ਪੰਜਾਬ ‘ਚ 23 ਲੱਖ ਬਜ਼ੁਰਗ ਲੈ ਰਹੇ ਨੇ ਬੁਢਾਪਾ ਪੈਨਸ਼ਨ, ਸਰਕਾਰ ਨੇ ਖੁਦ ਕੀਤਾ ਖ਼ੁਲਾਸਾ

All Latest NewsNews FlashPunjab NewsTOP STORIES

 

ਪੰਜਾਬ ਵਿੱਚ 23 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ ਬੁਢਾਪਾ ਪੈਨਸ਼ਨ, 2025-26 ਦੇ ਬਜਟ ਵਿੱਚ 4,100 ਕਰੋੜ ਰੁਪਏ ਦੀ ਕੀਤੀ ਵਿਵਸਥਾ: ਡਾ. ਬਲਜੀਤ ਕੌਰ

ਮੋਹਾਲੀ ਵਿੱਚ ਸੂਬਾ ਪੱਧਰੀ ਕੈਂਪ ਦੌਰਾਨ ਬਜ਼ੁਰਗ ਨਾਗਰਿਕਾਂ ਨੂੰ ਸਿਹਤ ਸੰਭਾਲ, ਸਹਾਇਕ ਉਪਕਰਣ ਅਤੇ ਪੈਨਸ਼ਨਾਂ ਸਬੰਧੀ ਸਹਾਇਤਾ ਕੀਤੀ ਪ੍ਰਦਾਨ: ਡਾ. ਬਲਜੀਤ ਕੌਰ

ਚੰਡੀਗੜ੍ਹ/ਐਸ.ਏ.ਐਸ. ਨਗਰ, 16 ਜਨਵਰੀ 2026:

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੋਹਾਲੀ ਦੇ ਕਾਲਕਟ ਭਵਨ (ਕਿਸਾਨ ਵਿਕਾਸ ਚੈਂਬਰ) ਵਿਖੇ “ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ, ਜੋ ਕਿ ਸੂਬੇ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਮਾਣ, ਦੇਖਭਾਲ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਮੁਹਿੰਮ ਬਜ਼ੁਰਗ ਨਾਗਰਿਕਾਂ ਨੂੰ ਸਿੱਧੇ ਤੌਰ ‘ਤੇ ਸਿਹਤ, ਭਲਾਈ ਅਤੇ ਸਮਾਜਿਕ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਲਾਗੂ ਕੀਤੀ ਜਾ ਰਹੀ ਹੈ।

ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਸਾਡੇ ਬਜ਼ੁਰਗ ਨਾਗਰਿਕਾਂ ਲਈ ਇੱਕ ਸਨਮਾਨਜਨਕ, ਸੁਰੱਖਿਅਤ ਅਤੇ ਸੁਵਿਧਾਜਨਕ ਜੀਵਨ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਦੇ ਦੂਜੇ ਪੜਾਅ ਲਈ, ਜ਼ਿਲ੍ਹਾ ਪੱਧਰੀ ਕੈਂਪ ਲਗਾਉਣ ਲਈ 786 ਲੱਖ ਰੁਪਏ ਦੀ ਰਕਮ ਰੱਖੀ ਗਈ ਹੈ ਤਾਂ ਜੋ ਬਜ਼ੁਰਗਾਂ ਨੂੰ ਜ਼ਰੂਰੀ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ‘ਤੇ ਪ੍ਰਦਾਨ ਕੀਤੀਆਂ ਜਾ ਸਕਣ।”

ਪਹਿਲੇ ਪੜਾਅ ਦੌਰਾਨ ਮਿਲੇ ਭਰਵੇਂ ਹੁੰਗਾਰੇ ਦਾ ਹਵਾਲਾ ਦਿੰਦਿਆਂ, ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ, ” ਸਾਲ 2023 ਵਿੱਚ ਸ਼ੁਰੂ ਕੀਤੇ ਗਏ ਪਹਿਲੇ ਪੜਾਅ ਦੌਰਾਨ, 20,210 ਬਜ਼ੁਰਗ ਨਾਗਰਿਕਾਂ ਨੂੰ ਰਜਿਸਟਰ ਕੀਤਾ ਗਿਆ ਸੀ। ਇਹ ਮਜ਼ਬੂਤ ਭਾਗੀਦਾਰੀ ਅਜਿਹੀਆਂ ਪਹਿਲਕਦਮੀਆਂ ਦੀ ਜ਼ਰੂਰਤ ਅਤੇ ਲੋਕਾਂ ਵੱਲੋਂ ਸਰਕਾਰ ਦੇ ਭਲਾਈ ਪ੍ਰੋਗਰਾਮਾਂ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ।” ਉਨ੍ਹਾਂ ਦੱਸਿਆ ਕਿ 2 ਫਰਵਰੀ ਤੋਂ 18 ਫਰਵਰੀ ਤੱਕ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨੂੰ ਦੂਜੇ ਪੜਾਅ ਅਧੀਨ ਕਵਰ ਕੀਤਾ ਜਾਵੇਗਾ।

ਪੇਸ਼ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਆਪਕ ਜਾਣਕਾਰੀ ਦਿੰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, “ਇਹ ਕੈਂਪ ਬਜ਼ੁਰਗ ਨਾਗਰਿਕਾਂ ਨੂੰ ਵਿਆਪਕ ਦੇਖਭਾਲ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ। ਇਹਨਾਂ ਕੈਂਪਾਂ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਅੱਖਾਂ ਦੀ ਜਾਂਚ ਅਤੇ ਮੋਤੀਆਬਿੰਦ ਦੀ ਜਾਂਚ, ਈਐਨਟੀ ਅਤੇ ਆਰਥੋਪੀਡਿਕ ਸਲਾਹ-ਮਸ਼ਵਰਾ, ਗੈਰ-ਸੰਚਾਰੀ ਬਿਮਾਰੀਆਂ ਅਤੇ ਡਿਮੈਂਸ਼ੀਆ ਲਈ ਸਕ੍ਰੀਨਿੰਗ ਦੇ ਨਾਲ ਹੀ ਹੋਮਿਓਪੈਥਿਕ ਅਤੇ ਆਯੁਰਵੈਦਿਕ ਇਲਾਜ ਸ਼ਾਮਲ ਹਨ। ਇਸ ਦੌਰਾਨ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਮੌਕੇ ‘ਤੇ ਹੀ ਨਾਮਾਂਕਣ, ਸੀਨੀਅਰ ਸਿਟੀਜ਼ਨ ਕਾਰਡ ਅਤੇ ਅਲੀਮਕੋ ਕਾਰਡ ਜਾਰੀ ਕਰਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਵਯੋਸ਼੍ਰੀ ਯੋਜਨਾ ਅਤੇ ਮੈਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ, 2007 ਬਾਰੇ ਸਹਾਇਤਾ ਅਤੇ ਜਾਗਰੂਕਤਾ ਦੇ ਨਾਲ ਨਾਲ ਹੋਰ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਇਹਨਾਂ ਕੈਂਪਾਂ ਦਾ ਅਹਿਮ ਹਿੱਸੇ ਹਨ।

ਡਾ. ਬਲਜੀਤ ਕੌਰ ਨੇ ਕਿਹਾ, “ਲੋੜਵੰਦਾਂ ਨੂੰ ਜ਼ਰੂਰੀ ਸਹਾਇਕ ਯੰਤਰ ਜਿਵੇਂ ਕਿ ਨੇੜਲੀ ਨਜ਼ਰ ਵਾਲੀਆਂ ਐਨਕਾਂ, ਸੁਣਨ ਵਿੱਚ ਸਹਾਇਤਾ ਵਾਲੇ ਉਪਕਰਨ, ਤੁਰਨ ਵਿੱਚ ਸਹਾਇਤਾ ਪ੍ਰਦਾਨ ਵਾਲੀਆਂ ਮਸ਼ੀਨਾਂ, ਸਰਵਾਈਕਲ ਕਾਲਰ, ਬੈਲਟਾਂ ਅਤੇ ਵ੍ਹੀਲਚੇਅਰਾਂ ਮੌਕੇ ‘ਤੇ ਹੀ ਵੰਡਿਆ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਸੂਬੇ ਭਰ ਦੇ ਬਜ਼ੁਰਗ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ 14567 ਪਹਿਲਾਂ ਹੀ ਕਾਰਜਸ਼ੀਲ ਕੀਤਾ ਜਾ ਚੁੱਕਾ ਹੈ।”

ਇਹਨਾਂ ਕੈਂਪਾਂ ਦੌਰਾਨ ਸਿਹਤ ਅਤੇ ਅੱਖਾਂ ਦੀ ਜਾਂਚ, ਪੈਨਸ਼ਨਾਂ ਅਤੇ ਹੋਰ ਵਿੱਤੀ ਲਾਭਾਂ ਤੱਕ ਪਹੁੰਚ ਵਿੱਚ ਸਹਾਇਤਾ ਅਤੇ ਕਾਨੂੰਨੀ ਜਾਗਰੂਕਤਾ ਸੈਸ਼ਨਾਂ ਰਾਹੀਂ ਤੁਰੰਤ ਰਾਹਤ ਪ੍ਰਦਾਨ ਕੀਤੀ ਗਈ। ਮੋਹਾਲੀ ਵਿਖੇ ਲਗਾਏ ਸੂਬੇ ਪੱਧਰੀ ਕੈਂਪ ਦੌਰਾਨ, ਡਾ. ਬਲਜੀਤ ਕੌਰ ਨੇ ਮੌਕੇ ‘ਤੇ ਮੌਜੂਦ ਲਾਭਪਾਤਰੀਆਂ ਨੂੰ ਅਲੀਮਕੋ ਕਿੱਟਾਂ ਅਤੇ ਬੁਢਾਪਾ ਪੈਨਸ਼ਨਾਂ ਲਈ ਪ੍ਰਵਾਨਗੀ ਪੱਤਰ ਸੌਂਪੇ। ਮੰਤਰੀ ਨੇ ਬਜ਼ੁਰਗ ਨਾਗਰਿਕਾਂ ਪ੍ਰਤੀ ਗੈਰ-ਸਰਕਾਰੀ ਸੰਗਠਨਾਂ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀਆਂ ਅਸਧਾਰਨ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ।

ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ, “ਮੌਜੂਦਾ ਸਮੇਂ ਪੰਜਾਬ ਵਿੱਚ ਹਰ ਮਹੀਨੇ ਲਗਭਗ 23.33 ਲੱਖ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ 2025-26 ਲਈ, ਪੈਨਸ਼ਨ ਸਕੀਮਾਂ ਲਈ ਬਜਟ ਵਿੱਚ 4,100 ਕਰੋੜ ਰੁਪਏ ਦਾ ਵਿਵਸਥਾ ਕੀਤੀ ਗਈ ਹੈ ਜੋ ਕਿ ਸਮਾਜਿਕ ਸੁਰੱਖਿਆ ਪ੍ਰਤੀ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਾ ਹੈ।”

ਇਸ ਤੋਂ ਪਹਿਲਾਂ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਦਸੰਬਰ 2025 ਤੱਕ ਬੁਢਾਪਾ ਪੈਨਸ਼ਨਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਬਜ਼ੁਰਗ ਨਾਗਰਿਕਾਂ ਨੂੰ ਆਸਰਾ ਦੇਣ ਲਈ ਬਰਨਾਲਾ ਜ਼ਿਲ੍ਹੇ ਦੇ ਤਪਾ ਅਤੇ ਮਾਨਸਾ ਵਿਖੇ ਬਿਰਧ ਆਸ਼ਰਮ ਸਥਾਪਿਤ ਕੀਤੇ ਗਏ ਹਨ, ਜਦੋਂ ਕਿ ਸਰਕਾਰ ਵੱਲੋਂ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਕਈ ਬਿਰਧ ਆਸ਼ਰਮ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਸਮਾਗਮ ਦੌਰਾਨ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਬਜ਼ੁਰਗ ਨਾਗਰਿਕਾਂ ਦੀ ਭਲਾਈ ਅਤੇ ਤੰਦਰੁਸਤੀ ਲਈ ਸਰਗਰਮ ਅਤੇ ਲਗਾਤਾਰ ਕਦਮ ਚੁੱਕਣ ਲਈ ਭਗਵੰਤ ਸਿੰਘ ਮਾਨ ਸਰਕਾਰ ਦੀ ਸ਼ਲਾਘਾ ਕੀਤੀ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਵਿੰਮੀ ਭੁੱਲਰ ਨੇ ਪਤਵੰਤਿਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਹਾਜ਼ਰੀਨ ਨੂੰ “ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਦੇ ਦੂਜੇ ਪੜਾਅ ਦੇ ਉਦੇਸ਼ਾਂ ਅਤੇ ਲਾਗੂਕਰਨ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਸਕੱਤਰ ਸਮਾਜਿਕ ਸੁਰੱਖਿਆ ਆਨੰਦ ਸਾਗਰ, ਏਡੀਸੀ (ਜੀ) ਸੋਨਮ ਚੌਧਰੀ ਅਤੇ ਐਸਡੀਐਮ ਦਮਨਦੀਪ ਕੌਰ ਵੀ ਮੌਜੂਦ ਸਨ।

ਇਸ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਉਤਸਵ ਕਲਾ ਮੰਚ ਵੱਲੋਂ “ਸਾਡੇ ਬਜ਼ੁਰਗ, ਸਾਡਾ ਮਾਣ” ਸਿਰਲੇਖ ਹੇਠ ਨੁੱਕੜ ਨਾਟਕ ਅਤੇ ਮਾਲਵਾ ਆਰਟ ਐਂਡ ਕਲਚਰਲ ਸੋਸਾਇਟੀ, ਮੋਹਾਲੀ ਦੇ ਸਰਕਾਰੀ ਵਿਭਾਗਾਂ ਦੇ ਸੇਵਾਮੁਕਤ ਅਧਿਕਾਰੀਆਂ ਵੱਲੋਂ ਮਲਵਈ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਬਜ਼ੁਗਰ ਨਾਗਰਿਕਾਂ ਲਈ ਸਤਿਕਾਰ, ਦੇਖਭਾਲ ਅਤੇ ਸਨਮਾਨ ਯਕੀਨੀ ਬਣਾਉਣ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।

 

Media PBN Staff

Media PBN Staff