ਅਹਿਮ ਖ਼ਬਰ: 3704 ਅਧਿਆਪਕਾਂ ਵੱਲੋਂ ਡੀ.ਪੀ.ਆਈ ਦਫ਼ਤਰ ਵਿਖੇ ਪੱਕਾ ਅੱਗੇ ਪੱਕਾ ਮੋਰਚਾ ਜਾਰੀ
Punjab News: ਕੋਰਟ ਵਿੱਚ ਦਿਤੀਆਂ ਫਿਕਸੇਸਨਾਂ ਅਨੁਸਾਰ ਸਾਰੇ ਜ਼ਿਲ੍ਹਿਆਂ ਦੀ ਤਨਖ਼ਾਹ ਜਾਰੀ ਨਾ ਹੋਣ ਤੱਕ ਧਰਨਾ ਰਹੇਗਾ ਜਾਰੀ
Punjab News: 3704 ਅਧਿਆਪਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੇਅ ਸਕੇਲ ਹਾਸਿਲ ਕਰਨ ਲਈ ਕਾਨੂੰਨੀ ਲੜਾਈ ਲੜ ਕੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਸਿੱਖਿਆ ਵਿਭਾਗ ਪੰਜਾਬ ਪੇਅ ਸਕੇਲ ਜ਼ਮੀਨੀ ਰੂਪ ਵਿੱਚ ਲਾਗੂ ਕਰ ਸਭ ਜ਼ਿਲ੍ਹਿਆਂ ਦੀ ਬਣਦੀ ਤਨਖ਼ਾਹ ਜਾਰੀ ਨਹੀਂ ਕਰ ਰਿਹਾ।
3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਡੀ.ਪੀ.ਆਈ ਦਫ਼ਤਰ ਦੇ ਸਾਹਮਣੇ ਇਸ ਸੰਬੰਧੀ ਆਪਣਾ ਵਿਰੋਧ ਜਤਾਉਣ ਲਈ 3704 ਅਧਿਆਪਕਾਂ ਦੇ ਲਗਭਗ 2500 ਅਧਿਆਪਕਾਂ ਨੇ ਪੱਕਾ ਮੋਰਚਾ ਗੱਡ ਦਿੱਤਾ ਅਤੇ ਪਿਛਲੇ ਸੱਤ ਦਿਨਾਂ ਤੋਂ ਵਰਦੇ ਮੀਂਹ ਵਿੱਚ ਵੀ ਦਿਨ-ਰਾਤ ਆਪਣਾ ਵਿਰੋਧ ਜਤਾਉਣ ਲਈ ਸਿੱਖਿਆ ਵਿਭਾਗ ਦਾ ਗੇਟ ਮੱਲਿਆ ਹੋਇਆ ਹੈ।
ਇਥੇ ਇਹ ਦੱਸਣਾ ਬਣਦਾ ਹੈ ਕਿ ਕਾਨੂੰਨੀ ਤੌਰ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਗਭਗ 20 ਜ਼ਿਲ੍ਹਿਆਂ ਵਿੱਚ 70% ਤੋਂ ਵੱਧ ਅਧਿਆਪਕਾਂ ਦੀ ਤਨਖ਼ਾਹ ਪੰਜਾਬ ਦੇ ਚੱਲ ਰਹੇ ਛੇਵੇਂ ਪੇਅ ਸਕੇਲ ਅਧੀਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੋ ਰਹੀ ਹੈ। ਪ੍ਰੰਤੂ ਕੁਝ ਜ਼ਿਲੇ ਮਾਨਸਾ, ਸੰਗਰੂਰ, ਬਰਨਾਲਾ ਅਤੇ ਕੁਝ ਕੁ ਹੋਰ ਡੀ.ਡੀ.ਓ ਦੀਆਂ ਆਪਣੀਆਂ ਮਨਮਾਨੀਆਂ ਕਾਰਨ ਗਲਤ ਪੇਅ ਫਿਕਸੇਸ਼ਨ ਕੀਤੀਆਂ ਹਨ ਤੇ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ। ਜਦੋਂ ਕਿ ਡੀ.ਪੀ. ਆਈ (ਸੈ.ਸਿੱ) ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰਵਾਈ।
ਉਹਨਾਂ ਵੱਲੋਂ ਵੀ ਪੰਜਾਬ ਪੇਅ ਸਕੇਲ ਲਾਗੂ ਕਰਨ ਦੇ ਪੂਰਨ ਤੱਥਾਂ ਤੇ ਹਾਮੀ ਭਰਨ ਤੋਂ ਬਾਅਦ ਦੱਸਿਆ ਕਿ ਸਭ ਜ਼ਿਲਿਆਂ ਨੂੰ ਰੂਲਾਂ ਮੁਤਾਬਿਕ ਤਨਖ਼ਾਹ ਦੇਣ ਲਈ ਅਸੀਂ ਪੱਤਰ ਜਾਰੀ ਕਰ ਚੁੱਕੇ ਹਾਂ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਫੋਨ ਕਰਕੇ ਵੀ ਸਹੀ ਤਨਖ਼ਾਹ ਜਾਰੀ ਕਰਨ ਲਈ ਕਹਿ ਚੁੱਕੇ ਹਾਂ,ਇਸ ਸੰਬੰਧੀ ਉਹ ਸੈਕਟਰੀ ਸਿੱਖਿਆ ਵਿਭਾਗ ਦੇ ਨਾਲ ਲਗਾਤਾਰ ਮੀਟਿੰਗਾ ਕਰ ਰਹੇ ਹਨ ਅਤੇ ਤਨਖ਼ਾਹ ਸਹੀ ਫਿਕਸੇਸਨ ਅਨੁਸਾਰ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
ਇਸ ਮੌਕੇ ਆਗੂ ਜੀਵਨਜੋਤ ਸਿੰਘ ਮਾਨਸਾ, ਜਸਵਿੰਦਰ ਸਿੰਘ ਸ਼ਾਹਪੁਰ, ਦਵਿੰਦਰ ਕੁਮਾਰ ਸੰਗਰੂਰ ਅਤੇ ਯਾਦਵਿੰਦਰ ਸਿੰਘ ਮੋਗਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਸਿੱਖਿਆ ਵਿਭਾਗ ਨਾਲ ਮੀਟਿੰਗਾ ਕਰਨ ਤੋਂ ਬਾਅਦ ਅੰਤ ਵਿਚ ਪੱਕਾ ਮੋਰਚਾ ਲਗਾਉਣ ਦਾ ਕਦਮ ਚੁੱਕਿਆ ਗਿਆ ਹੈ।
ਇਹ ਮੋਰਚਾ ਬਣਦੇ ਲਾਭ ਸਭ 3704 ਅਧਿਆਪਕਾਂ ਨੂੰ ਜਾਰੀ ਹੋਣ ਤੱਕ ਜਾਰੀ ਰਹੇਗਾ ਅਤੇ ਜੇਕਰ ਇਸ ਤਰ੍ਹਾਂ ਹੀ ਵਿਭਾਗ ਟਾਲਮਟੋਲ ਕਰਦਾ ਰਿਹਾ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਜਿਸ ਦੇ ਜ਼ਿੰਮੇਵਾਰ ਡੀ.ਪੀ.ਆਈ(ਸੀ.ਸੈ), ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਕੂਲ ਮੁਖੀ ਤੇ ਮੋਹਾਲੀ ਪ੍ਰਸ਼ਾਸਨ ਹੋਵੇਗਾ।

