ਤਾਲਿਬਾਨ ਦਾ ਭਾਰਤ ‘ਚ ਸਵਾਗਤ, ਪਰ ਆਪਣੇ ਦੇਸ਼ ਦੇ ਮੁਸਲਮਾਨਾਂ ‘ਤੇ ਅਤਿਆਚਾਰ…! ਮਹਿਬੂਬਾ ਨੇ ਮੋਦੀ ਸਰਕਾਰ ‘ਤੇ ਕੀਤਾ ਵੱਡਾ ਹਮਲਾ
ਨੈਸ਼ਨਲ ਡੈਸਕ-
ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅਫ਼ਗਾਨ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਸਖ਼ਤ ਹਮਲਾ ਬੋਲਿਆ ਹੈ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤੁਸੀਂ ਤਾਲਿਬਾਨ ਦਾ ਹੱਥ ਜੋੜ ਕੇ ਸਵਾਗਤ ਕਰ ਰਹੇ ਹੋ, ਪਰ ਪਹਿਲਾਂ ਤੁਹਾਨੂੰ (ਮੋਦੀ ਹੁਰਾਂ) ਇੱਥੇ (ਭਾਰਤ) ਮੁਸਲਮਾਨਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕੇਂਦਰ ‘ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਾ ਵੀ ਦੋਸ਼ ਲਗਾਇਆ। ਮਹਿਬੂਬਾ ਮੁਫ਼ਤੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਨੇ ਅਫ਼ਗਾਨਿਸਤਾਨ ਨਾਲ ਆਪਣੇ ਸਬੰਧ ਸੁਧਾਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਭਾਰਤ ਦੇ ਦੌਰੇ ‘ਤੇ ਹਨ।
ਮਹਿਬੂਬਾ ਮੁਫ਼ਤੀ ਨੇ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ‘ਤੇ ਕਿਹਾ, “ਤੁਸੀਂ ਪਹਿਲਾਂ ਤਾਲਿਬਾਨ ਨੂੰ ਅੱਤਵਾਦੀ ਕਹਿੰਦੇ ਸੀ ਅਤੇ ਅੱਜ ਤੁਸੀਂ ਉਨ੍ਹਾਂ ਦਾ ਸਵਾਗਤ ਕਰ ਰਹੇ ਹੋ, ਪਰ ਇਹ ਦੁਸ਼ਮਣੀ ਆਪਣੇ ਹੀ ਲੋਕਾਂ ਨਾਲ ਕਿਉਂ? ਉਨ੍ਹਾਂ ਦੀਆਂ ਲੰਬੀਆਂ ਦਾੜ੍ਹੀਆਂ ਅਤੇ ਪੱਗਾਂ ਹਨ ਅਤੇ ਤੁਸੀਂ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕਰ ਰਹੇ ਹੋ। ਜੇਕਰ ਅਫ਼ਗਾਨਿਸਤਾਨ ਨਾਲ ਚੰਗੇ ਸਬੰਧ ਬਣਾਈ ਰੱਖਣ ਨਾਲ ਦੇਸ਼ ਨੂੰ ਫਾਇਦਾ ਹੁੰਦਾ ਹੈ ਤਾਂ ਇਹ ਠੀਕ ਹੈ ਕਿ ਤੁਸੀਂ ਤਾਲਿਬਾਨ ਨਾਲ ਗੱਲ ਕਰ ਰਹੇ ਹੋ, ਪਰ ਪਹਿਲਾਂ ਤੁਹਾਨੂੰ ਇੱਥੇ (ਭਾਰਤ) ਮੁਸਲਮਾਨਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਮਸਜਿਦਾਂ ਅਤੇ ਸਕੂਲਾਂ ਨੂੰ ਢਾਹੁਣਾ ਬੰਦ ਕਰਨਾ ਚਾਹੀਦਾ ਹੈ। ਤੁਹਾਨੂੰ ਪਹਿਲਾਂ ਉਨ੍ਹਾਂ ਦਾ ਦਿਲ ਜਿੱਤਣਾ ਚਾਹੀਦਾ ਹੈ।
ਮਹਿਬੂਬਾ ਨੇ ਕਿਹਾ ਕਿ, ਜੰਮੂ-ਕਸ਼ਮੀਰ ਜਿਸਨੇ ਪਾਕਿਸਤਾਨ ਨੂੰ ਰੱਦ ਕਰਕੇ ਤੁਹਾਡੇ (ਭਾਰਤ) ਨਾਲ ਹੱਥ ਮਿਲਾਇਆ ਸੀ, ਅੱਜ ਤੁਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।”

