ਅਧਿਆਪਕ ਦਿਵਸ: ਹੜ੍ਹ ਪੀੜਤਾਂ ਦੇ ਹੱਕ ‘ਚ ਡਟੇ ਅਧਿਆਪਕ
ਡੀਟੀਐੱਫ ਦੇ ਸੱਦੇ ‘ਤੇ ਅਧਿਆਪਕਾਂ ਨੇ ਹੜ੍ਹ ਪੀੜਤਾਂ ਲਈ ਸਾਢੇ ਛੱਬੀ ਲੱਖ ਰੁਪਏ ਸਹਾਇਤਾ ਰਾਸ਼ੀ ਇਕੱਤਰ ਕੀਤੀ
ਡੀਟੀਐੱਫ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਦੀ ਬਾਂਹ ਫੜਨ ਦੀ ਕੀਤੀ ਮੰਗ
ਚੰਡੀਗੜ੍ਹ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਆਪਣੀਆਂ ਵਿਭਾਗੀ ਅਤੇ ਆਰਥਿਕ ਮੰਗਾਂ ਲਈ ਚੱਲ ਰਹੀਆਂ ਸੰਘਰਸ਼ੀ ਸਰਗਰਮੀਆਂ ਨੂੰ ਠੱਲ੍ਹ ਪਾਉਂਦਿਆਂ ਅਧਿਆਪਕ ਦੇ ਸਮਾਜਿਕ ਰੋਲ ਨੂੰ ਪਹਿਲ ਦਿੰਦਿਆਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ‘ਸੰਘਰਸ਼ ਵੀ ਸੇਵਾ ਵੀ’ ਦਾ ਨਾਅਰਾ ਦਿੰਦਿਆਂ ਹੜ੍ਹ ਪੀੜਤਾਂ ਦੇ ਹੱਕ ਵਿੱਚ ਡਟਣ ਦਾ ਫੈਸਲਾ ਕੀਤਾ ਹੈ। ਜਿੱਥੇ ਪਿਛਲੇ ਸਮੇਂ ਵਿੱਚ ਡੀ ਟੀ ਐੱਫ ਅਧਿਆਪਕ ਮੰਗਾਂ ਲਈ ਸੰਘਰਸ਼ ਦੇ ਰਾਹ ਤੇ ਚੱਲਦੀ ਰਹੀ ਹੈ, ਹੁਣ ਹੜ੍ਹਾਂ ਕਾਰਨ ਆਈ ਬਿਪਤਾ ਦੇ ਮੌਕੇ ਜੱਥੇਬੰਦੀ ਨੇ ਪੀੜਤ ਲੋਕਾਂ ਦੀ ਸੇਵਾ ਲਈ ਹਾਜ਼ਰ ਹੁੰਦਿਆਂ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਹੜ੍ਹ ਪੀੜਤਾਂ ਲਈ ਫੰਡ ਦੇਣ ਦਾ ਸੱਦਾ ਦਿੱਤਾ।
ਡੀ ਟੀ ਐੱਫ ਦੇ ਇਸ ਸੱਦੇ ਤਹਿਤ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਰਾਹੀਂ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਗਈ 26,50,555/- ਰੁਪਏ ਸਹਾਇਤਾ ਰਾਸ਼ੀ ਦੀ ਵਰਤੋਂ ਬਾਰੇ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸ ਰਾਸ਼ੀ ਨੂੰ ਜੱਥੇਬੰਦਕ ਢਾਂਚੇ ਰਾਹੀਂ ਅਸਲ ਹੜ੍ਹ ਪੀੜਤਾਂ ਤੱਕ ਉਨ੍ਹਾਂ ਦੀਆਂ ਲੋੜਾਂ ਦੇ ਅਨੁਸਾਰ ਪੁੱਜਦਾ ਕੀਤਾ ਜਾਵੇਗਾ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਵਿੱਤ ਸਕੱਤਰ ਹਰਿੰਦਰ ਦੁਸਾਂਝ ਨੇ ਦੱਸਿਆ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਫੈਡਰੇਸ਼ਨ ਨਾਲ ਸਬੰਧਤ ਜੱਥੇਬੰਦੀਆਂ ਨੇ ਵੀ ਇਸ ਫੰਡ ਇਕੱਤਰਤਾ ਵਿੱਚ ਸਹਿਯੋਗ ਦਿੱਤਾ ਹੈ ਅਤੇ 2-3 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਤੋਂ ਡੀ ਐੱਮ ਐੱਫ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੁਣਵਾਈ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜੇ ਹਨ।
ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਬੇਅੰਤ ਸਿੰਘ ਫੂਲੇਵਾਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ ਨੇ ਦੱਸਿਆ ਕਿ ਜੱਥੇਬੰਦੀ ਦੇ ਫੈਸਲੇ ਅਨੁਸਾਰ ਅਧਿਆਪਕ ਦਿਵਸ ਮੌਕੇ 5 ਅਤੇ 6 ਸਤੰਬਰ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਹੋਰ ਜ਼ਿਲਿਆਂ ਵਿੱਚ ਪੀੜਤ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ, ਜਿਸ ਤਹਿਤ ਉਨ੍ਹਾਂ ਦੀਆਂ ਮੁਸਕਲਾਂ ਜਾਣਦੇ ਹੋਏ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।
ਇਸ ਸਹਾਇਤਾ ਤਹਿਤ ਘਰਾਂ ਲਈ ਰਾਸ਼ਨ ਅਤੇ ਦਵਾਈਆਂ, ਬੱਚਿਆਂ ਲਈ ਡਾਇਪਰ, ਸਕੂਲੀ ਵਿਦਿਆਰਥੀਆਂ ਲਈ ਕਾਪੀਆਂ, ਕਿਤਾਬਾਂ, ਕੱਪੜੇ, ਬੂਟ ਆਦਿ, ਔਰਤਾਂ ਲਈ ਸੈਨੇਟਰੀ ਨੈਪਕਿਨ ਆਦਿ ਅਤੇ ਪਸ਼ੂਆਂ ਲਈ ਚਾਰਾ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਾਰੇ ਕੰਮ ਦੀ ਯੋਜਨਾਬੰਦੀ ਅਤੇ ਨਿਗਰਾਨੀ ਲਈ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਵਿਚ ਅਸ਼ਵਨੀ ਅਵਸਥੀ, ਕੁਲਵਿੰਦਰ ਜੋਸ਼ਨ ਅਤੇ ਤੇਜਿੰਦਰ ਕਪੂਰਥਲਾ ਸਹਿਯੋਗ ਕਰਨਗੇ।
ਇਸ ਕਮੇਟੀ ਦੀ ਅਗਵਾਈ ਹੇਠ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਅਤੇ ਗੁਰਦਾਸਪੁਰ ਵਿਖੇ ਜੱਥਬੰਦਕ ਢਾਂਚੇ ਦੀ ਵਰਤੋਂ ਕਰਦਿਆਂ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਫਾਜ਼ਿਲਕਾ ਵਿਖੇ ਰਾਸ਼ਨ ਇਕੱਤਰ ਅਤੇ ਹੋਰ ਸੇਵਾਵਾਂ ਲਈ ਕੇਂਦਰ ਸਥਾਪਤ ਕੀਤਾ ਗਿਆ ਹੈ, ਫਿਰੋਜ਼ਪੁਰ ਵਿੱਚ ਪੀੜਤ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਕਪੂਰਥਲਾ ਵਿਖੇ ਬੰਨ ਉੱਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਜੱਥਬੰਦਕ ਢਾਂਚੇ ਰਾਹੀਂ ਪੀੜਤਾਂ ਤੱਕ ਪਹੁੰਚ ਕਰਕੇ ਸਹਾਇਤਾ ਕੀਤੀ ਜਾਵੇਗੀ ਅਤੇ ਇਹ ਕੰਮ ਪਾਣੀ ਉੱਤਰ ਜਾਣ ਤੋਂ ਬਾਅਦ ਪੈਦਾ ਹੋਣ ਸਮੱਸਿਆਵਾਂ ਦੇ ਹੱਲ ਲਈ ਵੀ ਜਾਰੀ ਰੱਖਿਆ ਜਾਵੇਗਾ।
ਡੀ ਟੀ ਐੱਫ ਵੱਲੋਂ 20 ਜ਼ਿਲ੍ਹਿਆਂ ਵਿੱਚੋਂ ਫੰਡ ਇਕੱਤਰਤਾ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਔਜਲਾ, ਪਵਨ ਕੁਮਾਰ ਮੁਕਤਸਰ, ਸੁਖਦੇਵ ਡਾਨਸੀਵਾਲ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ ਫਾਜ਼ਿਲਕਾ, ਹਰਵਿੰਦਰ ਰੱਖੜਾ, ਹਰਵਿੰਦਰ ਅੱਲੂਵਾਲ, ਸੁਖਵਿੰਦਰ ਗਿਰ, ਵਿਕਰਮਜੀਤ ਮਾਲੇਰਕੋਟਲਾ, ਜਤਿੰਦਰ ਸਿੰਘ, ਰਮਨਜੀਤ ਸੰਧੂ, ਮਲਕੀਤ ਹਰਾਜ, ਅਮੋਲਕ ਡੇਲੂਆਣਾ, ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ ਹੈ।

