ਪੁਰਾਣੀ ਪੈਨਸ਼ਨ ਬਹਾਲੀ ਲਈ DTF ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ! ਇਸ ਦਿਨ ਲਾਇਆ ਜਾਵੇਗਾ ਮੋਰਚਾ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਤਰਨਤਾਰਨ ਵਿਖੇ 2 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ
ਵਿਭਾਗੀ ਤਰੱਕੀਆਂ ਅਤੇ ਬਦਲੀਆਂ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਮੰਗ
ਬਠਿੰਡਾ
ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਦੋ ਨਵੰਬਰ ਨੂੰ ਤਰਨ ਤਾਰਨ ਵਿਖੇ ਤੇ ਜਾ ਰਹੇ ਮਾਰਚ ਵਿੱਚ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਸੂਬਾ ਪੱਧਰੀ ਭਰਵੀਂ ਸਮੂਲੀਅਤ ਕਰਨ ਦਾ ਫੈਸਲਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆ ਤਹਿਤ ਸਿੱਖਿਆ ਕ੍ਰਾਂਤੀ ਦਾ ਢੋਲ ਪਿੱਟਣ ਵਾਲੀ ਆਪ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪ੍ਰੰਤੂ ਸੱਤਾ ਦੇ ਲਗਭਗ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਬਾਅਦ ਮੁਲਾਜ਼ਮਾਂ ਦੀ ਹੱਕੀ ਮੰਗ ਲਾਗੂ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਕਰਕੇ ਸਰਕਾਰ ਦੀ ਇਸ ਵਾਅਦਾ ਖਿਲਾਫੀ ਖਿਲਾਫ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੂਰੇ ਪੰਜਾਬ ਵਿੱਚੋਂ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਕਾਰਕੁਨ ਵੱਡੀ ਪੱਧਰ ਤੇ ਤਰਨ ਤਾਰਨ ਵਿਖੇ ਇਸ ਮਾਰਚ ਵਿੱਚ ਸ਼ਾਮਲ ਹੋਣਗੇ।
ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ ,ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ,ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਪ੍ਰ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ 2 ਨਵੰਬਰ ਨੂੰ ਤਰਨਤਾਰਨ ਵਿਖੇ ਕੀਤੀ ਜਾ ਰਹੀ ਰੋਸ਼ ਰੈਲੀ ਵਿੱਚ ਸੂਬੇ ਭਰ ਵਿੱਚੋਂ ਸੈਂਕੜੇ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਪਹਿਲੀ ਵਾਰ ਮੁਲਾਜ਼ਮ ਹਿੱਤਾਂ ਨੂੰ ਅੱਖੋਂ -ਪਰੋਖੇ ਕਰਕੇ ਦਿਵਾਲੀ ਤੇ ਖਾਲੀ ਖੀਸਾ ਦਿਖਾਇਆ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਸਰਕਾਰ ਵੱਲੋਂ ਲੋਕਾਂ ਲਈ ਐਲਾਨਾਂ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਜਦਕਿ ਸੂਬੇ ਭਰ ਵਿੱਚੋਂ ਅਧਿਆਪਕਾਂ ਵੱਲੋਂ ਜੱਥੇਬੰਦੀ ਨੂੰ ਲੱਗਭਗ 31 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਗਏ ਹਨ। ਜਿਸ ਵਿੱਚੋਂ ਹੁਣ ਤੱਕ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਪਭਾਵਿਤੁ ਖੇਤਰਾਂ ਵਿੱਚ 12 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਬਕਾਇਆ ਰਾਸ਼ੀ ਜਲਦੀ ਹੀ ਲੋੜਵੰਦ ਸਕੂਲੀ ਵਿਦਿਆਰਥੀਆਂ ਅਤੇ ਬਾਕੀ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਵੇਗੀ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀ ਦੀ ਬੋਰਡ ਦੀ ਫੀਸ ਸਮੇਤ ਸਮੁੱਚੀ ਫ਼ੀਸ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੱਥੇਬੰਦੀ ਕੇਵਲ ਆਪਣੇ ਵਿੱਤੀ ਲਾਭਾਂ ਲਈ ਹੀ ਸੰਘਰਸ਼ ਨਹੀਂ ਕਰਦੀ ਸਗੋਂ ਲੋਕ ਹਿਤਾਂ ਲਈ ਵੀ ਹਮੇਸ਼ਾ ਸਰਗਰਮ ਰਹਿੰਦੀ ਹੈ। ਇਸ ਸਮੇਂ ਬਲਾਕ ਪ੍ਰਧਾਨ ਭੋਲਾ ਤਲਵੰਡੀ, ਭੁਪਿੰਦਰ ਸਿੰਘ ਮਾਈਸਰ ਖਾਨਾ, ਰਾਜਵਿੰਦਰ ਸਿੰਘ ਜਲਾਲ, ਬਲਕਰਨ ਸਿੰਘ ਕੋਟਸ਼ਮੀਰ, ਆਸ਼ਵਨੀ ਡੱਬ ਵਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਈਟੀਟੀ , ਮਾਸਟਰ ਕਾਡਰ, ਲੈਕਚਰਾਰ ,ਪ੍ਰਿੰਸੀਪਲ ਅਤੇ ਹੋਰ ਕਾਡਰਾਂ ਦੀਆਂ ਅਸਾਮੀਆਂ ਉੱਪਰ ਜਲਦ ਤੋਂ ਜਲਦ ਪ੍ਰਮੋਸ਼ਨ ਕੀਤੀ ਜਾਵੇ।

