ਸਿੱਖਿਆ ਵਿਭਾਗ ਦੇ ਇੱਕ ਤੌੜੀ ਵਿੱਚ ਦੋ ਢਿੱਡ; ਕਈ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲੀਆਂ ਵਰਦੀਆਂ
ਮੋਹਾਲੀ
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਦੇ ਮਸਲੇ ਤੇ ਸਿੱਖਿਆ ਵਿਭਾਗ ਦੀ ਨਲਾਇਕੀ ਦੇਖਣ ਨੂੰ ਮਿਲ ਰਹੀ ਹੈ| ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਅਤੇ ਫਿਰੋਜ਼ਪੁਰ ਜਿਲਿਆ ਵਿੱਚ ਨਰਸਰੀ ਕਲਾਸ ਨੂੰ ਵਰਦੀਆਂ ਨਹੀਂ ਮਿਲ ਰਹੀਆਂ, ਜਦਕਿ ਪੰਜਾਬ ਦੇ ਬਾਕੀ ਜਿਲਿਆ ਵਿੱਚ ਸਾਰੀਆਂ ਜਮਾਤਾਂ ਨੂੰ ਵਰਦੀਆਂ ਮਿਲ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਡੀ ਐੱਸ ਈ (ਪ੍ਰਾਇਮਰੀ )ਦਫਤਰ ਦੇ ਅਧਿਕਾਰੀਆਂ ਨੂੰ ਮਿਲ ਕੇ ਵੀ ਇਸ ਮਸਲਾ ਉਠਾਇਆ ਗਿਆ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਵਿਭਾਗ ਵਿੱਚ ਨਰਸਰੀ,ਐੱਲ ਕੇ ਜੀ ਅਤੇ ਯੂ ਕੇ ਜੀ ਜਮਾਤਾਂ ਹਨ |ਪੰਜਾਬ ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜਿਲਿਆ ਵਿੱਚ ਤਿੰਨੋ ਜਮਾਤਾਂ ਨੂੰ ਮੁਫ਼ਤ ਵਰਦੀ ਮਿਲਦੀ ਹੈ ਪਰ ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਸਿਰਫ ਦੋ ਜਮਾਤਾਂ ਐੱਲ ਕੇ ਜੀ ਅਤੇ ਯੂ ਕੇ ਜੀ ਨੂੰ ਵਰਦੀ ਮਿਲਦੀ ਹੈ|
ਡੀ ਟੀ ਐਫ਼ ਬਠਿੰਡਾ ਵੱਲੋਂ ਪਹਿਲਾਂ ਜ਼ਿਲਾ ਸਿੱਖਿਆ ਦਫਤਰ ਬਠਿੰਡਾ ਨਾਲ ਵੀ ਸੰਪਰਕ ਕਰਕੇ ਇਹ ਮਸਲਾ ਉਠਾਇਆ ਗਿਆ ਸੀ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਵਰਦੀਆਂ ਲਈ 600 ਰੁਪਏ ਬਹੁਤ ਨਿਗੂਣੀ ਰਾਸ਼ੀ ਦਿੱਤੀ ਜਾਂਦੀ ਹੈ। ਜਿਸ ਨਾਲ ਚੰਗੀ ਕੁਆਲਟੀ ਦੀ ਵਰਦੀ ਦੇਣ ਵਿੱਚ ਮੁਸ਼ਕਿਲ ਆਉਂਦੀ ਹੈ।
ਉਹਨਾਂ ਮੰਗ ਕੀਤੀ ਕਿ ਵਰਦੀਆਂ ਦੀ ਰਾਸ਼ੀ ਪ੍ਰਤੀ ਵਿਦਿਆਰਥੀ ਘੱਟੋ ਘਟ 2000 ਰੁਪਏ ਕੀਤੀ ਜਾਵੇ ਅਤੇ ਸਰਕਾਰ ਸਾਲ ਵਿੱਚ ਦੋ ਵਾਰ ਵਰਦੀਆਂ ਦੀ ਰਾਸ਼ੀ ਦੇਵੇ |ਇਸ ਤੋ ਕਈ ਜਿਲਿਆ ਵਿੱਚ ਐੱਨ ਜੀ ਓਜ਼ ਦੁਆਰਾ ਦਿੱਤੀਆਂ ਗਈਆਂ ਵਰਦੀਆਂ ਬਹੁਤ ਹੀ ਘਟੀਆ ਕੁਆਲਟੀ ਦੀਆਂ ਮਿਲੀਆਂ ਹਨ| ਜਥੇਬੰਦੀ ਨੇ ਸਰਕਾਰ ਤੋ ਮੰਗ ਕੀਤੀ ਕਿ ਘਟੀਆ ਕੁਆਲਟੀ ਦੀਆਂ ਦਿੱਤੀਆਂ ਵਰਦੀਆਂ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

