Punjab News- ਗਿਆਨੀ ਹਰਪ੍ਰੀਤ ਸਿੰਘ ਨੇ ਕਰ’ਤਾ ਇੱਕ ਹੋਰ ਵੱਡਾ ਐਲਾਨ! DC’s ਨੂੰ ਸੌਂਪਣਗੇ ਮੰਗ ਪੱਤਰ

All Latest NewsNews FlashPunjab News

 

Punjab News- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੋਮਵਾਰ ਨੂੰ ਸਮੁੱਚੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਅਤੇ ਝੋਨੇ ਦੀ ਫਸਲ ਦੇ ਨਿਕਲੇ ਘੱਟ ਝਾੜ ਦੇ ਨਾਲ-ਨਾਲ ਹਲਦੀ ਰੋਗ ਅਤੇ ਚਾਈਨਾ ਵਾਇਰਸ ਨਾਲ ਹੋਏ ਫਸਲਾਂ ਦੇ ਭਾਰੀ ਨੁਕਸਾਨ ਸਬੰਧੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਮ ਮੈਮੋਰੈਂਡਮ ਦਿੱਤੇ ਜਾਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਰੀ ਬਿਆਨ ਵਿੱਚ ਕਿਹਾ ਕਿ, ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਪੰਜਾਬ ਦੇ ਕਿਸਾਨ ਬੇਹੱਦ ਵੱਡੇ ਆਰਥਿਕ ਮੰਦਹਾਲੀ ਅਤੇ ਮਾਨਸਿਕ ਬੇਚੈਨੀ ਵਿੱਚੋਂ ਗੁਜ਼ਰ ਰਹੇ ਹਨ, ਪ੍ਰੰਤੂ ਤਰਾਸਦੀ ਇਸ ਗੱਲ ਦੀ ਹੈ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਪਸੀ ਬਿਆਨਬਾਜੀ ਅਤੇ ਬਹਿਸਬਾਜੀ ਵਿੱਚ ਹੀ ਉਲਝ ਕੇ ਰਹਿ ਗਈਆਂ ਹਨ ਅਤੇ ਪੀੜਿਤ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਪ੍ਰਭਾਵਿਤ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਉਥੇ ਕੇਂਦਰ ਅਤੇ ਸੂਬਾ ਸਰਕਾਰ ਕੇਵਲ ਅਖਬਾਰਾਂ ਦੇ ਬਿਆਨਾਂ ਤਕ ਸੀਮਤ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹ ਦੀ ਮਾਰ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਪੂਰੀ ਤਰਾਂ ਪ੍ਰਭਾਵਿਤ ਰਹੇ, ਜਿੱਥੇ ਲਗਭਗ 90 ਫ਼ੀਸਦ ਤੋ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਵੱਡੀ ਕੁਦਰਤੀ ਤਰਾਸਦੀ ਇਹ ਰਹੀ ਕਿ, ਪੰਜਾਬ ਦੇ ਇੱਕ ਬਹੁਤ ਵੱਡੇ ਹਿੱਸੇ ਅੰਦਰ ਝੋਨੇ ਦੀ ਫਸਲ ਨੂੰ ਪਏ ਹਲਦੀ ਰੋਗ ਅਤੇ ਚਾਈਨਾ ਵਾਇਰਸ ਕਾਰਨ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ। ਬੇਵਕਤੀ ਫ਼ਸਲੀ ਰੋਗ ਕਾਰਨ ਝਾੜ ਵੀ ਲਗਭਗ 40% ਤੱਕ ਘੱਟ ਨਿਕਲ ਰਿਹਾ ਹੈ, ਜਿਸ ਕਾਰਨ ਕਿਸਾਨ ਤੇ ਦੋਹਰੀ ਆਰਥਿਕ ਮਾਰ ਪਈ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਇਸ ਸਾਰੇ ਵਰਤਾਰੇ ਦੌਰਾਨ ਤਰਾਸਦੀ ਇਹ ਰਹੀ ਕਿ ਕਿਸਾਨੀ ਦੇ ਨਾਮ ਉਪਰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵੀ ਕੋਈ ਸੰਜੀਦਗੀ ਦੇਖਣ ਨੂੰ ਨਹੀਂ ਮਿਲੀ। ਵਿਸ਼ੇਸ਼ ਸੈਸ਼ਨ ਦੌਰਾਨ ਹੜ੍ਹਾਂ ਦੀ ਤਬਾਹੀ ਦੇ ਮੁਆਵਜ਼ੇ ਲਈ ਕੇਂਦਰ ਨਾਲ ਤਾਲਮੇਲ ਕਰਕੇ ਕੁਦਰਤੀ ਆਫਤਾਂ ਨਾਲ ਜੁੜੇ ਹੋਏ ਫੰਡਾਂ ਨੂੰ ਦੇਣ ਲਈ ਮਾਪਦੰਡਾਂ ਵਿੱਚ ਰਿਆਇਤ ਦੇਣ ਸਬੰਧੀ ਨਾ ਕੋਈ ਚਰਚਾ ਕੀਤੀ ਗਈ ਅਤੇ ਨਾ ਹੀ ਪੰਜਾਬ ਸਰਕਾਰ ਇਸ ਸਬੰਧੀ ਆਪ ਕੀ ਉਪਰਾਲੇ ਕਰ ਸਕਦੀ ਹੈ ਉਸ ਸਬੰਧੀ ਕੋਈ ਮੁੱਦਾ ਉਠਾਇਆ ਗਿਆ। ਇੱਕ ਪਾਸੇ ਹੜ ਦੀ ਮਾਰ ਅਤੇ ਦੂਜੇ ਪਾਸੇ ਝੋਨੇ ਦੀ ਫਸਲ ਉਪਰ ਚਾਈਨਾ ਵਾਇਰਸ ਦਾ ਹਮਲਾ ਅਤੇ ਹਲਦੀ ਰੋਗ ਕਾਰਨ ਨਿਕਲੇ ਬੇਹਦ ਘੱਟ ਝਾੜ ਸਬੰਧੀ ਵੀ ਵਿਧਾਨ ਸਭਾ ਵਿੱਚ ਕੋਈ ਚਰਚਾ ਨਹੀਂ ਹੋਈ।

ਕੇਂਦਰ ਅਤੇ ਪੰਜਾਬ ਦੀਆਂ ਸੱਤਾ ਧਾਰੀ ਸਿਆਸੀ ਜਮਾਤਾਂ ਦੇ ਇਸ ਗੈਰ ਜਿੰਮੇਵਾਰ ਰਵੱਈਏ ਕਾਰਨ ਅੱਜ ਪੂਰੇ ਪੰਜਾਬ ਭਰ ਦਾ ਕਿਸਾਨ ਬੇਵੱਸ ਅਤੇ ਮਾਨਸਿਕ ਤੌਰ ’ਤੇ ਬੇਚੈਨ ਹੈ। ਕਿਸਾਨਾਂ ਲਈ ਆਰਥਿਕ ਮੁਆਵਜੇ ਦੀ ਮੰਗ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਜਰੀਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਮੈਮੋਰੰਡਮ ਦੇ ਕੇ ਜਿੱਥੇ ਹੜ੍ਹਾਂ ਦੇ ਨੁਕਸਾਨ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ।

ਉੱਥੇ ਹੀ ਘੱਟ ਝਾੜ ਕਾਰਨ ਹੋਏ ਨੁਕਸਾਨ ਲਈ ਤੁਰੰਤ ਝੋਨੇ ਦੀ ਫਸਲ ਉੱਤੇ ਬੋਨਸ ਦੇਣ ਦੀ ਮੰਗ ਵੀ ਰੱਖੀ ਜਾਵੇਗੀ ਅਤੇ ਝੋਨੇ ਦਾ ਬਦਰੰਗੀ ਦਾਣਾ ਜੋ ਕਿ ਕੁਦਰਤੀ ਆਫਤ ਕਾਰਨ ਹੀ ਹੋਇਆ ਹੈ ਸਬੰਧੀ ਖਰੀਦ ਮਾਪਦੰਡਾਂ ਵਿੱਚ ਰਿਆਇਤ ਦੇਣ ਦੀ ਮੰਗ ਵੀ ਕੀਤੀ ਜਾਵੇਗੀ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸੀਨੀਅਰ ਆਗੂ ਸਾਹਿਬਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

 

Media PBN Staff

Media PBN Staff