ਵੱਡੀ ਖ਼ਬਰ: Aaj Tak ਦੀ ਐਂਕਰ ਅੰਜਨਾ ਓਮ ਕਸ਼ਯਪ ਦੇ ਖਿਲਾਫ਼ FIR ਦਰਜ
ਲੁਧਿਆਣਾ
ਆਜ ਤੱਕ (AajTak) ਦੀ ਐਂਕਰ ਅਤੇ ਮੈਨੇਜਿੰਗ ਐਡੀਟਰ ਅੰਜਨਾ ਓਮ ਕਸ਼ਯਪ ਦੇ ਖਿਲਾਫ਼ ਲੁਧਿਆਣਾ ਪੁਲਿਸ ਨੇ FIR ਦਰਜ ਕੀਤੀ ਹੈ। ਉਨ੍ਹਾਂ ‘ਤੇ ਆਪਣੇ ਇੱਕ ਸ਼ੋਅ ਦੌਰਾਨ ਮਹਾਰਿਸ਼ੀ ਵਾਲਮੀਕਿ ਦੇ ਖਿਲਾਫ਼ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀ ਕਰਕੇ ਵਾਲਮੀਕਿ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।
ਇਹ FIR ਭਾਰਤੀ ਵਾਲਮੀਕਿ ਧਰਮ ਸਮਾਜ (BHAVADHAS) ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਇੰਡੀਆ ਟੂਡੇ ਗਰੁੱਪ ਦੇ ਚੇਅਰਮੈਨ ਅਰੁਣ ਪੁਰੀ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।
ਸ਼ਿਕਾਇਤਕਰਤਾ ਚੌਧਰੀ ਯਸ਼ਪਾਲ, ਜੋ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸੰਯੋਜਕ ਹਨ, ਨੇ ਦੋਸ਼ ਲਾਇਆ ਹੈ ਕਿ ਅੰਜਨਾ ਕਸ਼ਯਪ ਨੇ ਆਪਣੇ ਸ਼ੋਅ ਵਿੱਚ ਮਹਾਰਿਸ਼ੀ ਵਾਲਮੀਕਿ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ, ਜੋ ਚੈਨਲ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜਾਂ ‘ਤੇ ਪ੍ਰਸਾਰਿਤ ਹੋਇਆ ਸੀ।
ਇਸ ਮਾਮਲੇ ਨੇ ਤੂਲ ਫੜ ਲਿਆ ਹੈ ਅਤੇ ਕਈ ਦਲਿਤ ਸੰਗਠਨ ਤੇ ਸਿਆਸੀ ਆਗੂ ਅੰਜਨਾ ਕਸ਼ਯਪ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 7 ਅਕਤੂਬਰ ਨੂੰ ਪ੍ਰਸਾਰਿਤ ਹੋਏ ਅੰਜਨਾ ਓਮ ਕਸ਼ਯਪ ਦੇ ਸ਼ੋਅ ‘ਬਲੈਕ ਐਂਡ ਵ੍ਹਾਈਟ’ ਨਾਲ ਜੁੜਿਆ ਹੈ। ਸ਼ਿਕਾਇਤ ਅਨੁਸਾਰ, ਇਸ ਸ਼ੋਅ ਦੌਰਾਨ ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕਿ ਬਾਰੇ ਇੱਕ ਟਿੱਪਣੀ ਕੀਤੀ, ਜਿਸ ਨੂੰ ਵਾਲਮੀਕਿ ਭਾਈਚਾਰੇ ਨੇ “ਬੇਹੱਦ ਅਪਮਾਨਜਨਕ” ਦੱਸਿਆ ਹੈ।
ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਟਿੱਪਣੀਆਂ ਨਾਲ ਪੂਰੇ ਦੇਸ਼ ਦੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਇਹ ਮੁੱਦਾ ਰਾਸ਼ਟਰੀ ਪੱਧਰ ‘ਤੇ ਵੱਡਾ ਅੰਦੋਲਨ ਬਣ ਸਕਦਾ ਹੈ।
ਲੁਧਿਆਣਾ ਦੇ ਡਿਵੀਜ਼ਨ ਨੰਬਰ 4 ਪੁਲਿਸ ਸਟੇਸ਼ਨ ਵਿੱਚ ਦਰਜ ਇਸ FIR ਵਿੱਚ IPC ਦੀ ਧਾਰਾ 299 (ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਅਤੇ SC/ST (ਅੱਤਿਆਚਾਰ ਰੋਕੂ) ਐਕਟ ਦੀ ਧਾਰਾ 3(1)(v) ਲਗਾਈ ਗਈ ਹੈ।

