ਮਾ. ਨਿਰਭੈ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਇਨਸਾਫ ਲਈ ਮੁੱਖ ਮੰਤਰੀ ਵੱਲ ਭੇਜਿਆ ‘ਮੰਗ ਪੱਤਰ’

All Latest NewsNews FlashPunjab News

 

ਜਾਨਲੇਵਾ ਹਮਲੇ ਦੇ ਦੋਸ਼ੀਆਂ ਦੀ ਪੁਸ਼ਤ ਪੁਨਾਹੀ ਕਰਨਾ ਸੰਗਰੂਰ ਪੁਲਿਸ ਦਾ ਨਿਖੇਧੀਯੋਗ ਕਦਮ : ਡੀ.ਟੀ.ਐੱਫ.

25 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਸਾਂਝੇ ਧਰਨੇ ਵਿੱਚ ਅਧਿਆਪਕਾਂ ਕਰਨਗੇ ਭਰਵੀਂ ਸ਼ਮੂਲੀਅਤ: ਡੀ.ਟੀ.ਐੱਫ.

ਅੰਮ੍ਰਿਤਸਰ

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਨਿਰਭੈ ਸਿੰਘ ‘ਤੇ ਡਿਊਟੀ ਜਾਣ ਸਮੇਂ ਸਕੂਲ ਦੇ ਨੇੜੇ ਲਹਿਰੇ ਇਲਾਕੇ ਵਿੱਚ ਭੂ-ਮਾਫ਼ੀਆ ਵਜੋਂ ਸਰਗਰਮ ਵਿਅਕਤੀਆਂ ਵੱਲੋਂ ਕੀਤੇ ਗੰਭੀਰ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੰਜ ਮਹੀਨੇ ਬੀਤਣ ‘ਤੇ ਵੀ ਇਨਸਾਫ਼ ਨਾ ਮਿਲਣ ਅਤੇ ਸੰਗਰੂਰ ਪੁਲਿਸ ਵੱਲੋਂ ਸਿਆਸੀ ਇਸ਼ਾਰੇ ਤਹਿਤ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਰੋਸ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲਾ ਅੰਮ੍ਰਿਤਸਰ (ਡੀ.ਟੀ.ਐੱਫ.) ਵੱਲੋਂ ਸੂਬਾ ਕਮੇਟੀ ਮੈਂਬਰ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਏਡੀਸੀ ਅੰਮ੍ਰਿਤਸਰ ਰਾਹੀਂ ਮੁੱਖ ਮੰਤਰੀ ਪੰਜਾਬ ਵੱਲ ‘ਮੰਗ ਪੱਤਰ’ ਭੇਜਿਆ ਗਿਆ। ਇਸ ਦੌਰਾਨ ਜਿਲ੍ਹਾ ਕਮੇਟੀ ਵੱਲੋਂ 25 ਸਤੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਅਤੇ ਡੀ.ਟੀ.ਐੱਫ. ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸ.ਐੱਸ.ਪੀ. ਦਫ਼ਤਰ ਸੰਗਰੂਰ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਜਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਜਮੀਨੀ ਪੱਧਰ ‘ਤੇ ਲਾਮਬੰਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾ. ਨਿਰਭੈ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੌਰਾਨ ਉਨ੍ਹਾਂ ਦੀਆਂ ਦੋਨੋਂ ਲੱਤਾਂ ਤੇ ਖੱਬੀ ਬਾਂਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ ਸਨ। ਜਿਸ ਉਪਰੰਤ ਲਹਿਰਾ ਪੁਲਿਸ ਵੱਲੋਂ ਜਾਨਲੇਵਾ ਹਮਲੇ ਦੀ ਧਾਰਾ 109 ਬੀ.ਐੱਨ.ਐੱਸ. ਸਮੇਤ ਬਾਕੀ ਧਾਰਾਵਾਂ ਸਹਿਤ ਲਹਿਰਾ ਥਾਣਾ (ਜਿਲ੍ਹਾ ਸੰਗਰੂਰ) ਵਿਖੇ ਪਰਚਾ ਦਰਜ ਕੀਤਾ ਗਿਆ। ਪ੍ਰੰਤੂ ਪੁਲਿਸ ਵੱਲੋਂ ਸਾਰੇ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਬਣਦੀ ਸਜ਼ਾ ਦਵਾਉਣ ਦੀ ਥਾਂ ਪੱਖਪਾਤੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਖਾਤਰ ਇਰਾਦਾ ਕਤਲ ਦੇ ਮੁਕੱਦਮੇ ਨੂੰ ਕਾਨੂੰਨੀ ਤੌਰ ‘ਤੇ ਕਮਜ਼ੋਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਦੂਜੇ ਪਾਸੇ ਮੁੱਖ ਦੋਸ਼ੀਆਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਹਨ ਕਿ ਉਹ ਮਾ. ਨਿਰਭੈ ਸਿੰਘ ਨੂੰ ਜਾਨੋਂ ਮਾਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ। ਇਸ ਸਭ ਦੇ ਮੱਦੇਨਜ਼ਰ ਡੀ.ਟੀ.ਐੱਫ. ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਾ. ਨਿਰਭੈ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੇ ਰਹਿੰਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ। ਸੰਗਰੂਰ ਪੁਲਿਸ ਨੂੰ ਇਸ ਮਾਮਲੇ ਵਿੱਚ ਪੇਸ਼ੇਵਰ ਗੰਭੀਰਤਾ ਨਾਲ ਤਫ਼ਤੀਸ਼ ਕਰਕੇ ਦੋਸ਼ੀਆਂ ਨੂੰ ਇਰਾਦਾ ਕਤਲ ਤੇ ਬਾਕੀ ਧਾਰਾਵਾਂ ਅਨੁਸਾਰ ਬਣਦੀ ਸਜ਼ਾ ਦਿਵਾਉਣ ਦੀ ਤਾਕੀਦ ਕੀਤੀ ਜਾਵੇ।

ਮਾ. ਨਿਰਭੈ ਸਿੰਘ ਵੱਲੋਂ ਸਵੈ ਸੁਰੱਖਿਆ ਲਈ ਅਪਲਾਈ ਕੀਤੇ ਆਰਮ ਲਾਈਸੈਂਸ ਦੇ ਕੇਸ ਨੂੰ ਫੌਰੀ ਪ੍ਰਵਾਨਗੀ ਦੇ ਕੇ ਲਾਈਸੈਂਸ ਜਾਰੀ ਕੀਤਾ ਜਾਵੇ। ਆਗੂਆਂ ਨੇ ਚੇਤਵਾਨੀ ਦਿੱਤੀ ਕਿ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਣ ‘ਤੇ ਡੀ.ਟੀ.ਐੱਫ. ਵੱਲੋਂ ਕਿਰਤੀ ਕਿਸਾਨ ਯੂਨੀਅਨ ਨਾਲ ਸਾਂਝੇ ਰੂਪ ਵਿੱਚ 25 ਸਤੰਬਰ 2025 ਨੂੰ ਸੰਗਰੂਰ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ ਅਤੇ ਪੁਲਿਸ ਦੇ ਪੱਖਪਾਤੀ ਵਤੀਰੇ ਵਿਰੁੱਧ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ,ਨਿਰਮਲ ਸਿੰਘ, ਪਰਮਿੰਦਰ ਸਿੰਘ ,ਕੁਲਦੀਪ ਬਰਨਾਲੀ, ਨਵਤੇਜ ਸਿੰਘ, ਵਿਕਰਮਜੀਤ ਸਿੰਘ, ਰਾਜੇਸ਼ ਪਰਾਸ਼ਰ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ ਅਦਲੀਵਾਲ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *