ਦੁਨੀਆਂ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਨਸ਼ਾ ਸਮੱਗਲਰਾਂ ਵਲੋਂ ਗੋਲੀ ਮਾਰਨ ਦੀ ਧਮਕੀ

All Latest NewsNews FlashPunjab News

 

ਯੁੱਧ ਨਸ਼ਿਆਂ ਵਿਰੁੱਧ ਜਾਂ ਇਸ ਖਿਲਾਫ਼ ਬੋਲਣ ਵਾਲਿਆਂ ਵਿਰੁੱਧ: ਪੀਟਰ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਿੰਦਾ, ਕਾਰਵਾਈ ਦੀ ਮੰਗ

ਜਲੰਧਰ

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਅਧੀਨ ਪੈਂਦੇ ਪਿੰਡ ਰਸੂਲਪੁਰ ਵਿੱਚ ਚਿੱਟੇ ਨਾਲ ਹੋਈ ਮੌਤ ਦੇ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ “ਦੁਨੀਆਂ ਚੈਨਲ” ਦੇ ਪੱਤਰਕਾਰ ਮਨਦੀਪ ਨੂੰ ਨਸ਼ਾ ਸਮੱਗਲਰਾਂ ਵਲੋਂ ਗੋਲ਼ੀ ਮਾਰਨ ਦੀ ਧਮਕੀ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਉਪਰੋਕਤ ਮਾਮਲੇ ਸੰਬੰਧੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਦੁਆਰਾ ਜਾਰੀ ਕੀਤੇ ਪ੍ਰੈੱਸ ਬਿਆਨ ਨੂੰ ਵਾਪਿਸ ਲੈਣ ਅਤੇ ਦੁਨੀਆਂ ਚੈਨਲ ਦੇ ਪੱਤਰਕਾਰ ਮਨਦੀਪ ਰਸੂਲਪੁਰ ਨੂੰ ਵੀਡਿਉ ਚੈਨਲ ਤੋਂ ਹਟਾਉਣ ਲਈ ਕਿਹਾ ਅਤੇ ਅਜਿਹਾ ਨਾ ਕਰਨ ਉਪਰੰਤ ਨਸ਼ਾ ਸਮੱਗਲਰਾਂ ਵਲੋਂ ਪੱਤਰਕਾਰ ਮਨਦੀਪ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇਣਾ ਸਿੱਧ ਕਰਦਾ ਹੈ ਕਿ ਨਸ਼ਾ ਸਮੱਗਲਰਾਂ ਨੂੰ ਸਿਆਸੀ ਇਸ਼ਾਰੇ ਉੱਤੇ ਪੁਲਿਸ ਦੀ ਸਰਪ੍ਰਸਤੀ ਹਾਸਿਲ ਹੈ। ਨਸ਼ਾ ਸਮੱਗਲਿੰਗ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨਾ ਹੋ ਕੇ ਇਸ ਕੋਹੜ ਦੇ ਖ਼ਾਤਮੇ ਲਈ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਸਿਆਸੀ ਅਤੇ ਪੁਲਿਸ ਦੀ ਪੁਸ਼ਤਪਨਾਹੀ ਹੋਣ ਕਰਕੇ ਹੀ ਉਹ ਇਸ ਤਰਾਂ ਦੀਆਂ ਸ਼ਰੇਆਮ ਧਮਕੀਆਂ ਦੇਣ ਦੀ ਜੁਰੱਅਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ ਵੀ ਵੀਡਿਉ ਡੀਲਿਟ ਕਰਨ ਨੂੰ ਕਹਿ ਰਹੇ ਹਨ ਤੇ ਪੁਲਿਸ ਵੀ ਪੱਤਰਕਾਰ ਨੂੰ ਇਹੀ ਕਹਿ ਰਹੀ ਹੈ ਅਤੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਨੂੰ ਜਗਰਾਉਂ ਪ੍ਰੈੱਸ ਤੇ ਸੋਸ਼ਲ ਮੀਡੀਆ ਉੱਤੇ ਜਾਰੀ ਕੀਤਾ ਪ੍ਰੈੱਸ ਬਿਆਨ ਵਾਪਿਸ ਲੈਣ ਲਈ ਕਹਿ ਰਹੀ ਹੈ। ਫਿਰ ਨਸ਼ਾ ਸਮੱਗਲਰਾਂ ਤੇ ਪੁਲਿਸ ਵਿੱਚ ਕੀ ਫਰਕ ਰਹਿ ਗਿਆ।

ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਅਖੌਤੀ ਮੁਹਿੰਮ ਦੀ ਹਕੀਕਤ ਇਹੀ ਹੈ ਕਿ ਹਰ ਦੂਜੇ ਤੀਜੇ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਚਿੱਟੇ ਨਾਲ ਨੌਜਵਾਨ ਦਾ ਸਿਵਾ ਬਲਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵਾਲੇ ਮੁੱਖ ਮੰਤਰੀਆਂ ਦੀ ਤਰਾਂ ਐਫ ਆਈ ਆਰਜ, ਗਿਰਫਤਾਰ ਨਸ਼ਾ ਸਮੱਗਲਰਾਂ ਦੀ ਗਿਣਤੀ, ਫੜੇ ਗਏ ਨਸ਼ੇ ਦਾ ਵਜਨ ਦੱਸ ਕੇ ਮਸ਼ੂਹਰੀਆਂ ‘ਤੇ ਕਰੋੜਾਂ ਰੁਪਏ ਰੋੜ ਰਿਹਾ ਹੈ। ਪਰ ਅਜੇ ਤੱਕ ਕੋਈ ਐਮ ਐਲ ਏ ਇਹ ਨੀ ਦਾਅਵਾ ਕਰ ਪਾਇਆ ਕਿ ਫਲਾਣਾ ਪਿੰਡ ਅਸਲੀਅਤ ਵਿੱਚ ਨਸ਼ਾ ਅਤੇ ਨਸ਼ਾ ਸਮੱਗਲਰਾਂ ਤੋਂ ਮੁਕਤ ਹੈ।

ਮੁੱਖ ਮੰਤਰੀ ਸਾਹਿਬ ਵੱਡੇ ਨਸ਼ਾ ਸਮੱਗਲਰਾਂ ਦੇ ਨਾਮ, ਨਸ਼ਾ ਸਮੱਗਲਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ, ਵੋਟ ਬਟੋਰੂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਨਾਮ ਅਤੇ ਇਹਨਾਂ ਖਿਲਾਫ ਕਿੱਥੇ ਕਿੱਥੇ ਕੀ ਕਾਰਵਾਈ ਕੀਤੀ, ਇਹ ਨਹੀਂ ਦੱਸ ਪਾਏ।

ਉਨ੍ਹਾਂ ਕਿਹਾ ਕਿ ਪੁਲਿਸ,ਸਿਆਸੀ, ਨਸ਼ਾ ਸਮੱਗਲਰ ਗਠਜੋੜ ਲੋਕਾਂ ਦੀ ਆਵਾਜ ਬਣ ਰਹੇ ਮੀਡੀਆ ਅਤੇ ਯੂਨੀਅਨ ਨੂੰ ਦਬਾਉਣ ਦੀ ਲੱਖ ਕੋਸ਼ਿਸ਼ ਕਰੇ ਪਰ ਸਫ਼ਲ ਨਹੀਂ ਹੋ ਸਕਦਾ। ਯੂਨੀਅਨ ਨੇ ਮੰਗ ਕੀਤੀ ਕਿ ਦੁਨੀਆਂ ਚੈਨਲ ਦੇ ਪੱਤਰਕਾਰ ਮਨਦੀਪ ਧਮਕੀਆਂ ਦੇਣ ਵਾਲੇ ਨਸ਼ਾ ਸਮੱਗਲਰਾਂ ਅਤੇ ਲੁਧਿਆਣਾ ਦਿਹਾਤੀ ਦੇ ਸੰਬੰਧਿਤ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

 

Media PBN Staff

Media PBN Staff

Leave a Reply

Your email address will not be published. Required fields are marked *