‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ 1 ਨਵੰਬਰ ਨੂੰ

All Latest NewsNews FlashPunjab News

 

ਦੇਸ਼ ਭਗਤ ਯਾਦਗਾਰ ਹਾਲ ਵਰਕਸ਼ਾਪ 27 ਤੋਂ

ਜਲੰਧਰ

ਗ਼ਦਰੀ ਬਾਬਿਆਂ ਦੇ ਮੇਲੇ ‘ਚ ਹਰ ਸਾਲ ਨਵਾਂ-ਨਕੋਰ ਹੋਣ ਵਾਲਾ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ ਇਸ ਵਾਰ ਵੀ ਪਹਿਲੀ ਨਵੰਬਰ ਸਵੇਰੇ ਠੀਕ 10 ਵਜੇ ਆਪਣੀ ਚਰਮ ਸੀਮਾ ‘ਤੇ ਪਹੁੰਚ ਸਕੇ ਇਸ ਲਈ ਸਾਹਮਣੇ ਆ ਰਹੀਆਂ ਦਿੱਕਤਾਂ ਨੂੰ ਸਰ ਕਰਨ ਲਈ ਝੰਡੇ ਦੇ ਗੀਤ ਨਾਲ ਦਹਾਕਿਆਂ ਤੋਂ ਜੁੜੀਆਂ ਕੁਝ ਟੀਮਾਂ ਦੇ ਨਿਰਦੇਸ਼ਕ, ਕਲਾਕਾਰ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਸਿਰ ਜੋੜਕੇ ਬੈਠੇ।
ਇਸ ਵਿਚਾਰ-ਚਰਚਾ ਵਿੱਚ ਯੂਥ ਫੈਸਟੀਵਲ ਵੀ ਇਸ ਸਮੇਂ ‘ਤੇ ਬਰਾਬਰ ਆ ਜਾਣ ਵਿਸ਼ੇਸ਼ ਕਰਕੇ 31 ਅਕਤੂਬਰ, 1, 2 ਨਵੰਬਰ ਨੂੰ ਵੀ ਮੁਕਾਬਲੇ ਹੋਣ ਕਾਰਨ ਝੰਡੇ ਦੇ ਗੀਤ ਦੀ ਵਰਕਸ਼ਾਪ ਵਿੱਚ ਹਾਜ਼ਰੀ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਵਿਚਾਰਾਂ ਹੋਈਆਂ।

ਪੰਜਾਬ ਦੀਆਂ ਸਮੂਹ ਰੰਗ ਮੰਚ ਟੀਮਾਂ ਅਤੇ ਕਲਾਕਾਰਾਂ ਨੂੰ ਇਸ ਵਰਕਸ਼ਾਪ ‘ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਵਰਕਸ਼ਾਪ ਵਿੱਚ ਹਰ ਪਲ ਦੀ ਸੁਯੋਗ ਵਰਤੋਂ ਕਰਨ ਲਈ ਸਮੇਂ ਦੇ ਕਦਰਦਾਨ ਹੋਣ, ਲੜਕੀਆਂ ਅਤੇ ਬਾਲ ਕਲਾਕਾਰਾਂ ਦੀਆਂ ਘੱਟੋ ਘੱਟ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਯਕੀਨੀ ਬਣਾਉਣ, ਲੰਗਰ, ਸਫ਼ਾਈ, ਰਿਹਾਇਸ਼ ਅਤੇ ਮੈਡੀਕਲ ਸਹਾਇਤਾ ਦੀ ਜਾਮਨੀ ਉਪਰ ਵੀ ਜ਼ੋਰ ਦਿੱਤਾ ਗਿਆ।

ਇਸ ਵਾਰ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਸੰਗੀਤ ਨਾਟ ਓਪੇਰਾ ਦੇ ਲੇਖਕ ਅਮੋਲਕ ਸਿੰਘ ਅਤੇ ਨਿਰਦੇਸ਼ਕ ਸਤਪਾਲ ਬੰਗਾ ਨੇ ਦੱਸਿਆ ਕਿ ਗ਼ਦਰੀ ਇਤਿਹਾਸ, ਗੁਲਾਬ ਕੌਰ ਦੀ ਲਾ-ਮਿਸਾਲ ਭੂਮਿਕਾ, ਗ਼ਦਰੀ ਸੁਪਨਿਆਂ ਦੀ ਆਜ਼ਾਦੀ, ਬਰਾਬਰੀ, ਧਰਮ ਨਿਰਪੱਖਤਾ, ਜਾਤ-ਪਾਤ ਦੇ ਕੋਹੜ ਤੋਂ ਮੁਕਤ ਅਤੇ ਸਾਂਝੀਵਾਲਤਾ ਵੱਲ ਜਾਂਦੇ ਮਾਰਗ ਦਾ ਇਹ ਗੀਤ ਪਰਚਮ ਬੁਲੰਦ ਕਰੇਗਾ।

ਉਹਨਾਂ ਦੱਸਿਆ ਕਿ ਫ਼ਲਸਤੀਨ, ਜੰਗਲ ਦੇ ਧੁਖ਼ਦੇ ਸੀਨੇ, ਪ੍ਰਦੇਸਾਂ ਦਾ ਅਜੋਕਾ ਦਰਦ, ਪੰਜਾਬ ਅੰਦਰ ਪਰਵਾਸੀਆਂ ਪ੍ਰਤੀ ਨਫ਼ਰਤ ਦੀ ਹਨੇਰ ਅਤੇ ਸਾਂਝ ਦਾ ਸੁਨੇਹਾ, ਲੋਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲੇ, ਬਿਨਾਂ ਮੁਕੱਦਮਾ ਸ਼ੁਰੂ ਕੀਤੇ ਵਰ੍ਹਿਆਂ ਤੋਂ ਜੇਲ੍ਹੀਂ ਡੱਕੇ ਨੌਜਵਾਨ ਲੜਕੇ-ਲੜਕੀਆਂ ਦੀ ਵੰਗਾਰਮਈ ਦਾਸਤਾਂ ਝੰਡੇ ਦੇ ਗੀਤ ‘ਚ ਪਰੋਈ ਮਿਲੇਗੀ।

27 ਅਕਤੂਬਰ ਸ਼ਾਮ 3:30 ਤੋਂ 4 ਵਜੇ ਦੇ ਦਰਮਿਆਨ ਵਰਕਸ਼ਾਪ ‘ਚ ਭਾਗ ਲੈਣ ਵਾਲੇ ਸਮੂਹ ਕਲਾਕਾਰ ਹਰ ਹਾਲਤ ਦੇਸ਼ ਭਗਤ ਯਾਦਗਾਰ ਹਾਲ ਯਕੀਨਨ ਪੁੱਜ ਜਾਣਗੇ। ਇਹ ਵਰਕਸ਼ਾਪ ਦਿਨ ਰਾਤ ਚੱਲੇਗੀ ਅਤੇ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡੇ ਦੇ ਗੀਤ ਦੀ ਪੇਸ਼ਕਾਰੀ ਹੋਏਗੀ।

ਅੱਜ ਦੀ ਮੀਟਿੰਗ ‘ਚ ਗੀਤ ਦੇ ਲੇਖਕ ਅਮੋਲਕ ਸਿੰਘ, ਨਿਰਦੇਸ਼ਕ ਸੱਤਪਾਲ ਬੰਗਾ ਪਟਿਆਲਾ, ਡਾ. ਮੰਗਤ ਰਾਏ, ਡਾ. ਸੈਲੇਸ਼, ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਹਰਵਿੰਦਰ ਭੰਡਾਲ, ਜਗਤਾਰ ਬਾਹੋਵਾਲ, ਐਸ.ਪੀ.ਸਿੰਘ, ਕਮਲਜੀਤ ਕੌਰ ਬਰਨਾਲਾ, ਗੁਰਜਿੰਦਰ ਸਿੰਘ ਆਰ.ਸੀ.ਐੱਫ., ਫੁਲਵਿੰਦਰ ਸਿੰਘ, ਸੁਖਦੇਵ ਸਿੰਘ ਅੰਮ੍ਰਿਤਸਰ, ਗੁਰਮੀਤ, ਬਲਜੀਤ ਕੌਰ ਬੱਲ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *