕ ਖੀਵਾ ਦੀ ਸੰਤੋਸ਼ ਰਾਣੀ ਪਤਨੀ ਸੁਖਵਿੰਦਰ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਰੇਸਕਿਊ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਮਾਹਰ ਡਾਕਟਰਾਂ ਵਲੋਂ ਉਸਦਾ ਮੁਢਲਾ ਇਲਾਜ ਕਰਕੇ ਉਸਦਾ ਜਣੇਪਾ ਕਰਵਾਇਆ ਜਾਏਗਾ।

ਸੰਤੋਸ਼ ਰਾਣੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਨੂੰ ਜਣੇਪਾ ਸੇਵਾਵਾਂ ਇੰਨ੍ਹਾਂ ਹਲਾਤਾ ਵਿੱਚ ਕਿਵੇਂ ਮਿਲਣਗੀਆਂ ਤੇ ਉਹ ਇਲਾਜ ਕਿਵੇਂ ਕਰਵਾਉਣਗੇ ਤੇ ਲੋੜੀਂਦੀਆਂ ਦਵਾਈਆਂ ਤੱਕ ਕਿਵੇਂ ਪਹੁੰਚ ਕਰਨਗੇ ਪਰ ਸਿਹਤ ਵਿਭਾਗ ਦੀ ਮੱਦਦ ਨਾਲ ਸਹਾਇਤਾ ਮਿਲਣੀ ਸ਼ੁਰੂ ਹੋ ਗਈ। ਜਿਸ ਨਾਲ ਸਾਨੂੰ ਵਧੀਆ ਇਲਾਜ ਦੀ ਉਮੀਦ ਦੀ ਕਿਰਨ ਮਿਲੀ।
ਉਹਨਾਂ ਕਿਹਾ ਕਿ ਹੜ੍ਹ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਲਾਗਲੇ ਸਬ ਸੈਂਟਰ ਵਿਖੇ ਏਐਨਸੀ ਜਾਂਚ, ਟੀਕਾਕਰਨ ਲਈ ਕੈਂਪ ਵਿੱਚ ਜਾਂਦੇ ਸਨ ਪਰ ਹੜ੍ਹਾਂ ਨੇ ਸਭ ਕੁਝ ਬਦਲ ਦਿੱਤਾ। ਸਿਹਤ ਵਿਭਾਗ ਨੇ ਉਹਨਾਂ ਦੀ ਪੂਰੀ ਸਾਰ ਲਈ ਹੈ।

ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਕਾਸ ਗਾਂਧੀ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿਚ ਆ ਕੇ ਰਹਿਣਾ ਚਾਹੇ ਤਾਂ ਉਹਨਾਂ ਨੂੰ ਘਰ ਵਰਗਾ ਮਹੋਲ ਅਤੇ ਖਾਣ ਪੀਣ ਦਾ ਧਿਆਨ ਰੱਖਣ ਦੇ ਨਾਲ ਨਾਲ ਪੂਰੀ ਸਿਹਤ ਸਹੂਲਤ ਦਿੱਤੀ ਜਾਵੇਗੀ।

ਡਾ. ਗਾਂਧੀ ਨੇ ਇਹ ਵੀ ਦੱਸਿਆ ਕਿ ਹੜ੍ਹਾਂ ਦੇ ਇਨ੍ਹਾਂ ਹਾਲਾਤਾਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਬਲਾਕ ਜੰਦਵਾਲਾ ਭੀਮੇਸ਼ਾਹ ਅਧੀਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ ਵੱਖ ਥਾਵਾਂ ਤੇ ਰੀਲੀਫ ਕੈਂਪ ਬਣਾ ਕੇ ਲੋਕਾਂ ਨੂੰ 24 ਘੰਟੇ ਸਿਹਤ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ। ਬਲਾਕ ਅਧੀਨ ਪੂਰਾ ਸਟਾਫ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਇਕ ਕਰਕੇ ਮਿਹਨਤ ਕਰ ਰਿਹਾ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੇ ਆਪ ਨੂੰ ਇਕੱਲਾ ਨਾ ਸਮਝਣ, ਸਿਹਤ ਵਿਭਾਗ ਦਾ ਸਮੂਹ ਸਟਾਫ ਉਨ੍ਹਾਂ ਦੇ ਨਾਲ ਹੈ।

ਬਲਾਕ ਦੇ ਮਾਸ ਮੀਡੀਆ ਅਫਸਰ ਹਰਮੀਤ ਸਿੰਘ ਨੇ ਕਿਹਾ ਕਿ ਚੱਕ ਖੀਵਾ ਦੀ ਸੰਤੋਸ਼ ਰਾਣੀ ਦਾ ਸਫਲ ਰੈਸਕਿਉ ਕਰਨ ਵਿਚ ਘੁਬਾਇਆ ਦੇ ਐਚਡਬਲਯੂਸੀ ਦੇ ਸੀਐਚਓ ਮੈਡਮ ਰਜਨੀ, ਮਲਟੀਪਰਪਜ਼ ਹੈਲਥ ਵਰਕਰ ਅਮਿਤ ਕੁਮਾਰ, ਏਐਨਐਮ ਅਮਿਤ ਕੁਮਾਰ ਜਸਵਿੰਦਰ ਕੌਰ, ਕਿਰਨ ਰਾਣੀ ਤੇ ਸਬੰਧਿਤ ਪਿੰਡ ਦੀਆਂ ਆਸ਼ਾ ਵਰਕਰਾਂ ਦਾ ਪੂਰਾ ਸਹਿਯੋਗ ਰਿਹਾ।

 

Media PBN Staff

Media PBN Staff

Leave a Reply

Your email address will not be published. Required fields are marked *