ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਦਰਸ਼ਨ

All Latest NewsNews FlashPunjab NewsTOP STORIES

 

ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੋਕ ਗਰਜੇ

ਬੀਜ ਬਿੱਲ, ਬਿਜਲੀ ਬਿੱਲ, ਫ੍ਰੀ ਟਰੇਡ ਐਗਰੀਮੈਂਟ, ਲੇਬਰ ਕੋਡ, ਨਰੇਗਾ ਕਾਨੂੰਨ ਨੂੰ ਖਤਮ ਕਰਨ ਖ਼ਿਲਾਫ਼ ਕੇਂਦਰ ਦੀ ਬੀਜੇਪੀ ਸਰਕਾਰ ਖਿਲਾਫ਼ ਲੋਕ ਰੋਹ ਸੜਕਾਂ ‘ਤੇ ਹੈ।

ਫਾਜ਼ਿਲਕਾ (ਪਰਮਜੀਤ ਢਾਬਾਂ)

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਦੇਸ਼ ਪੱਧਰੀ ਸੱਦੇ ਤਹਿਤ ਬੀਜ ਬਿੱਲ, ਬਿਜਲੀ ਬਿੱਲ, ਫ੍ਰੀ ਟਰੇਡ ਐਗਰੀਮੈਂਟ, ਲੇਬਰ ਕੋਡ, ਨਰੇਗਾ ਕਾਨੂੰਨ ਨੂੰ ਖਤਮ ਕਰਨ ਖ਼ਿਲਾਫ਼, ਕੇਂਦਰ ਦੀ ਬੀਜੇਪੀ ਸਰਕਾਰ ਖਿਲਾਫ਼ ਫਾਜ਼ਿਲਕਾ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਨਰੇਂਦਰ ਦਮੋਦਰ ਦਾਸ ਮੋਦੀ ਦੇ ਨਾਮ ਡਿਪਟੀ ਕਮਿਸ਼ਨਰ ਦਫਤਰ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ, ਬੀ ਕੇ ਯੂ ਉਗਰਾਹਾਂ ਦੇ ਜਿਲ੍ਹਾ ਸੰਗਠਨ ਸਕੱਤਰ ਜਗਸੀਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਰਿੰਦਰ ਢੰਡੀਆਂ, ਬੀ ਕੇ ਯੂ ਡਕੌਂਦਾ (ਧਨੇਰ) ਹਰਮੀਤ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਵਣਜਾਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਮੇਸ਼ ਵਡੇਰਾ, ਬੀ ਕੇ ਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਬੀ ਕੇ ਯੂ ਰਾਜੇਵਾਲ ਦੇ ਸੁਖਜਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਦੀਪ ਸਿੰਘ, (ਬੁੱਟਰ) ਗਰੁੱਪ ਦੇ ਆਗੂ ਇਕਬਾਲ ਸਿੰਘ ਗੰਮੂਵਾਲਾ ਨੇ ਦੱਸਿਆ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਅਸਲ ਵਿੱਚ ਕਾਰਪੋਰੇਟ ਘਰਾਣਿਆਂ ਦੀ ਸੇਵਾਦਾਰ ਸਾਬਤ ਹੋ ਰਹੀ ਹੈ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਇੱਕ ਇੱਕ ਕਰਕੇ ਭੋਗ ਪਾਇਆ ਜਾ ਰਿਹਾ ਹੈ ਅਤੇ ਤਾਕਤਾਂ ਦਾ ਕੇਂਦਰੀਕਰਨ ਕਰਕੇ ਕਾਨੂੰਨਾਂ ਵਿੱਚ ਸੋਧਾਂ ਕਰਕੇ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਲਈ ਲੋਕਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।

ਪਹਿਲਾਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਰਾਹੀਂ ਜਮੀਨਾਂ ਖੋਹਣ ਦਾ ਯਤਨ ਕੇਂਦਰ ਸਰਕਾਰ ਨੇ ਕੀਤਾ ਅਤੇ ਉਸਤੋਂ ਬਾਅਦ ਆਪਣੀ ਬੀ ਟੀਮ ਆਮ ਆਦਮੀ ਪਾਰਟੀ ਰਾਹੀਂ ਲੈਂਡ ਪੁਲਿੰਗ ਨੀਤੀ ਤਹਿਤ ਜਮੀਨ ਹੜੱਪਣ ਦੀ ਨਾਕਾਮ ਕੋਸ਼ਿਸ਼ ਕਰਕੇ ਦੇਖ ਲਈ, ਸੰਯੁਕਤ ਕਿਸਾਨ ਮੋਰਚੇ ਦੀ ਯੋਗ ਅਗਵਾਈ ਵਿੱਚ ਲੋਕ ਰੋਹ ਕਾਰਨ ਹਕੂਮਤਾਂ ਇੱਕ ਵਾਰ ਪਿੱਛੇ ਮੁੜੀਆਂ, ਹੁਣ ਫਿਰ ਤੋਂ ਬੀਜ ਬਿੱਲ, ਬਿਜਲੀ ਬਿੱਲ, ਫ੍ਰੀ ਟਰੇਡ ਐਗਰੀਮੈਂਟ, ਲੇਬਰ ਕੋਡ, ਨਰੇਗਾ ਕਾਨੂੰਨ ਖਤਮ ਕਰਨ, ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਦੀ ਨੀਤੀ ਤਹਿਤ ਦੇਸ਼ੀ ਤੇ ਵਿਦੇਸ਼ੀ ਲੁਟੇਰਿਆਂ ਜਮਾਤਾਂ ਨੂੰ ਦੇਸ਼ ਦੇ ਲੋਕਾਂ ਦਾ ਸਰਮਾਇਆ ਲੁਟਾਉਣ ਜਾ ਰਹੀ ਹੈ। ਆਰ ਐਸ ਐਸ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਜੋੜੀ ਬੀ ਜੇ ਪੀ ਸਰਕਾਰ ਦੀ ਅਗਵਾਈ ਵਿੱਚ ਦੇਸ਼ ਦੇ ਮਿਹਨਕਸ਼ ਲੋਕਾਂ ਨਾਲ ਦੁਸ਼ਮਣਾਂ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ।

ਇਸ ਮੌਕੇ ਭਰਾਤਰੀ ਜੱਥੇਬੰਦੀਆਂ ਪੀ ਐਸ ਯੂ ਦੇ ਆਗੂ ਆਦਿੱਤਿਆ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਨ ਮੁਹਾਰ ਸੋਨਾ, ਡੀ ਟੀ ਐਫ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਵਾਲੀ, ਟੀ ਐਸ ਯੂ ਦੇ ਸਰਕਲ ਪ੍ਰਧਾਨ ਜਰਨੈਲ ਸਿੰਘ, ਟੀ ਐਸ ਯੂ (ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ) ਪ੍ਰਦੀਪ ਕੁਮਾਰ ਸਾਹੂ, ਪੰਜਾਬ ਰੋਡਵੇਜ਼ ਪਨਬਸ ਕੰਨਟਰੈਕਟ ਯੂਨੀਅਨ ਦੇ ਸੈਕਟਰੀ ਮਨਪ੍ਰੀਤ ਸਿੰਘ, ਐਡਵੋਕੇਟ ਪਰਮਜੀਤ ਢਾਬਾਂ ਸੂਬਾਈ ਮੀਤ ਸਕੱਤਰ ਕੰਸਟਰਕਸ਼ਨ ਵਰਕਰਜ਼ ਐਡ ਲੇਬਰ ਯੂਨੀਅਨ ਏਟਕ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਫੁੰਮਣ ਸਿੰਘ, ਪੈਨਸ਼ਨਰ ਯੂਨੀਅਨ ਨੋਪਾ ਰਾਮ, ਨਰੇਗਾ ਯੂਨੀਅਨ ਉਮ ਪ੍ਰਕਾਸ਼, ਜਮਹੂਰੀ ਖੇਤ ਮਜ਼ਦੂਰ ਸਭਾ ਦੇ ਆਗੂ ਜੱਗਾ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਬਲਬੀਰ ਕਾਠਗੜ੍ਹ, ਪੰਜਾਬ ਮੁਲਾਜ਼ਮ ਆਰਗੇਨਾਈਜੇਸ਼ਨ, ਪੱਲੇਦਾਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜਵਾਦ ਦੀਆਂ ਨੀਤੀਆਂ ਦੇ ਖਿਲਾਫ਼ ਲੁੱਟ ਰਹਿਤ ਸਮਾਜ ਸਿਰਜਣ ਲਈ ਮਹਾਨ ਸ਼ਹੀਦਾਂ ਦੇ ਸੁਪਨਿਆਂ ਤੋਂ ਪ੍ਰੇਰਨਾਂ ਲੈਂਦੇ ਹੋਏ ਸਾਂਝੇ ਸੰਘਰਸ਼ਾਂ ਦੇ ਮੈਦਾਨ ਵਿੱਚ ਲੋਕਾਂ ਨੂੰ ਨਿੱਤਰਣ ਦਾ ਸੱਦਾ ਦਿੱਤਾ ਗਿਆ।

 

Media PBN Staff

Media PBN Staff