Opinion: ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਗਏ ਮੋਦੀ! ਹੜ੍ਹਾਂ ਦੀ ਮਾਰ ਹੇਠ 2000 ਪਿੰਡ, ਐਲਾਨ ਸਿਰਫ਼ 1600 ਕਰੋੜ
ਗੁਰਪ੍ਰੀਤ, ਚੰਡੀਗੜ੍ਹ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਮੋਦੀ ਦੇ ਵੱਲੋਂ 1600 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਗਿਆ। ਦੱਸ ਦਈਏ ਕਿ ਪੰਜਾਬ ਦੇ ਕਰੀਬ 2000 ਪਿੰਡ ਇਹਨਾਂ ਹੜਾਂ ਦੇ ਕਾਰਨ ਪ੍ਰਭਾਵਿਤ ਹਨ, ਪਰ ਮੋਦੀ ਸਰਕਾਰ ਦੇ ਵੱਲੋਂ ਸਿਰਫ਼ 1600 ਕਰੋੜ ਰੁਪਇਆ ਹੀ ਐਲਾਨਿਆ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਪੰਜਾਬ ਪ੍ਰਤੀ ਵਤੀਰਾ ਕਿਹੋ ਜਿਹਾ ਹੈ? ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ 2000 ਕਰੋੜ ਰੁਪਏ ਮੋਦੀ ਸਰਕਾਰ ਦੇ ਕੋਲੋਂ ਮੰਗੇ ਗਏ ਸੀ, ਪਰ ਮੋਦੀ ਸਰਕਾਰ ਨੇ ਕਿਸੇ ਦੀ ਨਾ ਮੰਨਦਿਆਂ ਹੋਇਆਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਹੀ ਜਾਰੀ ਕਰਨ ਦਾ ਐਲਾਨ ਕੀਤਾ।
ਇੱਥੇ ਦੱਸਦੇ ਚੱਲੀਏ ਕਿ ਬੀਤੇ ਕੱਲ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਪੰਜਾਬ ਦੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਆਖੀ ਗਈ ਸੀ। ਹਾਲਾਂਕਿ ਸਪੈਸ਼ਲ ਗਿਰਦਾਵਰੀਆਂ ਹੋਣੀਆਂ ਨੇ, ਉਸ ਤੋਂ ਬਾਅਦ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ, ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਅੱਜ ਐਲਾਨੇ ਗਏ 1600 ਕਰੋੜ ਰੁਪਏ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਮਿਲਣ ਦੀ ਉਮੀਦ ਨਹੀਂ ਜਾਪ ਰਹੀ। ਕਿਉਂਕਿ ਪੰਜਾਬ ਦੇ ਬਹੁਤੇ ਕਿਸਾਨਾਂ ਨੂੰ 2023 ਦਾ ਵੀ ਮੁਆਵਜ਼ਾ ਨਹੀਂ ਮਿਲਿਆ।
ਪੰਜਾਬ ਦੇ ਅੰਦਰ 2023 ਵਿੱਚ ਵੀ ਬਹੁਤ ਭਿਆਨਕ ਹੜਾ ਆਏ ਸਨ ਅਤੇ ਹਜ਼ਾਰਾਂ ਏਕੜ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਸੀ।ਕਈ ਘਰ ਢਹਿ ਗਏ ਸਨ। ਪਰ ਸਰਕਾਰ ਦੇ ਵੱਲੋਂ ਇਹਨਾਂ ਦੀ ਇੱਕ ਨਹੀਂ ਸੁਣੀ ਗਈ। ਮੋਦੀ ਸਰਕਾਰ ਦੁਆਰਾ ਅੱਜ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਪੈਕੇਜ, ਜਿੱਥੇ ਪੰਜਾਬ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ, ਉੱਥੇ ਹੀ ਭਗਵੰਤ ਮਾਨ ਸਰਕਾਰ ਦੀ ਕੇਂਦਰ ਦੇ ਨਾਲ ਲੜਾਈ ਵੀ, ਇਹਨਾਂ ਪੈਕੇਜਾਂ ਦੇ ਕਾਰਨ ਜੱਗ ਜਾਰ ਹੁੰਦੀ ਹੈ। ਪੰਜਾਬ ਦੇ ਕਰੀਬ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ, 4 ਲੱਖ ਤੋਂ ਵੱਧ ਹੀ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਹੈ। ਪਰ ਸਰਕਾਰ ਦੇ ਵੱਲੋਂ ਸਿਰਫ਼ ਮੁਆਵਜ਼ਾ ਜਾਂ ਫਿਰ ਇਹ ਕਹਿ ਲਓ ਕਿ ਰਾਹਤ ਪੈਕੇਜ ਸਿਰਫ਼ 1600 ਕਰੋੜ ਰੁਪਏ ਹੀ ਐਲਾਨਿਆ ਗਿਆ ਹੈ।
ਇਸ ਤੋਂ ਲੱਗਦਾ ਹੈ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਅਧੀਨ ਮੰਨਦੀ ਹੀ ਨਹੀਂ, ਇਸੇ ਕਾਰਨ ਹੀ ਉਨ੍ਹਾਂ ਦੇ ਨਾਲ ਇੰਨਾ ਜ਼ਿਆਦਾ ਵਿਤਕਰਾ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਦਿਨੀਂ ਜਦੋਂ ਦੇਸ਼ ਦੇ ਖੇਤੀਬਾੜੀ ਮੰਤਰੀ ਪੰਜਾਬ ਆਏ ਸਨ ਤਾਂ ਉਨ੍ਹਾਂ ਦੇ ਵੱਲੋਂ ਜਿੱਥੇ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ, ਉੱਥੇ ਹੀ ਇੱਥੋਂ ਦਿੱਲੀ ਜਾਂਦਿਆਂ ਸਾਰ ਹੀ ਉਨ੍ਹਾਂ ਨੇ ਗੰਭੀਰ ਦੋਸ਼ ਲਗਾਏ ਸਨ ਕਿ ਪੰਜਾਬ ਦੇ ਅੰਦਰ ਨਜਾਇਜ਼ ਮਾਈਨਿੰਗ ਦੇ ਕਾਰਨ ਹੜ ਆਏ ਨੇ। ਭਾਵੇਂ ਕਿ ਇਹ ਦੋਸ਼ ਕੁੱਝ ਹੱਦ ਤੱਕ ਠੀਕ ਵੀ ਨੇ, ਪਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਅਜਿਹਾ ਬਿਆਨ ਇਹਨਾਂ ਹਾਲਾਤਾਂ ਦੇ ਵਿੱਚ ਦੇਣਾ ਬੇਹੱਦ ਹੀ ਖ਼ਤਰਨਾਕ ਹੈ।
ਕਿਉਂਕਿ ਇੱਕ ਪਾਸੇ ਤਾਂ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ, ਦੂਜੇ ਪਾਸੇ ਇਹਨਾਂ ਹੜਾਂ ਤੇ ਸਿਆਸਤਦਾਨਾਂ ਦੇ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਅਤੇ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ। ਵੱਡੇ ਪੱਧਰ ‘ਤੇ ਇਹਨਾਂ ਲੀਡਰਾਂ ਨੂੰ ਮਿਲਣ ਵਾਲੇ ਲੋਕ ਕਿਸਾਨ ਨਹੀਂ ਜਾਪ ਰਹੇ। ਕਿਉਂਕਿ, ਜਿਸ ਤਰੀਕੇ ਦੇ ਨਾਲ ਉਨ੍ਹਾਂ ਦੇ ਵੱਲੋਂ ਝੁਕ ਕੇ ਇਹਨਾਂ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ, ਉਸ ਤੋਂ ਸਾਫ਼ ਝਲਕਦਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਫ਼ੀਲੇ ਹੀ ਇਹਨਾਂ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੇ ਅੱਗੇ ਝੁਕਦੇ ਨੇ, ਭਗਵੰਤ ਮਾਨ ਸਰਕਾਰ ਦਾ ਰਾਹਤ ਪੈਕੇਜ ਵੀ ਸਿਰਫ਼ ਤੇ ਸਿਰਫ਼ ਇੱਕ ਡਰਾਮਾ ਹੀ ਜਾਪ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਨੇ 2023 ਵਿੱਚ ਕਿਸਾਨਾਂ ਨੂੰ ਮੁਆਵਜ਼ੇ , ਜਿਨ੍ਹਾਂ ਦੀਆਂ ਮੱਝਾਂ ਜਾਂ ਫਿਰ ਬੱਕਰੀਆਂ ਆਦਿ ਮਰੀਆਂ ਸੀ, ਉਨ੍ਹਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ, ਦੀ ਗੱਲ ਆਖ਼ੀ ਸੀ, ਪਰ ਭਗਵੰਤ ਮਾਨ ਸਰਕਾਰ ਨੂੰ ਇਹ ਐਲਾਨ ਕੀਤੇ ਨੂੰ ਕਰੀਬ ਦੋ ਸਾਲ ਹੋ ਚੁੱਕੇ ਨੇ ਪਰ ਇਸ ਸਰਕਾਰ ਨੇ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ।
ਇਸ ਤੋਂ ਸਾਫ਼ ਲੱਗਦਾ ਹੈ ਕਿ ਜਿਹੜਾ ਵੀ ਸਵਾਲ ਇਸ ਸਰਕਾਰ ਨੂੰ ਕਰਦਾ ਹੈ ਉਸਨੂੰ ਇਹਨਾਂ ਦੇ ਵੱਲੋਂ ਟਾਰਗੈਟ ਕੀਤਾ ਜਾਂਦਾ ਹੈ। ਭਗਵੰਤ ਮਾਨ ਸਰਕਾਰ ਦਾ ਵੀ ਪੰਜਾਬ ਪ੍ਰਤੀ ਵਤੀਰਾ ਠੀਕ ਨਹੀਂ ਜਾਪ ਰਿਹਾ। ਕੇਜਰੀਵਾਲ ਦੇ ਪਿੱਛੇ ਲੱਗ ਕੇ ਭਗਵੰਤ ਮਾਨ ਕੇਂਦਰ ਦੇ ਨਾਲ ਕਿਸ ਤਰੀਕੇ ਦੇ ਨਾਲ ਵੈਰ ਵਿਰੋਧ ਕਮਾ ਰਹੇ ਨੇ, ਉਹ ਇਹਨਾਂ ਸਮਿਆਂ ਦੇ ਵਿੱਚ ਸਾਫ਼ ਝਲਕ ਰਿਹਾ ਹੈ।
ਪੰਜਾਬ ਦੇ ਬੁੱਧਜੀਵੀਆਂ ਦੀ ਮੰਨੀਏ ਤਾਂ, ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵਾਸਤੇ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ, ਜਦੋਂਕਿ ਦੂਜੇ ਪਾਸੇ ਕੁੱਝ ਮਹੀਨੇ ਪਹਿਲਾਂ ਜਿਨ੍ਹਾਂ ਲੋਕਾਂ ਦੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਇਸੇ ਸਰਕਾਰ ਨੇ ਹੀ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਆਖੀ ਸੀ। ਮਤਲਬ, ਇਸ ਤੋਂ ਸਾਫ਼ ਹੈ ਕਿ ਘੱਟ ਕੋਈ ਵੀ ਨਹੀਂ! ਹਾਕਮ ਧੜਾ ਕੇਂਦਰ ਤੇ ਦੋਸ਼ ਮੜ ਰਿਹਾ ਹੈ ਅਤੇ ਕੇਂਦਰ ਪੰਜਾਬ ਸਰਕਾਰ ਤੇ। ਪਾਰਟੀਆਂ ਦੀ ਨਿੱਜੀ ਲੜ੍ਹਾਈ ਕਾਰਨ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ।
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਕਿਸਾਨਾਂ ਨੇ ਜਿੱਥੇ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕੀਤਾ, ਉੱਥੇ ਹੀ ਸਰਕਾਰ ਦੀ ਪੋਲ ਖੋਲਣ ਵਾਸਤੇ ਕਈ ਮੋਰਚੇ ਵੀ ਲਾਏ। ਇਸ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਵਿਰੋਧ ਕਾਰਨ ਜਿੱਥੇ ਲੈਂਡ ਪੋਲਿੰਗ ਪਾਲਿਸੀ ਨੂੰ ਪਿਛਲੇ ਪੈਰੀਂ ਹੀ ਵਾਪਸ ਮੋੜ ਲਿਆ ਉਥੇ ਹੀ ਕਿਸਾਨਾਂ ਦੇ ਨਾਲ ਰੰਜਿਸ਼ ਕੱਢਦਿਆਂ ਹੋਇਆ ਪੰਜਾਬ ਦੇ 17 ਜਿਲ੍ਹਿਆਂ ਅਤੇ ਉੱਥੋਂ ਦੇ ਲੱਖਾਂ ਲੋਕਾਂ ਨੂੰ ਹੜਾਂ ਵਿੱਚ ਡੁੱਬਣ ਲਈ ਮਜਬੂਰ ਕਰ ਦਿੱਤਾ ਗਿਆ।
ਬੀਬੀਐਮਬੀ ਭਾਵੇਂ ਕਿ ਕੇਂਦਰ ਦੇ ਅਧੀਨ ਹੀ ਚੱਲਦਾ ਹੈ, ਪਰ ਉਹਦੇ ਵੱਲੋਂ ਜੋ ਖ਼ੁਲਾਸੇ ਕੀਤੇ ਗਏ ਹਨ, ਉਹ ਬਿਲਕੁਲ ਠੀਕ ਹੀ ਜਾਪ ਰਹੇ ਨੇ। ਖ਼ੈਰ ਵੇਖਦੇ ਹਾਂ ਕਿ ਅੱਗੇ ਅਗਲੇ ਸਮੇਂ ਵਿੱਚ ਕੀ ਬਣਦਾ ਹੈ, ਪਰ ਇਹਨਾਂ ਹੜਾਂ ਦੇ ਸਮਿਆਂ ਵਿੱਚ ਭਗਵੰਤ ਮਾਨ ਸਰਕਾਰ ਅਤੇ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਇਸ ਵਿਤਕਰੇ ਦਾ ਖ਼ਮਿਆਜ਼ਾ ਪੰਜਾਬ ਦੀ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਅਕਾਲੀ ਦਲ ਅਤੇ ਕਾਂਗਰਸ ਇਸ ਸਾਰੇ ਮਸਲੇ ਤੇ ਸਿਆਸਤ ਕਰ ਰਹੀ ਹੈ, ਇਸ ਤੋਂ ਇਲਾਵਾ ਕੁੱਝ ਨਹੀਂ।
ਕੈਪਟਨ ਦੀ ਸਰਕਾਰ ਵੇਲੇ ਵੀ ਹੜ ਆਏ ਸਨ, ਉਸ ਵੇਲੇ ਵੀ ਪੰਜਾਬ ਦੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੁਕਸਾਨ ਹੋਇਆ ਸੀ ਪਰ ਉਸ ਵੇਲੇ ਵੀ ਕਿਸਾਨਾਂ ਦੀ ਕਿਸੇ ਨੇ ਨਹੀਂ ਸੀ ਸੁਣੀ। ਮਤਲਬ ਸਾਫ਼ ਹੈ ਕਿ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਮਰਦਾ ਤਾਂ ਆਮ ਬੰਦਾ ਹੀ ਹੈ। ਸੋ ਵੇਖਦੇ ਹਾਂ ਕਿ ਅਗਲੇ ਸਮੇਂ ਦੇ ਵਿੱਚ ਕੀ ਕੁੱਝ ਬਣਦਾ ਹੈ, ਪਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਨੇ। ਪੰਜਾਬ ਕਿੰਨੀ ਵਾਰ ਡਿੱਗਿਆ ਹੈ ਅਤੇ ਕਿੰਨੀ ਵਾਰ ਆਪਣੇ ਪੈਰਾਂ ਸਿਰ ਖੜ੍ਹਾ ਹੋਇਆ ਹੈ। ਹੁਣ ਔਖੀ ਘੜੀ ਵਿੱਚ ਹੈ ਪੰਜਾਬ ਲਈ, ਉਮੀਦ ਕਰਦੇ ਹਾਂ ਕਿ ਵੇਲਾ ਛੇਤੀ ਚੰਗਾ ਆਵੇ।

