ਡੀ.ਟੀ.ਐੱਫ. ਫ਼ਿਰੋਜ਼ਪੁਰ ਵੱਲੋਂ ਹੜ੍ਹ ਪ੍ਰਭਾਵਿਤ ਸਰਹੱਦੀ ਖੇਤਰ ‘ਚ ਲਗਾਇਆ ਗਿਆ ਮੈਡੀਕਲ ਕੈਂਪ
ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਡੀ.ਟੀ.ਐੱਫ ਵਲੋਂ ਲਗਾਤਾਰ ਲਗਾਏ ਜਾਣਗੇ ਮੈਡੀਕਲ ਕੈਂਪ – ਮਲਕੀਤ ਹਰਾਜ
ਫ਼ਿਰੋਜ਼ਪੁਰ
ਪਿਛਲੇ ਦਿਨਾਂ ਤੋਂ ਪੰਜਾਬ ਦਾ ਇੱਕ ਵੱਡਾ ਹਿੱਸਾ ਹੜਾਂ ਦੀ ਚਪੇਟ ਵਿੱਚ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੇ ਪਾਣੀ ਨੇ ਮਨੁੱਖਾਂ ਦਾ, ਘਰਾਂ ਦਾ, ਪਸ਼ੂਆਂ ਦਾ ਨੁਕਸਾਨ ਕੀਤਾ ਹੈ, ਜਿਸ ਤੇ ਚੱਲਦਿਆਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਪੰਜਾਬ ਅੰਦਰ ਚਲ ਰਹੀ ਸੰਘਰਸ਼ੀ ਸਰਗਰਮੀਆਂ ਨੂੰ ਅੱਗੇ ਪਾ ਕੇ ਹੜ ਪੀੜਿਤ ਲੋਕਾਂ ਨਾਲ ਖੜਨ ਦਾ ਫ਼ੈਸਲਾ ਕੀਤਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਟੀਐੱਫ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ ਅਤੇ ਵਰਿੰਦਰਪਾਲ ਸਿੰਘ ਖਾਲਸਾ ਨੇ ਕੀਤਾ । ਉਹਨਾਂ ਕਿਹਾ ਕਿ ਅਧਿਆਪਕ ਨੂੰ ਸਮਾਜ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਕਿਹਾ ਜਾਂਦਾ ਹੈ ਤੇ ਇਸ ਗੱਲ ਵਿੱਚ ਸੱਚਾਈ ਵੀ ਹੈ, ਸਮੂਹ ਅਧਿਆਪਕ ਵਰਗ ਹਮੇਸ਼ਾ ਲੋੜਵੰਦ ਬੱਚਿਆਂ ਅਤੇ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ।
ਉਹਨਾਂ ਦੱਸਿਆ ਕਿ ਡੀ.ਟੀ.ਐੱਫ ਫ਼ਿਰੋਜ਼ਪੁਰ ਦੀ ਟੀਮ ਨੇ ਪਿਛਲੇ ਦਿਨੀਂ ਹਿੰਦ-ਪਾਕਿ ਸਰਹੱਦ ਦੇ ਪਿੰਡਾਂ ਵਿੱਚ, ਹਬੀਬ ਕੇ ਬੰਨ੍ਹ, ਮੱਖੂ ਦੇ ਹੜ੍ਹ ਪ੍ਰਭਾਵਿਤ ਇਲਾਕੇ, ਪਛਾੜੀਆਂ ਕਾਮਲਵਾਲਾ 38 ਦੇ ਬੰਨ੍ਹ ਤੇ, ਕਾਮਲਵਾਲਾ-ਮੁੱਠਿਆਂਵਾਲਾ ਦੇ ਲਾਗਲੇ ਪਿੰਡਾਂ ਆਦਿ ਵਿੱਚ ਜਾ ਕੇ ਜ਼ਰੂਰਤ ਅਨੁਸਾਰ ਸੇਵਾਵਾਂ ਦਿਤੀਆਂ ਹਨ, ਉੱਥੇ ਹੜ੍ਹ ਤੋਂ ਬਾਅਦ ਲੋਕ ਚਮੜੀ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਾਡੀ ਟੀਮ ਨੇ ਫੈਸਲਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਅੱਜ ਦਾ ਕੈਂਪ ਡੇਰਾ ਰਾਧਾ ਸੁਆਮੀ, ਸੈਂਟਰ ਜੱਲੋਕੇ ਕੇ ਵਿਖੇ ਲਗਾਇਆ ਗਿਆ ਹੈ, ਜਿਸ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਕੈਂਪ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਆਸ਼ਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਪੂਜਾ ਪੁਰੀ ਅਤੇ ਆਲ ਇੰਡੀਆ ਗਾਰਡ ਕੌਂਸਲ ਅਤੇ ਰੇਲਵੇ ਕਰਮਚਾਰੀ ਯੂਨੀਅਨ ਵਲੋਂ ਬ੍ਰਿਜੇਸ਼ ਕੁਮਾਰ, ਮਨਿੰਦਰ ਸਿੰਘ ਸੋਨੂੰ, ਅਮਰਪ੍ਰੀਤ ਸਿੰਘ, ਸੁਰਿੰਦਰ ਸਿੰਘ ਢਾਕਾ, ਰਵੀ ਕੁਮਾਰ, ਕਮਲ ਕਿਸ਼ੋਰ, ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਤੋਂ ਅਮਨਦੀਪ ਸਿੰਘ ਅਤੇ ਅਵਿਨਾਸ਼ ਸਿੰਘ ਹੋਰਾਂ ਨੇ ਸਹਿਯੋਗ ਕੀਤਾ ਅਤੇ ਕਿਹਾ ਭਵਿੱਖ ਵਿੱਚ ਡੀ.ਟੀ.ਐੱਫ ਵਲੋਂ ਜਿਵੇਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੇਵਾਵਾਂ ਕੀਤੀਆਂ ਜਾਣਗੀਆਂ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ।

