Punjab News- DTF, 6635 ਅਧਿਆਪਕ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਦਫ਼ਤਰ SDM ਜੀਰਾ ਦਾ 27 ਅਕਤੂਬਰ ਨੂੰ ਘਿਰਾਓ ਦਾ ਐਲਾਨ

All Latest NewsNews FlashPunjab NewsTop BreakingTOP STORIES

 

Punjab News- ਡੀ.ਟੀ.ਐੱਫ, 6635 ਅਧਿਆਪਕ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਦਫ਼ਤਰ ਐਸ.ਡੀ.ਐਮ ਜੀਰਾ ਦਾ 27 ਅਕਤੂਬਰ ਨੂੰ ਘਿਰਾਓ ਦਾ ਐਲਾਨ

ਮੁੱਖ ਮੰਤਰੀ /ਸਿੱਖਿਆ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਡਿਊਟੀਆਂ ਲਗਾਉਣਾ ਗੈਰ ਵਾਜਬ – ਮਲਕੀਤ ਸਿੰਘ ਹਰਾਜ / ਦੀਪਕ ਕੰਬੋਜ

ਫਿਰੋਜ਼ਪੁਰ

Punjab News- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਉਣ ਸਬੰਧੀ ਵੱਖ-ਵੱਖ ਪਲੇਟਫਾਰਮਾਂ ਤੋਂ ਐਲਾਨ ਕੀਤਾ ਗਿਆ ਪ੍ਰੰਤੂ ਇਸਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਦੀ ਵੱਡੇ ਪੱਧਰ ‘ਤੇ ਪਰਾਲੀ ਸਾੜਣ ਤੋਂ ਰੋਕਣ, ਬੀ. ਐੱਲ.ਓ. ਅਤੇ ਹੜ ਕੰਟਰੋਲ ਸਮੇਤ ਹੋਰ ਬਹੁਤ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ ਲਗਾ ਕੇ ਸਕੂਲਾਂ ਦਾ ਵਿੱਦਿਅਕ ਮਾਹੌਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਪਿਛਲੇ ਦਿਨੀਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਗ ਦੀ ਰੋਕਥਾਮ ਲਈ ਵੱਡੀ ਗਿਣਤੀ ਵਿੱਚ ਜੀਰਾ ਅਤੇ ਫਿਰੋਜ਼ਪੁਰ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਜਿਨ੍ਹਾਂ ਪਿੰਡਾਂ ਵਿੱਚ ਅੱਗ ਦੀ ਰੋਕਥਾਮ ਲਈ ਡਿਊਟੀਆਂ ਲਗਾਈਆਂ ਗਈਆਂ, ਸਬੰਧਿਤ ਕਰਮਚਾਰੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ, ਪਰ ਫਿਰ ਵੀ ਖੇਤਾਂ ਵਿੱਚ ਪਰਾਲੀ ਦੀ ਲੱਗੀ ਅੱਗ ਦੇ ਹਵਾਲੇ ਨਾਲ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਅਤੇ ਹੋਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਗ਼ਲਤ ਵਰਤਾਰਾ ਹੈ।

ਜਿਸ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਦੀਪਕ ਕੰਬੋਜ 6635 ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ ਸ਼ਲਿੰਦਰ ਕੰਬੋਜ, ਡੀ.ਟੀ.ਐੱਫ.ਫ਼ਿਰੋਜ਼ਪੁਰ ਦੇ ਜ਼ਿਲ੍ਹਾ ਸਕੱਤਰ ਅਮਿਤ ਕੁਮਾਰ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ ਦਫਤਰ ਐੱਸ.ਡੀ.ਐੱਮ.ਜੀਰਾ ਵਿਖੇ 27 ਅਕਤੂਬਰ ਦਿਨ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਧਮਕੀਆਂ ਦਾ ਸੰਘਰਸ਼ ਰਾਹੀਂ ਦਿੱਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਪੜ੍ਹਾਉਣ ਲਈ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਡਿਊਟੀਆਂ ਤੋਂ ਹਟਾ ਦਿੰਦੀ ਹੈ ਤਾਂ ਅਧਿਆਪਕ ਬੱਚਿਆਂ ਦਾ ਸਿਲੇਬਸ ਕਿਵੇਂ ਪੂਰਾ ਕਰ ਸਕਣਗੇ ? ਸਿੱਟੇ ਵਜੋਂ ਜੇਕਰ ਪ੍ਰੀਖਿਆ ਦੇ ਨਤੀਜੇ ਤਸੱਲੀਬਖਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜ ਆਉਣ ਕਾਰਨ ਪਹਿਲਾਂ ਹੀ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਰਹੀਆਂ ਹਨ, ਜਿਸਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਗਲਤ ਕੰਮ ਕਰਨ ਵਾਲੇ ਕਿਸਾਨਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਵੀ ਕਿਹਾ ਹੈ ਜੋ ਕਿ ਹੋਰ ਵੀ ਗ਼ਲਤ ਵਰਤਾਰਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਬਦਲਵੇਂ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਨ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨਾਂ ਵਿੱਚ ਵਾਹੁਣ ਲਈ ਕਿਸਾਨਾਂ ਦੀ ਮੰਗ ਅਨੁਸਾਰ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।

ਇਸ ਮੌਕੇ ਮੌਕੇ ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ, ਗੁਰਵਿੰਦਰ ਸਿੰਘ ਖੋਸਾ ਰਵਿੰਦਰ ਕੰਬੋਜ਼, ਜਸ਼ਨ ਕੰਬੋਜ਼, ਸੁਖਮੰਦਰ ਕੰਬੋਜ਼, ਸੰਦੀਪ ਕੁਮਾਰ,ਅਮਨਦੀਪ ਸਿੰਘ,ਰਾਕੇਸ਼ ਕੁਮਾਰ, ਮਨੋਜ ਕੁਮਾਰ ਲਖਵਿੰਦਰ ਸਿੰਘ ਸਿਮਕ, ਸੰਦੀਪ ਕੁਮਾਰ ਮੱਖੂ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ,ਦਰਸ਼ਨ ਲਾਲ, ਸੁਧੀਰ ਕੁਮਾਰ , ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।

 

Media PBN Staff

Media PBN Staff

One thought on “Punjab News- DTF, 6635 ਅਧਿਆਪਕ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਦਫ਼ਤਰ SDM ਜੀਰਾ ਦਾ 27 ਅਕਤੂਬਰ ਨੂੰ ਘਿਰਾਓ ਦਾ ਐਲਾਨ

Comments are closed.