ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਭਾਰੀ ਅਸਲੇ ਸਮੇਤ 2 ਅੱਤਵਾਦੀ ਗ੍ਰਿਫਤਾਰ!
Punjab News-
ਅੰਮ੍ਰਿਤਸਰ ਦਿਹਾਤੀ ਪੁਲਿਸ (ਪੰਜਾਬ ਪੁਲਿਸ) ਨੇ ਕੇਂਦਰੀ ਏਜੰਸੀਆਂ (Central Agencies) ਨਾਲ ਤਾਲਮੇਲ ਕਰਕੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਰਾਕੇਟ ਪ੍ਰੋਪੇਲਡ ਗ੍ਰੇਨੇਡ (RPG) ਬਰਾਮਦ ਕੀਤਾ ਗਿਆ ਹੈ, ਜੋ ਇੱਕ ਟਾਰਗੇਟਡ ਅੱਤਵਾਦੀ ਹਮਲੇ ਵਿੱਚ ਵਰਤਿਆ ਜਾਣਾ ਸੀ।
ਪੁਲਿਸ ਨੇ ਜਿਨ੍ਹਾਂ ਦੋ ਅੱਤਵਾਦੀਆਂ ਨੂੰ ਫੜਿਆ ਹੈ, ਉਨ੍ਹਾਂ ਦੀ ਪਛਾਣ ਮਹਿਕਦੀਪ ਸਿੰਘ ਉਰਫ਼ ਮਹਿਕ (Mehakdeep Singh alias Mehak) ਅਤੇ ਆਦਿਤਿਆ ਉਰਫ਼ ਆਢੀ (Aditya alias Adhi) ਵਜੋਂ ਹੋਈ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ (ISI) ਦੇ ਇੱਕ ਆਪ੍ਰੇਟਿਵ ਦੇ ਸੰਪਰਕ ਵਿੱਚ ਸਨ, ਜਿਸਨੇ ਉਨ੍ਹਾਂ ਨੂੰ ਇਹ ਹਥਿਆਰ ਸਪਲਾਈ ਕੀਤਾ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਦੋਸ਼ੀ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ (Ferozepur Jail) ਵਿੱਚ ਬੰਦ ਹਰਪ੍ਰੀਤ ਸਿੰਘ ਉਰਫ਼ ਵਿੱਕੀ (Harpreet Singh alias Vicky) ਦੇ ਸੰਪਰਕ ਵਿੱਚ ਸਨ।
ਪੁਲਿਸ ਦਾ ਮੰਨਣਾ ਹੈ ਕਿ ਉਹੀ ਇਨ੍ਹਾਂ ਅੱਤਵਾਦੀਆਂ ਨੂੰ ਨਿਰਦੇਸ਼ ਦੇ ਰਿਹਾ ਸੀ ਅਤੇ ਹਮਲੇ ਦੀ ਯੋਜਨਾ ਤਿਆਰ ਕਰਵਾ ਰਿਹਾ ਸੀ। ਇਸ ਸਬੰਧ ਵਿੱਚ ਘਰਿੰਡਾ ਪੁਲਿਸ ਸਟੇਸ਼ਨ ਵਿਖੇ ਐਫਆਈਆਰ (FIR) ਦਰਜ ਕੀਤੀ ਗਈ ਹੈ। ਪੂਰੇ ਅੱਤਵਾਦੀ ਨੈੱਟਵਰਕ ਦੀ ਪਛਾਣ ਅਤੇ ਉਸਦੇ ਵਿੱਤੀ ਸਰੋਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਪਾਕਿ-ਪ੍ਰਾਯੋਜਿਤ ਅੱਤਵਾਦੀ ਗਤੀਵਿਧੀਆਂ ਅਤੇ ਅੰਤਰਰਾਸ਼ਟਰੀ ਅਪਰਾਧ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।
ਪੁਲਿਸ ਨੇ ਸਪੱਸ਼ਟ ਕੀਤਾ ਕਿ ਸਰਹੱਦ ਪਾਰ ਤੋਂ ਹੋ ਰਹੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਤੋੜਨਾ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ।

