ਪੇ-ਸਕੇਲ ਕੰਟਰੈਕਟ ਅਧਿਆਪਕਾਂ ‘ਤੇ ਲਾਗੂ ਕਰਵਾਉਣ ਸਬੰਧੀ ਪੰਜਾਬੀ ਯੂਨੀਵਰਸਿਟੀ ‘ਚ ਅਸਿਸਟੈਂਟ ਪ੍ਰੋਫੈਸਰਾਂ ਦਾ ਦਿਨ-ਰਾਤ ਧਰਨਾ ਜਾਰੀ
ਮੀਡੀਆ ਪੀਬੀਐੱਨ, ਪਟਿਆਲਾ-
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ UGC ਦੁਆਰਾ 2018 ਵਿੱਚ ਪ੍ਰਵਾਨਿਤ ਪੇ ਸਕੇਲ ਨੂੰ ਕੰਟਰੈਕਟ ਅਧਿਆਪਕਾਂ ਤੇ ਲਾਗੂ ਕਰਵਾਉਣ ਸਬੰਧੀ ਲਗਾਇਆ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਅੱਜ ਧਰਨੇ ਨੂੰ ਅੱਠ ਦਿਨ ਪੂਰੇ ਹੋ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੇ ਝੰਡੇ ਥੱਲੇ ਚੱਲਦੇ ਇਸ ਸੰਘਰਸ਼ ਵਿੱਚ ਕੰਟਰੈਕਟ ਅਧਿਆਪਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਲੰਘੇ ਸੋਮਵਾਰ ਨੂੰ ਧਰਨੇ ਸਬੰਧੀ ਕੰਟਰੈਕਟ ਅਧਿਆਪਕਾਂ ਵਿੱਚ ਉਦੋਂ ਭਾਰੀ ਜੋਸ਼ ਵੇਖਿਆ ਗਿਆ। ਜਦੋਂ ਰਾਤ ਨੂੰ ਧਰਨੇ ਦੀ ਡਿਊਟੀ ਪੁਕਟਾ ਯੂਨੀਅਨ ਵਿੱਚ ਮਹਿਲਾ ਅਧਿਆਪਕਾਵਾਂ ਵੱਲੋਂ ਨਿਭਾਈ ਗਈ। ਆਮ ਤੌਰ ਤੇ ਰਾਤ ਨੂੰ ਧਰਨੇ ਤੇ ਕੇਵਲ ਪੁਰਸ਼ ਅਧਿਆਪਕ ਹੀ ਹਾਜ਼ਰ ਹੁੰਦੇ ਸਨ ਅਤੇ ਮਹਿਲਾਂ ਅਧਿਆਪਕਾਵਾਂ ਨੂੰ ਆਰਾਮ ਕਰਨ ਲਈ ਘਰ ਭੇਜ ਦਿੱਤਾ ਜਾਂਦਾ ਹੈ।
ਪ੍ਰੰਤੂ ਸੋਮਵਾਰ ਰਾਤ ਪੁਰਸ਼ ਕੰਟਰੈਕਟ ਅਧਿਆਪਕਾਵਾਂ ਦੇ ਨਾਲ ਵੱਡੀ ਸੰਖਿਆ ਵਿੱਚ ਮਹਿਲਾ ਕੰਟਰੈਕਟ ਅਧਿਆਪਕਾਵਾਂ ਨੇ ਧਰਨੇ ਤੇ ਡਿਊਟੀ ਨਿਭਾਈ। ਅਤੇ ਸਾਰੀ ਰਾਤ ਜਾਗਦੇ ਹੋਏ ਸਖ਼ਤ ਮੌਸਮੀ ਹਾਲਤਾਂ ਵਿੱਚ ਆਪਣੇ ਸੰਘਰਸ਼ ਨੂੰ ਇਨਕਲਾਬੀ ਜਜ਼ਬਾਤਾਂ ਨਾਲ ਰੁਸ਼ਨਾਇਆ। ਪੁਕਟਾ ਯੂਨੀਅਨ ਦੀ ਪ੍ਰਧਾਨ ਡਾ. ਤਰਨਜੀਤ ਨੇ ਕਿਹਾ ਕਿ ਭਾਵੇਂ ਯੂਨੀਵਰਸਿਟੀ ਮੁਖੀ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵੱਲੋਂ ਕੰਟਰੈਕਟ ਅਧਿਆਪਕਾਂ ਨੂੰ ਦਸ ਦਿਨਾਂ ਦੇ ਦਰਮਿਆਨ ਉਹਨਾ ਦਾ ਬਣਦਾ ਹੱਕ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਪ੍ਰੰਤੂ ਅੱਜ ਪੰਜ ਦਿਨ ਲੰਘਣ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਨੂੰ ਉਹਨਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਕਟਾ ਯੂਨੀਅਨ ਆਪਣੇ ਹੱਕਾਂ ਸਬੰਧੀ ਪੂਰੀ ਤਰਾਂ ਜਾਗਰੂਕ ਹੈ। ਜੇਕਰ ਨਿਰਧਾਰਿਤ ਸਮੇਂ ਦਰਮਿਆਨ ਕੰਟਰੈਕਟ ਅਧਿਆਪਕਾਂ ਨੂੰ 2018 ਦੇ ਰੈਗੂਲੇਸ਼ਨ ਅਨੁਸਾਰ ਸੱਤਵੇਂ ਪੇ ਕਮਿਸ਼ਨ ਦਾ ਲਾਭ ਨਾ ਦਿੱਤਾ ਗਿਆ ਤਾਂ ਜਲਦ ਹੀ ਮਹਿਲਾਂ ਅਧਿਆਪਕਾਵਾਂ ਦੇ ਨਾਲ ਨਾਲ ਕੰਟਰੈਕਟ ਅਧਿਆਪਕਾਂ ਦੇ ਮਾਪੇ ਅਤੇ ਬੱਚੇ ਵੀ ਦਿਨ ਰਾਤ ਦੇ ਧਰਨੇ ਵਿੱਚ ਸ਼ਿਰਕਤ ਕਰਨਗੇ।