Punjab News- ਸਰਕਾਰੀ ਸਕੂਲਾਂ ਦੇ ਸਫਾਈ ਸੇਵਕਾਂ ਦੀ ਤਨਖਾਹਾਂ ਤੁਰੰਤ ਜਾਰੀ ਕਰੇ ਸਰਕਾਰ: ਡੀ.ਟੀ.ਐਫ਼.
Punjab News- ਸਿੱਖਿਆ ਵਿਭਾਗ ਦੇ ਵਿੱਤੀ ਕੰਮਾਂ ਦਾ ਤਾਣਾ ਬਾਣਾ ਬੁਰੀ ਤਰਾਂ ਉਲਝ ਗਿਆ ਹੈ। ਸਰਕਾਰ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਤੇ ਤਲਵਿੰਦਰ ਸਿੰਘ ਖਰੌੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐੱਸ ਐੱਮ ਸੀ ਰਾਹੀਂ ਮਹਿਜ ਤਿੰਨ ਹਜਾਰ ਦੀ ਨਿਗੂਣੀ ਤਨਖਾਹ ਤੇ ਰੱਖੇ ਸਫਾਈ ਸੇਵਕ ਪਿਛਲੇ ਛੇ-ਛੇ ਮਹੀਨੇ ਤੋ ਤਨਖਾਹ ਲੈਣ ਲਈ ਤਰਸ ਰਹੇ ਹਨ ਪਰ ਵਿਭਾਗ ਕੋਈ ਹੱਥ-ਪੱਲਾ ਨਹੀਂ ਫੜਾ ਰਿਹਾ।
ਇਸੇ ਤਰਾਂ ਅਧਿਆਪਕਾਂ ਨੇ ਸਕੂਲਾਂ ਦੇ ਵੱਖ -ਵੱਖ ਕੰਮ ਜਿਵੇਂ ਕਮਰੇ, ਚਾਰ ਦੀਵਾਰੀਆਂ ਅਤੇ ਬਾਥਰੂਮ ਦੀ ਉਸਾਰੀ ਦੁਕਾਨਦਾਰਾਂ ਤੋ ਉਧਾਰ ਸਮਾਨ ਚੁੱਕ ਕੇ ਕਰ ਲਈ ਪਰ ਇਹਨਾਂ ਗ੍ਰਾਂਟਾ ਦਾ ਵੱਡਾ ਹਿੱਸਾ ਸਰਕਾਰ ਵੱਲੋਂ ਸਕੂਲਾਂ ਨੂੰ ਨਹੀਂ ਭੇਜਿਆ ਗਿਆ।
ਅਧਿਆਪਕ ਪਿਛਲੇ ਸਾਲ ਤੋ ਇਹ ਗ੍ਰਾਂਟਾ ਉਡੀਕ ਰਹੇ ਹਨ ਅਤੇ ਦੁਕਾਨਦਾਰ ਆਪਣੀਆਂ ਪੇਮੈਂਟਾਂ ਲੈਣ ਲਈ ਸਕੂਲਾਂ ਦੇ ਚੱਕਰ ਕੱਟ ਰਹੇ ਹਨ |ਇਸੇ ਤਰਾਂ ਹੀ ਵਰਦੀਆਂ ਦੇ ਬਿੱਲ ਜਮਾਂ ਕਰਵਾਏ ਤਿੰਨ ਚਾਰ ਮਹੀਨੇ ਬੀਤ ਗਏ ਹਨ ਪਰ ਉਸਦੀ ਵੀ ਪੇਮੈਂਟ ਅਜੇ ਤੱਕ ਨਹੀਂ ਆਈ ਤੇ ਵਰਦੀਆਂ ਦੇਣ ਵਾਲੇ ਦੁਕਾਨਦਾਰ ਅਗਲੇ ਸਾਲ ਤੋ ਵਰਦੀਆਂ ਦੇਣ ਲਈ ਹੱਥ ਖੜੇ ਕਰ ਰਹੇ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਮੰਗ ਕੀਤੀ ਕਿ ਵਿਭਾਗ ਦੇ ਸਭ ਤੋ ਵੱਧ ਸੋਸ਼ਿਤ ਕਾਮੇ ਸਫਾਈ ਸੇਵਕਾਂ ਦੀ ਤਨਖਾਹ ਤੁਰੰਤ ਪਾਈ ਜਾਵੇ ਤਾ ਜੋ ਉਹ ਤਿਉਹਾਰਾਂ ਦੇ ਦਿਨਾਂ ਚ ਆਵਦਾ ਗੁਜ਼ਾਰਾ ਕਰ ਸਕਣ।
ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਕੰਮ ਸ਼ੁਰੂ ਕਰਵਾਉਣ ਤੋ ਪਹਿਲਾਂ ਸਕੂਲਾਂ ਦੇ ਖਾਤਿਆਂ ਵਿੱਚ ਗ੍ਰਾਂਟਾ ਪਾਇਆ ਕਰੇ ਤਾ ਜੋ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾਂ ਕਰਨਾ ਪਵੇ।

