ਅੰਧ ਵਿਸ਼ਵਾਸਾਂ ਤੋਂ ਮੁਕਤੀ ਦਾ ਰਾਹ ਤਰਕਵਾਦੀ ਸੋਚ: ਜਸਵੀਰ ਸੋਨੀ
ਜਸਵੀਰ ਸੋਨੀ, ਮਾਨਸਾ
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਮਾਨਸਾ ਦੀ ਇਕਾਈ ਕੁਲਰੀਆਂ ਦੀ ਦੋ ਸਾਲਾ ਚੋਣ, ਜੋਨ ਆਗੂ ਜਸਵੀਰ ਸੋਨੀ ਦੀ ਦੇਖਰੇਖ ਹੇਠ ਹੋਈ। ਇਸ ਮੌਕੇ ਇਕਾਈ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਨ ਆਗੂ ਜਸਵੀਰ ਸੋਨੀ ਨੇ ਕਿਹਾ ਕਿ ਤਰਕਸ਼ੀਲ ਸੋਚ ਹੀ ਵਧੀਆ ਜ਼ਿੰਦਗੀ ਜਿਊਣ ਦਾ ਇੱਕੋ ਇੱਕ ਰਾਹ ਹੈ।
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਦੋਂ ਕਿ ਦੁਨੀਆਂ ਦੇ ਵਿਕਸਤ ਦੇਸ਼ ਅੱਗੇ ਵਧ ਰਹੇ ਹਨ ਤਾਂ ਵਿਕਾਸਸ਼ੀਲ ਦੇਸ਼ ਹੋਰ ਪਛੜ ਰਹੇ ਹਨ,ਜਿਸ ਦਾ ਮੁੱਖ ਕਾਰਨ ਹੈ, ਪੁਰਾਣੀਆਂ ਰੂੜੀਵਾਦੀ ਸੋਚ ਦੇ ਧਾਰਨੀ ਹੋਣਾ, ਅੰਧ ਵਿਸ਼ਵਾਸੀ ਮਨੁੱਖ, ਅੰਧ ਵਿਸ਼ਵਾਸੀ ਸਮਾਜ, ਕਦੇ ਵੀ ਅੱਗੇ ਨਹੀਂ ਵਧ ਸਕਦੇ, ਤੇ ਇਹ ਅੰਧ ਵਿਸ਼ਵਾਸ ਫੈਲਾਉਣ ਵਿੱਚ ਪਾਖੰਡੀ ਬਾਬੇ, ਤਾਂਤਰਿਕ ਦਿਨ ਰਾਤ ਲੱਗੇ ਹੋਏ ਹਨ।
ਤਰਕਸ਼ੀਲ ਸੁਸਾਇਟੀ ਇਨ੍ਹਾਂ ਅੰਧ ਵਿਸ਼ਵਾਸਾਂ ਦਾ ਪਰਦਾਫਾਸ਼ ਕਰਨ ਅਤੇ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 51 ਏ ਦੇਸ਼ ਦੇ ਹਰ ਨਾਗਰਿਕ ਨੂੰ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਅਧਿਕਾਰ ਦਿੰਦੀ ਹੈ ਅਤੇ ਗੈਰ ਵਿਗਿਆਨਕ ਗਤੀਵਿਧੀਆਂ ਤੇ ਰੋਕ ਲਾਉਂਦੀ ਹੈ।
ਜਾਦੂ ਟੂਣੇ, ਗੁਮਰਾਹ ਕੁੰਨ ਪ੍ਰਚਾਰ, ਇਸ਼ਤਿਹਾਰ ਬਾਜ਼ੀ, ਗੈਰ ਵਿਗਿਆਨਕ ਇਲਾਜ ਆਦਿ ਤੇ ਰੋਕ ਲਾਉਂਦੀ ਹੈ, 51 ਏ ਅਨੁਸਾਰ ਉਪਰੋਕਤ ਕਾਰਵਾਈਆਂ ਸਜ਼ਾ ਯਾਫਤਾ ਗੁਨਾਹਾਂ ਦੀ ਸੂਚੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ, ਪਰ ਸਾਡੇ ਦੇਸ਼ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਅਵੇਸਲੇਪਨ ਦੇ ਕਾਰਣ ਅੰਧ ਵਿਸ਼ਵਾਸਾਂ ਦਾ ਗੈਰ ਕਾਨੂੰਨੀ ਪ੍ਰਚਾਰ ਨਿੰਰਤਰ ਜਾਰੀ ਹੈ।
ਜਿਸ ਦੇ ਚਲਦਿਆਂ ਲੋਕਾਂ ਦੀ ਆਰਥਿਕ ਮਾਨਸਿਕ ਅਤੇ ਸਰੀਰਕ ਲੁੱਟ ਹੋ ਰਹੀ ਹੈ। ਇਸ ਤੋਂ ਛੁਟਕਾਰੇ ਦਾ ਇੱਕ ਹੀ ਰਾਹ ਹੈ ਤਰਕਵਾਦੀ ਸੋਚ, ਜਿਸ ਲਈ ਸਮਾਜ ਦੇ ਅਗਾਂਹਵਧੂ ਲੋਕਾਂ ਨੂੰ ਅੱਗੇ ਆਉਣ ਅਤੇ ਸੁਸਾਇਟੀ ਦਾ ਸਹਿਯੋਗ ਕਰਨ ਦੀ ਲੋੜ ਹੈ, ਤਾਂ ਕਿ ਅੰਧ ਵਿਸ਼ਵਾਸਾਂ ਦਾ ਖਾਤਮਾ ਕਰਕੇ, ਵਿਗਿਆਨਕ ਸੋਚ ਦੇ ਧਾਰਨੀ ਲੋਕਾਂ ਦਾ ਵਧੀਆ ਸਮਾਜ ਸਿਰਜਿਆ ਜਾ ਸਕੇ।
ਇਸ ਮੌਕੇ ਸਰਵਸੰਮਤੀ ਨਾਲ, ਦਰਸ਼ਨ ਆਜ਼ਾਦ ਨੂੰ ਇਕਾਈ ਦਾ ਜੱਥੇਬੰਦਕ ਮੁਖੀ,ਵਿੱਤ ਵਿਭਾਗ ਕ੍ਰਿਸ਼ਨ ਸਿੰਘ ਕੁਲਰੀਆਂ, ਮਾਨਸਿਕ ਸਿਹਤ ਚੇਤਨਾ ਵਿਭਾਗ, ਜਸਵੀਰ ਰੰਘੜਿਆਲ, ਮੀਡੀਆ ਵਿਭਾਗ ਮੁਖੀ, ਵਧਾਵਾ ਸਿੰਘ ਕੁਲਰੀਆਂ, ਸਭਿਆਚਾਰ ਵਿਭਾਗ ਮੁਖੀ, ਭੀਮ ਮੰਡੇਰ ਨੂੰ ਚੁਣਿਆ ਗਿਆ। ਅਮਨ ਕੁਲਰੀਆਂ,ਪ੍ਰਿਤਪਾਲ ਸਿੰਘ, ਲਾਡੀ ਸਿੰਘ, ਮੇਜ਼ਰ ਸਿੰਘ, ਹਰਚਰਨ ਸਿੰਘ ਆਦਿ ਮੈਂਬਰ ਹਾਜ਼ਰ ਹੋਏ।