ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਡਿਪਟੀ ਡਾਇਰੈਕਟਰ ਦੀ ਗੈਰ-ਕਾਨੂੰਨੀ ਜਾਇਦਾਦਾਂ ਜ਼ਬਤ- ਲੱਖਾਂ ਰੁਪਏ ਘੁਟਾਲੇ ਦਾ ਦੋਸ਼

All Latest NewsNews FlashPunjab News

 

ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ, ਉਸ ਦੀ ਪਤਨੀ ਰਚਨਾ ਸਿੰਗਲਾ ਅਤੇ ਉਸ ਦੇ ਪੁੱਤਰ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਦੀਆਂ ਦੀਆਂ 8 ਜਾਇਦਾਦਾਂ ਅਤੇ ਤਿੰਨ ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਉਕਤ ਮੁਲਜ਼ਮਾਂ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਅਦਾਲਤ ਵੱਲੋਂ ਜਾਰੀ ਹੁਕਮਾਂ ਉਪੰਰਤ ਅਮਲ ਵਿੱਚ ਲਿਆਂਦੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ “ਰਾਜ ਬਨਾਮ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰ” ਸਿਰਲੇਖ ਹੇਠ 19 ਅਪ੍ਰੈਲ, 2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਬੀ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਦਰਜ ਐਫ.ਆਈ.ਆਰ. ਨੰਬਰ 8 ਦੇ ਸਬੰਧ ਵਿੱਚ ਚਲਦੇ ਮੁਕੱਦਮੇ ਦੌਰਾਨ ਲੁਧਿਆਣਾ ਦੀ ਅਦਾਲਤ ਵੱਲੋਂ ਜ਼ਬਤੀ ਦਾ ਹੁਕਮ ਜਾਰੀ ਕੀਤਾ ਗਿਆ ਹੈ।

ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਖੰਨਾ ਵਿਖੇ ਜੀ.ਟੀ. ਰੋਡ ‘ਤੇ ਪਟਵਾਰਖਾਨਾ ਨੇੜੇ “ਦਿ ਸੈਲੀਬ੍ਰੇਸ਼ਨ ਬਾਜ਼ਾਰ” ਵਿਖੇ ਪੰਜ ਵਪਾਰਕ ਦੁਕਾਨਾਂ, ਖਾਸ ਤੌਰ ‘ਤੇ ਦੁਕਾਨ ਨੰਬਰ ਯੂ.ਜੀ.ਐਫ. -30, ਯੂ.ਜੀ.ਐਫ.-29, ਯੂ.ਜੀ.ਐਫ.-27, ਯੂ.ਜੀ.ਐਫ.-28, ਅਤੇ ਜੀ.ਐਫ.-31 ਸ਼ਾਮਲ ਹਨ। ਇਹ ਸਾਰੀਆਂ ਦੁਕਾਨਾਂ 30 ਜੂਨ, 2021 ਨੂੰ ਵਾਸੀਕਾ ਨੰਬਰਾਂ ਅਧੀਨ ਰਜਿਸਟਰਡ ਕਰਵਾਈਆਂ ਗਈਆਂ ਹਨ।

ਇਸ ਦੇ ਨਾਲ ਹੀ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਸੈਕਟਰ 48-ਏ ਚੰਡੀਗੜ੍ਹ ਵਿੱਚ ਇੱਕ ਫਲੈਟ ਨੰਬਰ 304, ਮੁੱਲਾਂਪੁਰ, ਐਸ.ਏ.ਐਸ. ਨਗਰ ਵਿਖੇ ਇੰਟਰਨੈਸ਼ਨਲ ਟ੍ਰੇਡ ਟਾਵਰ ਵਿੱਚ ਇੱਕ ਦਫਤਰ ਅਤੇ ਓਮੈਕਸ ਪ੍ਰੋਜੈਕਟ, ਐਸ.ਏ.ਐਸ. ਨਗਰ ਵਿੱਚ ਲੇਕ ਕਮਰਸ਼ੀਅਲ ਪ੍ਰੋਜੈਕਟ ਵਿੱਚ ਇੱਕ ਐਸ.ਸੀ.ਓ. ਵੀ ਸ਼ਾਮਲ ਹੈ।

ਇਸ ਤੋਂ ਇਲਾਵਾ, ਬਿਊਰੋ ਨੇ ਰਚਨਾ ਸਿੰਗਲਾ ਨੂੰ ਉਪਰੋਕਤ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ 1,08,44,785 ਰੁਪਏ ਦੇ ਬੈਂਕ ਬੈਲੇਂਸ ਅਤੇ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਨੂੰ ਹੋਰਨਾਂ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ ਕ੍ਰਮਵਾਰ 14,32,992 ਰੁਪਏ ਅਤੇ 16,25,088 ਰੁਪਏ ਵੀ ਜ਼ਬਤ ਕਰ ਲਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਅਦਾਲਤ ਵੱਲੋਂ 15 ਸਤੰਬਰ, 2025 ਨੂੰ ਜਾਰੀ ਆਪਣੇ ਹੁਕਮ ਵਿੱਚ, ਉਕਤ ਮੁਲਜ਼ਮਾਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ/ਵਕੀਲਾਂ ਆਦਿ ਨੂੰ ਇਸ ਕੇਸ ਦੌਰਾਨ ਇਨ੍ਹਾਂ ਜਾਇਦਾਦਾਂ ਨੂੰ ਤਬਦੀਲ ਕਰਨ ਜਾਂ ਗਿਰਵੀ ਰੱਖਣ ਤੋਂ ਰੋਕ ਦਿੱਤਾ ਗਿਆ ਹੈ। ਇਹ ਕਾਰਵਾਈ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਸਬੰਧੀ ਦੋਸ਼ਾਂ ਦੀ ਵਿਆਪਕ ਜਾਂਚ ਦਾ ਹਿੱਸਾ ਹੈ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਉਕਤ ਸਿੰਗਲਾ ਦੇ ਇੱਕ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਣ ਉਪਰੰਤ ਐਫ.ਆਈ.ਆਰ. ਨੰਬਰ 8 ਦਰਜ ਕੀਤੀ ਸੀ, ਜਿਸ ਦਾ ਜ਼ਿਕਰ ਪਹਿਲਾਂ 16 ਅਗਸਤ, 2022 ਨੂੰ ਦਰਜ ਐਫ.ਆਈ.ਆਰ. ਨੰਬਰ 11 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸਿੰਗਲਾ ‘ਤੇ ਭ੍ਰਿਸ਼ਟਾਚਾਰ ਅਤੇ ਗਬਨ ਦਾ ਦੋਸ਼ ਲਗਾਇਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਭ੍ਰਿਸ਼ਟਾਚਾਰ ਨਾਲ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਖਰੀਦੀਆਂ। ਮੁਲਜ਼ਮ ਸਿੰਗਲਾ ਅਤੇ ਉਸਦੀ ਪਤਨੀ, ਵਾਸੀ ਰਾਜਗੁਰੂ ਨਗਰ, ਲੁਧਿਆਣਾ, ਕਾਨੂੰਨ ਦੀ ਕਾਰਵਾਈ ਤੋਂ ਬਚ ਰਹੇ ਹਨ ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Media PBN Staff

Media PBN Staff

Leave a Reply

Your email address will not be published. Required fields are marked *