ਹੜ ਪੀੜਤਾਂ ਦੀ ਮਦਦ ਲਈ ਜਨਤਕ ਜਥੇਬੰਦੀਆਂ ਵੱਲੋਂ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਪੀੜਤਾਂ ਦੀ ਜ਼ਿੰਦਗੀ ਲੀਹ ‘ਤੇ ਲਿਆਉਣ ਤੱਕ ਚਲਾਵਾਂਗੇ ਮੁਹਿੰਮ – ਉਗਰਾਹਾਂ
ਬਰਨਾਲਾ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਗਵਾਈ ਵਿੱਚ ਬਰਨਾਲਾ ਵਿਖੇ ਜਨਤਕ ਜਥੇਬੰਦੀਆਂ ਦੀ ਕੀਤੀ ਮੀਟਿੰਗ ਦੌਰਾਨ ਹੜ੍ਹ ਪੀੜਤਾਂ ਦੀ ਵਿਆਪਕ ਤੇ ਲੰਬੇ ਦਾਅ ਤੋਂ ਮੱਦਦ ਕਰਨ ਦਾ ਵਿਸ਼ਾਲ ਟੀਚਾ ਮਿਥਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬੀਕੇਯੂ ਏਕਤਾ ਉਗਰਾਹਾਂ ਤੋਂ ਇਲਾਵਾ ਖੇਤ ਮਜ਼ਦੂਰਾਂ,ਠੇਕਾ ਮੁਲਾਜ਼ਮਾਂ, ਸਨਅਤੀ ਤੇ ਬਿਜਲੀ ਕਾਮਿਆਂ,ਅਧਿਆਪਕਾਂ, ਵਿਦਿਆਰਥੀਆਂ ਸਾਬਕਾ ਸੈਨਿਕਾਂ ਤੇ ਸਭਿਆਚਾਰਕ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ,ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਕਿਸਾਨ ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕੀਤੇ ਸਰਵੇ ਦੇ ਅਧਾਰ ਤੇ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਮੌਸਮ ਵਿਗਿਆਨੀਆਂ ਦੀਆਂ ਗੰਭੀਰ ਚਿਤਾਵਨੀਆਂ ਦੇ ਬਾਵਜੂਦ ਵੀ ਹੜ੍ਹਾਂ ਦੀ ਰੋਕਥਾਮ ਲਈ ਨਾ ਅਗਾਊ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾਂ ਹੀ ਬਾਅਦ ਵਿੱਚ ਸਰਕਾਰ ਨੇ ਲੋਕਾਂ ਦੀ ਬਾਂਹ ਫੜੀ। ਮੀਟਿੰਗ ਵਿੱਚ ਹਾਜ਼ਰ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਹੜ੍ਹਾਂ ਦੀ ਆਫਤ ਸਰਕਾਰਾਂ ਅਤੇ ਉੱਚ ਅਫ਼ਸਰਸ਼ਾਹੀ ਦੀ ਲੋਕਾਂ ਪ੍ਰਤੀ ਬੇਗਾਨਗੀ ਤੇ ਲਾਪ੍ਰਵਾਹੀ ਵਾਲੀ ਨੀਤੀ ਦਾ ਸਿੱਟਾ ਹੈ ਜਿਸ ਦੀ ਆਮ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਜਨਤਕ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਹੜ੍ਹ ਪੀੜ੍ਹਤ ਇੱਕ ਲੱਖ ਦੇ ਕਰੀਬ ਪਰਿਵਾਰਾਂ ਦੀ ਮੱਦਦ ਲਈ ਦੋ ਮਹੀਨੇ ਤੱਕ ਲੰਬੀ ਮੁਹਿੰਮ ਚਲਾਈ ਜਾਵੇਗੀ।
ਜਿਸ ਵਿੱਚ ਪਹਿਲ ਦੇ ਅਧਾਰ ‘ਤੇ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਤੌਰ ‘ਤੇ ਚੁਣਿਆ ਜਾਵੇਗਾ। ਇਸ ਮੁਹਿੰਮ ਤਹਿਤ ਕਿਸਾਨਾਂ ਦੀਆਂ ਜਮੀਨਾਂ ਵਾਹੀਯੋਗ ਬਨਾਉਣ, ਫ਼ਸਲ ਦੀ ਬਿਜਾਈ, ਮਜ਼ਦੂਰਾਂ ਦੇ ਘਰਾਂ ਦੀ ਉਸਾਰੀ ਤੇ ਮੁਰੰਮਤ,ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੇ ਘਰਾਂ ਲਈ 06 ਮਹੀਨਿਆਂ ਦਾ ਰਾਸ਼ਨ,ਦਵਾਈਆਂ,ਕੱਪੜੇ,ਵਿਦਿਆਰਥੀਆਂ ਲਈ ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਾਉਣ ਤੋਂ ਇਲਾਵਾ ਪਸ਼ੂਆਂ ਲਈ ਅਚਾਰ,ਹਰੇ ਚਾਰੇ ਅਤੇ ਤੂੜੀ ਆਦਿ ਦਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਜੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਲੋਕਾਂ ਅਤੇ ਐਨ ਆਰ ਆਈ ਭਰਾਵਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਚ ਭਰਵਾਂ ਯੋਗਦਾਨ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਇਸ ਮੁਹਿੰਮ ਨੂੰ ਪੂਰੀ ਵਿਉਂਤਬੰਦੀ ਨਾਲ ਚਲਾਉਣ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸੂਚੀ ਤਿਆਰ ਕਰਕੇ ਵੱਖ ਵੱਖ ਜ਼ਿਲ੍ਹਿਆਂ ਨੂੰ ਪਿੰਡ ਵੰਡਕੇ ਮੱਦਦ ਲਈ ਭੇਜਿਆ ਜਾਵੇਗਾ।
ਇਸ ਸਬੰਧੀ ਦੋ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਜ਼ੋ ਆਮਦਨ ਖਰਚ ਦਾ ਪੂਰਾ ਹਿਸਾਬ ਕਿਤਾਬ ਰੱਖਣ ਅਤੇ ਇਸ ਮੁਹਿੰਮ ਚ ਲੋਕਾਂ ਦਾ ਸਹਿਯੋਗ ਹਾਸਿਲ ਕਰਨ ਲਈ ਮੀਡੀਆ ਰਾਹੀਂ ਮੁਹਿੰਮ ਜਥੇਬੰਦ ਕਰਨਗੀਆਂ। ਕਿਸਾਨ ਆਗੂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਉਲੀਕੇ ਆਪਣੇ ਦੂਸਰੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣੀ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਫੰਡ ਵਿੱਚ ਸਹਿਯੋਗ ਕਰਨ ਅਤੇ ਇਸ ਮੁਹਿੰਮ ਨੂੰ ਸਾਂਝੇ ਰੂਪ ਵਿੱਚ ਚਲਾਉਣ ਲਈ ਸਹਿਮਤੀ ਪ੍ਰਗਟ ਕੀਤੀ। ਮੀਟਿੰਗ ਵੱਲੋਂ ਪੰਜਾਬ ਸਰਕਾਰ ਤੇ ਨਰਿੰਦਰ ਮੋਦੀ ਵੱਲੋਂ ਕੀਤੇ ਰਾਹਤ ਐਲਾਨਾਂ ਨੂੰ ਨਿਗੂਣੇ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਲੋਕਾਂ ਦੇ ਮੁੜ ਵਸੇਬੇ ਲਈ ਢੁਕਵੇਂ ਕਦਮ ਚੁੱਕਣ ਲਈ ਸਰਕਾਰ ਤੇ ਲੋਕ ਦਬਾਅ ਵੀ ਪਾਇਆ ਜਾਵੇਗਾ ਅਤੇ ਹਕੂਮਤਾਂ ਦੀ ਜੁਆਬਦੇਹੀ ਕੀਤੀ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ,ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ੋਰਾ ਸਿੰਘ ਨਸਰਾਲੀ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਰੇਸ਼ਮ ਸਿੰਘ ਖੇਮੂਆਣਾ ਤੇ ਜਸਵਿੰਦਰ ਸਿੰਘ,ਪੰਜਾਬ ਲੋਕ ਸੱਭਿਆਚਾਰਕ ਮੰਚ ਤੋਂ ਰਾਮ ਕੁਮਾਰ ਭਦੌੜ,ਟੈਕਨੀਕਲ ਸਰਵਿਸ ਯੂਨੀਅਨ ਤੋਂ ਚੰਦਰ ਸ਼ਰਮਾ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ਼ ਨੰ.31 ਦੇ ਹਾਕਮ ਸਿੰਘ ਧਨੇਠਾ,ਪੀ.ਐਸ.ਯੂ. ਸ਼ਹੀਦ ਰੰਧਾਵਾ ਤੋਂ ਹੁਸ਼ਿਆਰ ਸਿੰਘ ਸਲੇਮਗੜ੍ਹ,ਜੀ.ਐਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਵੱਲੋਂ ਜਗਰੂਪ ਸਿੰਘ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਤੋਂ ਰਾਜ਼ੇਸ਼ ਕੁਮਾਰ,ਪੰਜਾਬ ਪੈਪਸੀਕੋ ਵਰਕਰ ਯੂਨੀਅਨ ਏਟਕ ਸੰਗਰੂਰ ਵਿਕਰਮ ਤੇ ਹਰਿੰਦਰ ਸਿੰਘ,ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਹਰਜਿੰਦਰ ਲੁਧਿਆਣਾ,PSPCL ਕੰਟਰੈਕਟ ਵਰਕਰ ਯੂਨੀਅਨ ਇਕਬਾਲ ਸਿੰਘ ਪੂਹਲਾ,ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪ੍ਰਗਟ ਸਿੰਘ ਆਦਿ ਜਥੇਬੰਦੀਆਂ ਸ਼ਾਮਿਲ ਦੇ ਆਗੂ ਸ਼ਾਮਲ ਸਨ ।

