ਪੰਜਾਬ ਸੂਬਾ ਦੇਸ਼ ਦਾ ਅੰਨਦਾਤਾ! ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਰਾਹਤ ਪੈਕੇਜ ਕਰੇ ਜਾਰੀ: ਕਾਮਰੇਡ ਪੀ ਸੰਦੋਸ਼

All Latest NewsNews FlashPunjab News

 

ਸਰਦ ਰੁੱਤ ਦੇ ਸੈਸ਼ਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਕੋਲ ਹੜ੍ਹਾਂ ਦੀ ਮਾਰ ਚੱਲ ਰਹੇ ਲੋਕਾਂ ਦਾ ਮੁੱਦਾ ਉਠਾਉਣ ਤੇ ਦਿੱਤਾ ਜ਼ੋਰ

ਫਾਜ਼ਿਲਕਾ ( ਰਣਬੀਰ ਕੌਰ ਢਾਬਾਂ)

ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਆਏ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਲੋਕਾਂ ਦੀ ਸਾਰ ਲੈਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਕਾਮਰੇਡ ਪੀ.ਸੰਦੋਸ਼ ਕੇਰਲਾ ਤੋਂ ਆਏ ਅਤੇ ਸਤਲੁਜ ਦਰਿਆ ਤੋਂ ਪਾਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕਾਮਰੇਡ ਸੰਦੋਸ਼ ਨੇ ਸਰਹੱਦੀ ਲੋਕਾਂ ਦਾ ਦਰਦ ਜਾਣ ਕੇ ਹੈਰਾਨੀ ਪ੍ਰਗਟ ਕੀਤੀ ਕਿ ਅਜੇ ਤੱਕ ਵੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਸਰਹੱਦੀ ਲੋਕਾਂ ਲਈ ਵਿਸ਼ੇਸ਼ ਤੌਰ ‘ਤੇ ਆਰਥਿਕ ਸਹਾਇਤਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ।

ਉਨਾਂ ਸਰਹਦੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਲਗਾਤਾਰ ਹੋ ਰਹੇ ਉਜਾੜੇ ਅਤੇ ਡੋਬੇ ਦੇ ਪੱਕੇ ਹੱਲ ਲਈ ਉਹ ਰਾਜ ਸਭਾ ਵਿੱਚ ਮੁੱਦਾ ਉਠਾਉਣਗੇ। ਉਹਨਾਂ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਇਹ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾ ਸਕਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਕਾਮਰੇਡ ਪੀ ਸੰਤੋਸ਼ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਦੇਸ਼ ਨੂੰ ਅੰਨ ਪ੍ਰਦਾਨ ਕਰਦਾ ਹੈ।

ਇਸ ਲਈ ਦੇਸ਼ ਦੀ ਕੇਂਦਰ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਰਾਹਤ ਪੈਕਜ ਐਲਾਨ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਪੰਜਾਬ ਡੁੱਬਦਾ ਹੈ, ਤਾਂ ਪੂਰਾ ਦੇਸ਼ ਪ੍ਰਭਾਵਿਤ ਹੁੰਦਾ ਹੈ। ਅਸੀਂ ਦੇਸ਼ ਵਾਸੀ ਪੰਜਾਬ ਦਾ ਕਦੇ ਵੀ ਕਰਜ਼ਾ ਨਹੀਂ ਮੋੜ ਸਕਦੇ। ਉਹਨਾਂ ਕਿਹਾ ਕਿ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰ ਪਈ ਹੈ,ਇਸ ਲਈ ਲੋਕਾਂ ਦਾ ਹਾਲ ਜਾਣਨ ਆਏ ਹਨ। ਉਹਨਾਂ ਕਿਹਾ ਕਿ ਲੋਕਾਂ ਦਾ ਹਾਲ ਜਾਣ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ,ਪਰੰਤੂ ਇਹ ਹੜ੍ਹਾਂ ਦੀ ਤਬਾਹੀ ਪਹਿਲੀ ਵਾਰ ਨਹੀਂ ਹੋ ਰਹੀ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਦੇ ਮੁਕੰਮਲ ਹੱਲ ਲਈ ਜਰੂਰ ਯੋਜਨਾ ਬੰਦੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਇਹ ਸਮਝਦੀ ਹੈ ਕਿ ਦਰਿਆਵਾਂ ਦੇ ਪਾਣੀਆਂ ਦੀ ਸਾਂਭ-ਸੰਭਾਲ ਅਤੇ ਭੰਡਾਰ ਲਈ ਨੀਤੀ ਬਣਨੀ ਚਾਹੀਦੀ ਹੈ, ਉਹ ਰਾਜ ਸਭਾ ਵਿੱਚ ਇਸ ਗੱਲ ਨੂੰ ਜ਼ੋਰ ਨਾਲ ਉਠਾਉਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਹਾਜ਼ਰ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਡੁੱਬਦੇ ਅਤੇ ਉਜੜਦੇ ਆ ਰਹੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਯੋਜਨਾਬੰਦ ਢੰਗ ਨਾਲ ਬਚਾਇਆ ਜਾ ਸਕਦਾ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਦਾ ਹੜ੍ਹਾਂ ਨਾਲ ਘਰਾਂ ਅਤੇ ਫਸਲਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਉਹਨਾਂ ਦੇ ਹੋਏ ਨੁਕਸਾਨ ਦੀ ਜ਼ਮੀਨੀ ਪੱਧਰ ਤੇ ਜਾਂਚ ਪੜਤਾਲ ਕਰਵਾ ਕੇ ਬੀਮੇ ਦੀ ਤਰਜ਼ ‘ਤੇ ਮੁਆਵਜ਼ਾ ਦਿੱਤਾ ਜਾਵੇ। ਲੱਖਾਂ ਰੁਪਏ ਦੇ ਹੋਏ ਨੁਕਸਾਨ ਦਾ 6800 ਰੁਪਏ ਮੁਆਵਜ਼ਾ ਦੇ ਕੇ ਉਹਨਾਂ ਨਾਲ ਮਖੌਲ ਨਹੀਂ ਉਡਾਉਣਾ ਚਾਹੀਦਾ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸਾਥੀ ਸੁਖਜਿੰਦਰ ਮੇਹਸ਼ਰੀ ਅਤੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੀ ਜਵਾਨੀ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਪ੍ਰਭਾਵਿਤ ਲੋਕਾਂ ਦਾ ਔਖੀ ਘੜੀ ਹਰ ਤਰ੍ਹਾਂ ਦਾ ਦਿੱਤਾ ਗਿਆ ਸਾਥ ਦੁਨੀਆ ਭਰ ਲਈ ਇੱਕ ਰਾਹ ਦਸੇਰਾ ਬਣਿਆ ਹੈ। ਜਿੱਥੇ ਸਰਕਾਰਾਂ ਫੇਲ ਹੋਈਆਂ ਉੱਥੇ ਪੰਜਾਬ ਦੀ ਜਵਾਨੀ ਅਤੇ ਸਮਾਜ ਸੇਵੀ ਲੋਕਾਂ ਨੇ ਇੱਕ ਠੋਕ ਕੇ ਪੀੜਿਤ ਲੋਕਾਂ ਦਾ ਸਾਥ ਦਿੱਤਾ ਇਹ ਪੰਜਾਬ ਦੀ ਇੱਕ ਵਡਿਆਈ ਹੈ ਜੋ ਸਦਾ ਕਾਇਮ ਰਹੇਗੀ।

ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਕਾਮਰੇਡ ਹਰਲਾਭ ਸਿੰਘ ਅਤੇ ਫਾਜ਼ਿਲਕਾ ਦੇ ਮੀਤ ਸਕੱਤਰ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਪ੍ਰਭਾਵਿਤ ਲੋਕ ਹੁਣ ਸੱਤਾ ਧਿਰ ਦੇ ਨੁਮਾਇੰਦਿਆਂ ਨੂੰ ਸਵਾਲ ਖੜੇ ਕਰਨ ਲੱਗ ਗਏ ਹਨ ਕਿ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਦਾ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਹੋਰਾਂ ਤੋਂ ਇਲਾਵਾ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ, ਕਾਮਰੇਡ ਬੋਹੜ ਸਿੰਘ ਸੁਖਣਾ,ਗੁਰਮੇਲ ਦੋਦਾ,ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਐਡਵੋਕੇਟ ਚਰਨਜੀਤ ਛਾਂਗਾਰਾਏ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ,ਸਕੱਤਰ ਸੁਖਵਿੰਦਰ ਮਲੋਟ,ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਗੁਰਦਿਆਲ ਢਾਬਾਂ,ਕੁਲਦੀਪ ਬੱਖੂਸ਼ਾਹ, ਰਾਜਵਿੰਦਰ ਨਿਉਲਾ,ਭਜਨ ਲਾਲ ਫਾਜ਼ਿਲਕਾ, ਸੁਮਿਤਰਾ ਫਾਜ਼ਿਲਕਾ,ਹਰਜੀਤ ਕੌਰ ਢੰਡੀਆਂ,ਸ਼ੁਸ਼ਮਾ ਗੋਲਡਨ,ਐਮ.ਸੀ. ਸੋਮਾ ਰਾਣੀ,ਸੁਨੀਲ ਝੰਗੜਭੈਣੀ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *