ਅਹਿਮ ਖ਼ਬਰ: 4161 ਮਾਸਟਰ ਕੇਡਰ ਅਧਿਆਪਕਾਂ ਦੀਆਂ ਬਦਲੀਆਂ ਦੀ ਮੰਗ ਨੂੰ ਲੈਕੇ ਹੋਈ ਮੀਟਿੰਗ
11 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
Punjab News-
4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬਦਲੀਆਂ ਦੀ ਮੰਗ ਨੂੰ ਲੈਕੇ ਅਤੇ ਪੰਜਾਬ ਪੇ ਸਕੇਲ ਬਹਾਲੀ ਦੀ ਮੰਗ ਨੂੰ ਲੈ ਕੇ ਕੱਲ੍ਹ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਚੱਲ ਰਹੀਆਂ ਬਦਲੀਆਂ ਵਿੱਚ 4161 ਨੂੰ ਸਪੈਸ਼ਲ ਮੌਕਾ ਦੇਣ ਸਬੰਧੀ ਵਿਆਪਕ ਰੂਪ ਵਿੱਚ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਯੂਨੀਅਨ ਦੇ ਆਗੂ ਸੰਦੀਪ ਸਿੰਘ ਗਿੱਲ, ਰਸ਼ਪਾਲ ਜਲਾਲਾਬਾਦ ਅਤੇ ਬਲਕਾਰ ਮੰਘਾਣੀਆਂ ਨੇ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋ 200 -250 ਕਿਲੋਮੀਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ।
ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਮੁੱਖ ਮੰਤਰੀ ਭਗਵਾਨ ਮਾਨ ਜੀ ਨੇ ਇਹ ਵਾਅਦਾ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਨੂੰ ਆਪਣੇ ਘਰ ਤੋਂ ਦੂਰ ਨਹੀਂ ਭੇਜਿਆ ਜਾਵੇਗਾ।
ਜਦਕਿ ਪਿਛਲੇ ਸਮਿਆਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਮੀਟਿੰਗ ਵਿੱਚ ਇਹ ਵਾਅਦਾ ਕੀਤਾ ਸੀ ਕੇ ਅਗਾਮੀ ਬਦਲੀਆਂ ਵਿੱਚ 4161 ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਪਰ ਇਹ ਵਾਅਦਾ ਵਫ਼ਾ ਹੁੰਦਾ ਨਹੀਂ ਜਾਪ ਰਿਹਾ। ਆਗੂਆਂ ਨੇ ਐਲਾਨ ਕੀਤਾ 11 ਅਕਤੂਬਰ ਨੂੰ ਉਹ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।
ਇਸ ਮੌਕੇ ਮੀਟਿੰਗ ਵਿੱਚ 4161 ਸੂਬਾ ਕਮੇਟੀ ਮੈਂਬਰ ਜਸਵਿੰਦਰ ਐਤੀਆਣਾ, ਅਲਕਾ ਫਗਵਾੜਾ, ਇੰਦਰਾਜ਼ ਅਬੋਹਰ ਹਰਦੀਪ ਬਠਿੰਡਾ, ਗੁਰਮੀਤ ਹਠੂਰ, ਮਨਜਿੰਦਰ ਸਿੰਘ, ਰਿੰਕੂ ਕੰਬੋਜ ਆਦਿ ਹੋਰ ਬਹੁਤ ਸਾਰੇ ਅਧਿਆਪਕ ਸਾਥੀ ਸ਼ਾਮਿਲ ਹੋਏ।

