Yogi Govt ਦਾ ਮੁਸਲਿਮ ਤਬਕੇ ਖ਼ਿਲਾਫ਼ ਫ਼ਿਰਕੂ ਫਾਸ਼ੀ ਹੱਲਾ ਤੇਜ਼: ਇਨਕਲਾਬੀ ਕੇਂਦਰ ਪੰਜਾਬ ਦਾ ਗੰਭੀਰ ਦੋਸ਼
ਦਲਜੀਤ ਕੌਰ, ਸੰਗਰੂਰ/ਬਰਨਾਲਾ:
Yogi Govt : ਯੂਪੀ ਅੰਦਰ ਯੋਗੀ ਸਰਕਾਰ ਵੱਲੋਂ ਕਾਂਬੜੀਆ ਦੀ ਯਾਤਰਾ ਦੌਰਾਨ ਦੁਕਾਨਦਾਰ ਕਾਰੋਬਾਰੀਆਂ ਤੋਂ ਲੈਕੇ ਰੇਹੜੀ ਫੜੀ ਤੱਕ ਲਾਉਣ ਵਾਲੇ ਲੋਕਾਂ ਨੂੰ ਆਪਣੀ ਪਹਿਚਾਣ ਦੱਸਣ ਦਾ ਤਾਨਾਸ਼ਾਹੀ ਹੁਕਮ ਜਾਰੀ ਕਰਨ ਤੋਂ ਬਾਅਦ ਹੁਣ ਮਹਾਂਰਾਸ਼ਟਰ ਦੇ ਕੋਲਹਾਪੁਰ ਦਾ ਵਿਸਾਲਪੁਰ ਕਿਲਾ ਦੇ ਨੇੜੇ ਸਦੀਆਂ ਤੋਂ ਵਸਦੇ ਲੋਕਾਂ ਨੂੰ ਬੁਲਡੋਜਰੀ ਮੁਹਿੰਮ ਚਲਾਕੇ ਉਜਾੜ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਇਹ ਫਾਸ਼ੀ ਹੁਕਮ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਵੱਲ ਵਧ ਰਹੇ ਖ਼ਤਰਨਾਕ ਰੁਝਾਨ ਦਾ ਸੂਚਕ ਹਨ।
ਸੂਬਾਈ ਆਗੂਆਂ ਜਸਵੰਤ ਜੀਰਖ, ਜਗਜੀਤ ਲਹਿਰਾ ਮੁਹੱਬਤ, ਮੁਖਤਿਆਰ ਪੂਹਲਾ ਨੇ ਹਾਲੀਆ ਸਮੇਂ 18ਵੀਂ ਲੋਕ ਸਭਾ ਚੋਣਾਂ ਤੋਂ ਪੂਰਨ ਬਹੁਮਤ ਨਾ ਹਾਸਲ ਕਰ ਸਕੀ ਭਾਜਪਾ ਪ੍ਰਤੀ ਬਹੁਤ ਸਾਰੇ ਲੋਕਾਂ ਨੂੰ ਲਗਦਾ ਸੀ ਕਿ ਮੋਦੀ ਦਾ ਫ਼ਿਰਕੂ ਫਾਸ਼ੀ ਹੱਲੇ ਨੂੰ ਠੱਲ੍ਹ ਪੈ ਜਾਵੇਗੀ।
ਪਰ ਕਾਂਵੜ ਯਾਤਰਾ ਦੇ ਮੱਦੇਨਜ਼ਰ ਯੂਪੀ ਪੁਲਸ ਨੇ ਫ਼ਿਰਕੂ ਫ਼ਰਮਾਨ ਜਾਰੀ ਕਰਦਿਆਂ ਕਾਂਵੜ ਯਾਤਰਾ ਦੇ ਰਾਹ ਵਿੱਚ ਪੈਂਦੇ ਸਾਰੇ ਦੁਕਾਨਦਾਰਾਂ, ਢਾਬਿਆਂ ਤੇ ਰੇਹੜੀ ਵਾਲ਼ਿਆਂ ਨੂੰ ਦੁਕਾਨਾਂ ਉੱਤੇ ਆਪਣਾ ਨਾਮ ਲਿਖਣ ਲਈ ਕਿਹਾ ਤਾਂ ਜੋ ਕੋਈ ਕਾਂਵੜੀਆ ਗ਼ਲਤੀ ਨਾਲ਼ ਮੁਸਲਮਾਨਾਂ ਦੀਆਂ ਦੁਕਾਨਾਂ ਜਾਂ ਰੇਹੜੀ ਤੋਂ ਕੁੱਝ ਖਰੀਦ ਨਾ ਲਵੇ।
ਇਹ ਯੋਗੀ ਦੀ ਫ਼ਿਰਕੂ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਵਿਤਕਰੇ ਦਾ ਨਵਾਂ ਨਫ਼ਰਤੀ ਫ਼ਰਮਾਨ ਨਹੀਂ ਹੈ। ਪਹਿਲਾਂ ਇੱਕ ਭਾਸ਼ਣ ਵਿੱਚ ਮੋਦੀ ਕੱਪੜਿਆਂ ਤੋਂ ਪਛਾਨਣ ਦੀ ਗੱਲ ਕਰਦਾ ਸੀ ਤੇ ਹੁਣ ਗੱਲ ਅੱਗੇ ਵਧਕੇ ਮੁਸਲਮਾਨਾਂ ਦੇ ਕਾਰੋਬਾਰਾਂ ਤੱਕ ਪਹੁੰਚ ਗਈ ਹੈ। ਮੋਦੀ ਹਕੂਮਤ ਘੱਟਗਿਣਤੀਆਂ, ਖਾਸਕਰ ਮੁਸਲਮਾਨਾਂ, ਨੂੰ ਜਲੀਲ ਕਰਨ ਦੇ ਕਦਮ ਚੁੱਕ ਰਹੀ ਹੈ।
ਕਈ ਸਾਲਾਂ ਤੋਂ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੀਆਂ ਅਪੀਲਾਂ ਦੀਆਂ ਵੀਡੀਓ ਸੰਘੀਆਂ ਦੇ ਆਈਟੀ ਸੈੱਲ ਵੱਲੋਂ ਫੈਲਾਈਆਂ ਜਾ ਰਹੀਆਂ ਹਨ। ਪਰ ਅਦਾਲਤੀ ਪ੍ਰਬੰਧ ਅਜਿਹਾ ਸਾਰਾ ਕੁੱਝ ਵਾਪਰਨ ਵੇਲੇ ਮੂਕ ਦਰਸ਼ਕ ਬਣਕੇ ਵੇਖਦਾ ਰਹਿੰਦਾ ਹੈ। ਇਸ ਫ਼ਿਰਕੂ ਫਾਸ਼ੀ ਸੰਘੀ ਲਾਣੇ ਨੂੰ ਨੱਥ ਪਾਉਣ ਲਈ ਅਦਾਲਤੀ ਪ੍ਰਬੰਧ ਦੀ ਥਾਂ ਕਿਰਤੀ ਲੋਕਾਂ ਦੇ ਏਕੇ ਅਤੇ ਸੰਘਰਸ਼ਾਂ ਨਾਲ਼ ਹੀ ਠੱਲ੍ਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।