Big News: ਅੰਮ੍ਰਿਤਪਾਲ ਦੀ ਪਾਰਟੀ ਨੇ ਤਿੰਨ ਲੀਡਰਾਂ ਨੂੰ ਪਾਰਟੀ ‘ਚੋਂ ਕੱਢਿਆ
ਗੁਰਕੀਰਤਨ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਬਟਾਲਾ ਅਤੇ ਜਤਿੰਦਰ ਸਿੰਘ ਸੋਹਲ ( ਗੋਰਾ ) ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ
ਅੰਮ੍ਰਿਤਸਰ 16 ਜਨਵਰੀ 2026- ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰੈਸ ਸਕੱਤਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ ਇਕ ਅਖ਼ਬਾਰ ਚ ਛਪੀ ਖ਼ਬਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ’ਤੇ ਗੁਰਕੀਰਤਨ ਸਿੰਘ ਹੁੰਦਲ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਪ੍ਰੀਤ ਸਿੰਘ ਬਟਾਲਾ ਨੂੰ ਹਲਕਾ ਇੰਚਾਰਜ ਬਟਾਲਾ ਅਤੇ ਜਤਿੰਦਰ ਸਿੰਘ ਸੋਹਲ ( ਗੋਰਾ ) ਨੂੰ ਹਲਕਾ ਇੰਚਾਰਜ ਕਾਦੀਆਂ ਦਰਸਾਉਣਾਂ ਪੂਰੀ ਤਰ੍ਹਾਂ ਗਲਤ, ਗੁੰਮਰਾਹਕੁੰਨ ਅਤੇ ਗੈਰ-ਅਧਿਕਾਰਿਤ ਹੈ, ਕਿਉਂਕਿ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਨਿਯੁਕਤੀ ਨਾਂ ਤਾਂ ਕੀਤੀ ਗਈ ਹੈ ਅਤੇ ਨਾਂ ਹੀ ਕਿਸੇ ਅਧਿਕਾਰਿਤ ਆਗੂ ਵੱਲੋਂ ਬਿਆਨ ਰਾਹੀਂ ਐਲਾਨ ਹੋਇਆ ਹੈ।
ਇਸ ਤੋਂ ਇਲਾਵਾ ਖ਼ਬਰ ਦੇ ਸੈਂਟਰ ਵਿੱਚ ਦਿੱਤੀ ਗਈ ਸਬ-ਹੈਡਿੰਗ ਰਾਹੀਂ “ਜਨਰਲ ਸਕੱਤਰ” ਵਰਗਾ ਅਹੁੱਦਾ ਦਰਸਾ ਕੇ ਪਾਰਟੀ ਦੇ ਢਾਂਚੇ ਬਾਰੇ ਗਲਤ ਧਾਰਨਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਸ ਅਹੁਦੇ ਲਈ ਵੀ ਕਿਸੇ ਵਿਅਕਤੀ ਦੀ ਕੋਈ ਅਧਿਕਾਰਿਤ ਨਿਯੁਕਤੀ ਨਹੀਂ ਕੀਤੀ ਗਈ। ਭਾਈ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ ਪਾਰਟੀ ਦੇ ਨਾਂ ’ਤੇ ਆਪਣੀ ਮਰਜ਼ੀ ਨਾਲ ਅਹੁੱਦੇ ਵਰਤਣਾਂ, ਝੂਠੀਆਂ ਨਿਯੁਕਤੀਆਂ ਦਿਖਾਉਣਾਂ ਅਤੇ ਮੀਡੀਆ ਵਿੱਚ ਗਲਤ ਜਾਣਕਾਰੀ ਪ੍ਰਚਾਰਿਤ ਕਰਵਾਉਣਾ ਗੰਭੀਰ ਅਨੁਸ਼ਾਸਨਹੀਣਤਾ ਹੈ, ਜਿਸਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ।
ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਕੀਰਤਨ ਸਿੰਘ ਹੁੰਦਲ, ਗੁਰਪ੍ਰੀਤ ਸਿੰਘ (ਬਟਾਲਾ) ਅਤੇ ਜਤਿੰਦਰ ਸਿੰਘ ਸੋਹਲ (ਗੋਰਾ) ਨੂੰ ਪਾਰਟੀ ਦੀ ਅਨੁਸ਼ਾਸਨੀ ਮੇਟੀ ਦੀ ਸਿਫਾਰਸ਼ ਦੇ ਅਧਾਰ ਤੇ ਸੀਨੀਅਰ ਲੀਡਰਸ਼ਿਪ ਦੇ ਹੁਕਮਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕੀਤਾ ਜਾਂਦਾ ਹੈ ਅਤੇ ਅਗਲੇ ਹੁਕਮਾਂ ਤੱਕ ਪਾਰਟੀ ਨਾਲ ਉਨ੍ਹਾਂ ਦਾ ਕੋਈ ਵੀ ਨਾਤਾ ਨਹੀਂ ਰਹੇਗਾ।
ਉਨ੍ਹਾਂ ਨੇ ਸਮੂਹ ਸੰਗਤ, ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਗੁੰਮਰਾਹ ਕਰਨ ਵਾਲੀਆਂ ਖ਼ਬਰਾਂ, ਨਕਲੀ ਅਹੁੱਦਿਆਂ ਅਤੇ ਗੈਰ-ਅਧਿਕਾਰਿਤ ਦਾਅਵਿਆਂ ਤੋਂ ਸਾਵਧਾਨ ਰਹਿੰਦੇ ਹੋਏ ਸਿਰਫ਼ ਅਕਾਲੀ ਦਲ ਵਾਰਿਸ ਪੰਜਾਬ ਦੇ ਅਧਿਕਾਰਿਤ ਬਿਆਨਾਂ ਅਤੇ ਪਲੇਟਫਾਰਮਾਂ ’ਤੇ ਹੀ ਭਰੋਸਾ ਕੀਤਾ ਜਾਵੇ, ਕਿਉਂਕਿ ਪਾਰਟੀ ਆਪਣੇ ਅਨੁਸ਼ਾਸਨ, ਪੰਥਕ ਸਿਧਾਂਤਾਂ ਅਤੇ ਸੰਘਰਸ਼ੀ ਰਾਹ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਹਰ ਪੱਧਰ ’ਤੇ ਡੱਟ ਕੇ ਜਵਾਬ ਦਿੱਤਾ ਜਾਵੇਗਾ।

