Punjab News: ਕੌਣ ਬਣੇਗਾ ਕਰੋੜਪਤੀ ‘ਚੋਂ ਲੱਖਪਤੀ ਬਣ ਕੇ ਨਿਕਲੇ ‘ਮਲੋਟ ਦੇ ਗੌਰਵ’!
Punjab News:
ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਜਾਂਦੇ ਟੀ.ਵੀ. ਸੰਸਾਰ ਦੇ ਪ੍ਰਸਿੱਧ ਤੇ ਮਨੋਰੰਜਨ ਅਤੇ ਆਮ ਗਿਆਨ ਦੇ ਸਰੋਤ ਵੱਡੇ ਟੀ. ਵੀ. ਸੀਰੀਅਲ ‘ਕੋਣ ਬਣੇਗਾ ਕਰੋੜਪਤੀ’ਵਿੱਚ ਮਲੋਟ ਦੇ ਨੌਜਵਾਨ ਪ੍ਰੋ ਗੌਰਵ ਕੁਮਾਰ ਨੇ ‘ਹੌਟ ਸੀਟ’ ‘ਤੇ ਪਹੁੰਚ ਮਲੋਟ ਦਾ ਗੌਰਵ ਵਧਾਇਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਪ੍ਰਿੰਸੀਪਲ ਤੇ ਲਿਖਾਰੀ ਵਿਜੈ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਿੱਦਿਅਕ ਅਦਾਰੇ ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਬਤੌਰ ਪ੍ਰੋਫੈਸਰ (ਇਤਿਹਾਸ) ਸੇਵਾਵਾਂ ਦੇ ਰਹੇ ਗੌਰਵ ਨੇ ‘ਕੌਣ ਬਣੇਗਾ ਕਰੋੜਪਤੀ’ ਵਿੱਚ ‘ਹੌਟ ਸੀਟ’ ਮੱਲਦਿਆਂ ਕੇਵਲ ਇਨਾਮ ਹੀ ਨਹੀਂ ਪ੍ਰਾਪਤ ਕੀਤੇ ਬਲਕਿ ਸ਼ਹਿਰ ਦਾ ਵੀ ਮਾਣ ਵਧਾਇਆ ਹੈ, ਜਿਸ ‘ਤੇ ਸ਼ਹਿਰਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਗੌਰਵ ਨੇ ਉਹਨਾਂ ਦੀ ‘ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਮਲੋਟ, ‘ਚ ਸ਼ਾਮ ਦਾ ਸੈਸ਼ਨ ਜੁਆਇਨ ਕੀਤਾ ਹੋਇਆ ਹੈ ਤੇ ਉੱਥੇ ਹੀ ਇਨ੍ਹਾਂ ਆਪਣੀ ਤਿਆਰੀ ਕੀਤੀ ਅਤੇ ਇਹ ਪ੍ਰਾਪਤੀ ਕੀਤੀ। ਗੌਰਵ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਅਪ੍ਰੈਲ ਮਹੀਨੇ ਵਿਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਓਹਨਾਂ ਦੇ ਫ਼ੋਨ ਰਾਹੀਂ ਸਵਾਲ ਜਵਾਬ ਹੋਏ।
ਉਸ ਤੋਂ ਬਾਅਦ ਦਿੱਲੀ ਵਿਖੇ ਗਰਾਊਡ ਆਡੀਸ਼ਨ ਹੋਇਆ ਜਿੱਥੇ ਜੀ. ਕੇ. (ਆਮ ਗਿਆਨ) ਟੈੱਸਟ ਅਤੇ ਇੰਟਰਵਿਊ ਪਾਸ ਕਰਕੇ ਉਹ ਮੁੰਬਈ ਵਿਖੇ ‘ਕੋਣ ਬਣੇਗਾ ਕਰੋੜਪਤੀ’ ਦੇ ਹੋਣ ਵਾਲੇ 17ਵੇਂ ਸੀਜ਼ਨ ਲਈ ਚੁਣੇ ਗਏ।
ਜਿੱਥੇ ਕਿ ਉਹਨਾਂ ‘ਫਾਸਟ ਫਿੰਗਰ ਰਾਊਂਡ’ ਪਾਰ ਕਰਦਿਆਂ ‘ਹੌਟ ਸੀਟ’ ਤੇ ਪਹੁੰਚ ਕੇ ਹੋਸਟ ਸੁਪਰ ਸਟਾਰ ਅਮਿਤਾਭ ਬੱਚਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ 2 ਲੱਖ ਰੁਪਏ ਦੀ ਰਾਸ਼ੀ, ਇੱਕ ਸਕੂਟੀ ਅਤੇ ਇੱਕ ‘ਸੋਨੇ’ ਦਾ ਸਿੱਕਾ ਆਪਣੇ ਨਾਂਅ ਕੀਤਾ। ਉੱਧਰ ਸ਼ਹਿਰਵਾਸੀਆਂ ਵੱਲੋਂ ਗੌਰਵ ਨੂੰ ਵਧਾਈਆਂ ਦਿੱਤੀਆਂ ਜਾਂ ਰਹੀਆਂ ਹਨ।

