ਪੰਜਾਬ ਸਟੂਡੈਂਟਸ ਯੂਨੀਅਨ ਨੇ ਕੀਤੀ ਕਾਲਜ ਕਮੇਟੀ ਦੀ ਚੋਣ, ਦਿਲਕਰਨ ਰਤਨਪੁਰਾ ਨੂੰ ਕਮੇਟੀ ਦਾ ਪ੍ਰਧਾਨ ਅਤੇ ਪ੍ਰਵੀਨ ਕੌਰ ਨੂੰ ਸਕੱਤਰ ਚੁਣਿਆ!
ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਬਚਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਕੀਤਾ ਪ੍ਰੇਰਿਤ
ਫਾਜ਼ਿਲਕਾ (ਪਰਮਜੀਤ ਢਾਬਾਂ)
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਦੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੂੰ ਸਾਡੇ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਅਤੇ ਸਿੱਖਿਆ ਸੰਸਥਾਵਾਂ ਬਚਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਲਗਾਤਾਰ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਬਣਾਕੇ ਵਿਦਿਆਰਥੀਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ।
ਇਸਦੇ ਤਹਿਤ ਹੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੋਂਪਣ ਦੀ ਤਿਆਰੀ ਹੈ ਅਤੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਵੀ ਲਗਾਤਾਰ ਛੇੜ ਛਾੜ ਕੀਤੀ ਜਾ ਰਹੀ ਹੈ। ਸ਼ਹੀਦਾਂ ਅਤੇ ਸਿੱਖ ਇਤਿਹਾਸ ਨੂੰ ਸਿਲੇਬਸਾਂ ਵਿੱਚੋ ਬਾਹਰ ਕੱਢ ਕੇ ਆਰ. ਐੱਸ.ਐੱਸ ਦੇ ਹਿੰਦੂਤਵੀ ਏਜੰਡੇ ਅਤੇ ਮਿਥਿਹਾਸ ਨੂੰ ਜ਼ਬਰੀ ਸਿਲੇਬਸ ਵਿੱਚ ਥੋਪੀਆਂ ਜਾ ਰਿਹਾ ਹੈ। ਲਗਾਤਾਰ ਸਿੱਖਿਆ ਦਾ ਕੇਂਦਰੀਕਰਨ ਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਚਲਦੀ ਹੋਈ ਇਸ ਨੀਤੀ ਨੂੰ ਪੰਜਾਬ ਵਿੱਚ ਤੇਜੀ ਨਾਲ ਲਾਗੂ ਕਰਨ ਲੱਗੀ ਹੋਈ ਹੈ। ਇਸਦੇ ਤਹਿਤ ਹੀ ਪੰਜਾਬ ਦੇ ਬਹੁਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਕਾਲਜ ਵੀ ਬੰਦ ਹੋਣ ਕਿਨਾਰੇ ਹਨ।
ਪੰਜਾਬ ਦੇ ਬਹੁਤ ਸਾਰੇ ਕਾਲਜ ਅਤੇ ਸਕੂਲ ਪ੍ਰਿੰਸੀਪਲ ਤੋਂ ਬਿਨਾਂ ਹੀ ਚਲਾਏ ਜਾ ਰਹੇ ਹਨ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਹੋਕੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਅਤੇ ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਨੇ ਕਿਹਾ ਕਿ ਵਿਦਿਆਰਥੀਆਂ ਸਾਹਮਣੇ ਅਨੇਕਾਂ ਚੁਣੌਤੀਆਂ ਹਨ। ਵਿਦਿਆਥੀਆਂ ਦੇ ਸਾਹਮਣੇ ਸਿੱਖਿਆ ਅਤੇ ਰੁਜ਼ਗਾਰ ਦਾ ਸੰਕਟ ਹੈ। ਨਵੀਂ ਸਿੱਖਿਆ ਨੀਤੀ ਦੇ ਤਹਿਤ ਸਾਡੇ ਵਿਦਿਆਰਥੀਆਂ ਦੇ ਸਬਜੈਕਟਾਂ ਵਿੱਚ ਵਾਧਾ ਕੀਤਾ ਗਿਆ ਹੈ।
ਜਿਸਦਾ ਸਿਲੇਬਸ ਅਧਿਆਪਕ ਅਤੇ ਵਿਦਿਆਰਥੀਆਂ ਦੀ ਸਮਝ ਤੋ ਬਾਹਰ ਹੈ ਜਿਸ ਕਰਕੇ ਵਿਦਿਆਥੀਆਂ ਦਾ ਸਿਲੇਬਸ ਵੀ ਪੂਰਾ ਨਹੀਂ ਹੁੰਦਾ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੀ ਪੇਪਰਾਂ ਵਿੱਚ ਰੀ-ਅਪੀਅਰ ਆਉਂਦੀ ਹੈ ਜਿਸ ਦੀ ਯੂਨੀਵਰਸਿਟੀਆਂ ਵੱਲੋਂ ਮੋਟੀਆ ਫ਼ੀਸਾਂ ਲਗਾ ਕੇ ਵਿਦਿਆਰਥੀਆਂ ਦੀ ਲੁੱਟ ਕੀਤੀ ਜਾਂਦੀ ਹੈ। ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਅਧੂਰੀ ਛੱਡ ਦਿੰਦੇ ਹਨ ਅਤੇ ਇਸ ਤੋਂ ਇਲਾਵਾਂ ਵੀ ਨੌਜਵਾਨਾਂ ਅਤੇ ਵਿਦਿਆਰਥੀਆਂ ਸਾਹਮਣੇ ਸਿੱਖਿਆ ਅਤੇ ਰੁਜ਼ਗਾਰ ਦਾ ਸੰਕਟ ਹੈ ਇਸ ਲਈ ਵਿਦਿਆਰਥੀਆਂ ਨੂੰ ਜਥੇਬੰਦ ਹੋਕੇ ਆਪਣੇ ਸ਼ਹਿਦਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਸੰਘਰਸ਼ ਵਿੱਢਣਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਐਮ.ਆਰ.ਸਰਕਾਰੀ ਕਾਲਜ ਦੀ 45 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸਦੇ ਵਿੱਚ ਦਿਲਕਰਨ ਰਤਨਪੁਰਾ ਨੂੰ ਕਾਲਜ ਕਮੇਟੀ ਦਾ ਪ੍ਰਧਾਨ, ਅਰਸ਼ਦੀਪ ਸਿੰਘ ਲੱਖੇ ਕੇ ਹਿਠਾੜ ਨੂੰ ਮੀਤ ਪ੍ਰਧਾਨ, ਪ੍ਰਵੀਨ ਕੌਰ ਨੂੰ ਸਕੱਤਰ, ਅਮਨਦੀਪ ਕੌਰ ਸਹਾਇਕ ਸੱਕਤਰ, ਸਾਜਨ ਸ਼ਮਸ਼ਾਬਾਦ ਪ੍ਰੈੱਸ ਸਕੱਤਰ, ਅਰਸ਼ਦੀਪ ਜੋਧਾ ਭੈਣੀ ਨੂੰ ਖਜਾਨਚੀ, ਗੁਰਪ੍ਰੀਤ ਬਾਹਮਣੀ ਸ਼ੋਸ਼ਲ ਮੀਡੀਆ ਵਰਕਰ ਅਤੇ ਬਾਕੀ ਮੈਂਬਰ ਵਜੋਂ ਚੁਣੇ ਗਏ।

