ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ; ਕੁਲਬੀਰ ਸੰਘੇੜਾ ਲਹਿਰਾਉਣਗੇ ਗ਼ਦਰੀ ਝੰਡਾ
ਇੰਗਲੈਂਡ ਦੇ ਸਾਥੀਆਂ ਵੱਲੋਂ ਲੰਗਰ ਦੀ ਸੇਵਾ, ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਹੋਏਗਾ ਝੰਡੇ ਦਾ ਗੀਤ
ਜਲੰਧਰ
30 ਅਕਤੂਬਰ ਤੋਂ ਇਕ ਨਵੰਬਰ ਤੱਕ ਸਾਰਾ ਦਿਨ ਸਾਰੀ ਰਾਤ ਚੱਲਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ 34 ਵਰੇ ਦਾ ਸਫਰ ਸਰ ਕਰਦਾ ਹੋਇਆ ਇਸ ਵਾਰ ਗ਼ਦਰ ਲਹਿਰ ਦੀ ਵਿਰਾਸਤ ਅਤੇ ਸਾਡੇ ਸਮਿਆਂ ਦੇ ਭਖਦੇ ਮੁੱਦਿਆਂ ਨੂੰ ਕਲਾਵੇ ਵਿੱਚ ਲਵੇਗਾ।
ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925 -2025) ਨੂੰ ਸਮਰਪਿਤ ਇਸ ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਕਰਨਗੇ ਅਤੇ ਉਹ ਮੇਲੇ ਚ ਆਪਣੇ ਵੱਲੋਂ ਗ਼ਦਰੀ ਪਰਚਮ ਬੁਲੰਦ ਰੱਖਣ ਦਾ ਸੁਨੇਹਾ ਦੇਣਗੇ।
ਇਸ ਮੌਕੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਮੇਲੇ ਨੂੰ ਸੰਬੋਧਨ ਕਰਨਗੇ। ਇਸ ਉਪਰੰਤ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਅਪੇਰਾ ਸਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ਚ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ ਪੇਸ਼ ਕੀਤਾ ਜਾਏਗਾ। ਜਿਕਰਯੋਗ ਹੈ ਕਿ ਇਸ ਝੰਡੇ ਦੇ ਗੀਤ ਦੀ ਵਰਕਸ਼ਾਪ 27 ਅਕਤੂਬਰ ਤੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੀ ਲੱਗ ਰਹੀ ਹੈ।
30 ਅਕਤੂਬਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਦਾ ਉਦਘਾਟਨ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਏਗਾ। ਸ਼ਾਮ 3 ਵਜੇਪ੍ਰਦੇਸ਼ ਤੋਂ ਆਏ ਹੋਏ ਸਾਥੀਆਂ ਨੂੰ ਜੀ ਆਇਆ ਕਿਹਾ ਜਾਏਗਾ ਅਤੇ ਉਹਨਾਂ ਦਾ ਸਨਮਾਨ ਜਾਏਗਾ। ਇਸ ਉਪਰੰਤ ਪੁਸਤਕ ਸਭਿਆਚਾਰ ਦੀ ਸ਼ਾਮ: ਪਾਬੰਦੀ ਸ਼ੁਦਾ ਪੁਸਤਕਾਂ ਦੇ ਨਾਮ ਹੋਏਗੀ। ਇਸ ਮੌਕੇ ਪ੍ਰੀਤੀ ਸ਼ੈਲੀ, ਵਰਿੰਦਰ ਦੀਵਾਨਾ, ਜਨ ਚੇਤਨਾ ਦਾ ਪ੍ਰਤੀਨਿਧ ਅਤੇ ਮੱਖਣ ਮਾਨ ਵਿਚਾਰ ਚਰਚਾ ਨੂੰ ਸੰਬੋਧਨ ਕਰਨਗੇ।
31 ਅਕਤੂਬਰ ਕੁਇਜ਼ ,ਗਾਇਨ ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਹੋਣਗੇ। ਦੁਪਹਿਰ ਵੇਲੇ ਤਰਕਸ਼ੀਲ ਆਗੂ ਵਿਗਿਆਨ ਦੀ ਜੋਤ ਜਗਦੀ ਰੱਖਣ ਦਾ ਸੁਨੇਹਾ ਦੇਣਗੇ। ਇਸ ਦਿਨ ਹੀ ਦੁਪਹਿਰ ਵੇਲੇ ਹੋਏਗੀ ਵਿਚਾਰ ਚਰਚਾ ਇਸ ਦੇ ਮੁੱਖ ਵਕਤਾ ਹੋਣਗੇ ਪ੍ਰਭਾਤ ਪਟਨਾਇਕ ਅਤੇ ਡਾ. ਸਵਰਾਜਬੀਰ। ਸ਼ਾਮ 4 ਵਜੇ ਕਵੀ ਦਰਬਾਰ ਹੋਏਗਾ ਜਿਸ ਦੀ ਪ੍ਰਧਾਨਗੀ ਡਾਕਟਰ ਪਾਲ ਕੌਰ ਕਰਨਗੇ ਤੇ ਕਵੀ ਦਰਬਾਰ ਉਪਰੰਤ ਫਿਲਮ ਸ਼ੋ ਹੋਏਗਾ ਠੀਕ 6 ਵਜੇ। ਇਸ ਵਿਚ ‘ਦਾ ਪ੍ਰੈਜੈਂਟ’ ਅਤੇ ‘ਲੋਹਾ ਗਰਮ ਹੈ’ ਦੋ ਫਿਲਮਾਂ ਕਰਮਵਾਰ ਫਲਸਤੀਨ ਅਤੇ ਆਦਿਵਾਸੀ ਖੇਤਰ ਬਾਰੇ ਵਿਖਾਈਆਂ ਜਾਣਗੀਆਂ।
ਪਹਿਲੀ ਨਵੰਬਰ ਪੰਜਾਬ ਭਰ ਦੇ ਸਮੂਹ ਦੇਸ਼ ਭਗਤਾਂ ਦੇ ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਤੀਨਿਧ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਖੜ੍ਹੇ ਹੋ ਕੇ ਇਸ ਮੇਲੇ ਦਾ ਸੋਵੀਨਰ ਲੋਕ ਅਰਪਣ ਕਰਨਗੇ।ਪਹਿਲੀ ਨਵੰਬਰ ਸਾਰਾ ਦਿਨ ਗੀਤ ਸੰਗੀਤ ਤੇ ਹੋਰ ਕਲਾ ਵੰਨਗੀਆਂ ਗੀਆਂ ਤੋਂ ਇਲਾਵਾ ਦੁਪਹਿਰ ਵੇਲੇ ‘ਧਰਤ ਵੰਗਾਰੇ ਤਖ਼ਤ ਨੂੰ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਦਾ ਨਾਟਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਹੋਏਗਾ। ਪਹਿਲੀ ਨਵੰਬਰ ਦੁਪਹਿਰ ਵੇਲੇ ਯੂਸਫ਼ ਮੁਹੰਮਦ ਤਾਰੀਗਾਮੀ ਅਤੇ ਡਾ. ਨਵਸ਼ਰਨ ਮੁੱਖ ਵਕਤਾ ਹੋਣਗੇ।
ਸ਼ਾਮ ਠੀਕ 6:30 ਵਜੇ ਕਮੇਟੀ ਦੇ ਪ੍ਰਧਾਨ ਵੱਲੋਂ ਸੰਬੋਧਨੀ ਸ਼ਬਦ ਉਪਰੰਤ ਠੀਕ 7 ਵਜੇ ਪਹਿਲਾ ਨਾਟਕ ਹੋਏਗਾ ‘ਤੂੰ ਚਰਖਾ ਘੁਕਦਾ ਰੱਖ ਜਿੰਦੇ’ ਇਹ ਨਾਟਕ ਲੋਕ ਕਲਾ ਮਾਨਸਾ ਪ੍ਰੋ. ਅਜਮੇਰ ਸਿੰਘ ਔਲਖ ਦੀ ਸਰਪਰਸਤੀ ਵਾਲੀ ਨਾਟਕ ਮੰਡਲੀ ਵੱਲੋਂ ਉਹਨਾਂ ਦੀ ਧੀ ਅਜਮੀਤ ਦੀ ਨਿਰਦੇਸ਼ਨਾ ‘ਚ ਖੇਡਿਆ ਜਾਏਗਾ ਇਸ ਉਪਰੰਤ ਸਾਰੀ ਰਾਤ ਚੱਲ ਸੋ ਚੱਲ ਸਾਰੀ ਰਾਤ ਹੋਏਗੀ ਨਾਟਕਾਂ ਅਤੇ ਗੀਤਾਂ ਭਰੀ।ਡਾ. ਹਰਜੀਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ‘ਸਾਂਦਲਬਾਰ’ ਨਾਟਕ ਹੋਏਗਾ।
ਇਸ ਉਪਰੰਤ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫਾਸ਼ੀਵਾਦ ਬਾਰੇ ਨਾਟਕ ਖੇਡਣਗੇ। ਡਾ.ਸਾਹਿਬ ਸਿੰਘ ਨਾਟਕ ਖੇਡਣਗੇ ‘ਤੂੰ ਅਗਲਾ ਵਰਕਾ ਫੋਲ’ । ਇਕੱਤਰ ਦੀ ਨਿਰਦੇਸ਼ਨਾ ‘ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਰਾਹਤ ਨਾਟਕ ਹੋਏਗਾ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫ਼ਲਸਤੀਨ ਬਾਰੇ ਨਾਟਕ ਕਰਨਗੇ। ਜੇਕਰ ਯੋਗ ਹੈ ਕਿ ਇਸ ਵਾਰ ਮੇਲੇ ਵਿੱਚ ਲੰਗਰ ਦਾ ਸਾਰਾ ਪ੍ਰਬੰਧ ਆਈ, ਡਬਲਿਊ ਏ ਅਤੇ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਟਰੱਸਟ ਬਰਮਿੰਘਮ ਦੇ ਸਾਥੀ ਕਰਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ ਪੱਖੀ ਸੰਸਥਾਵਾਂ ਨੂੰ ਸਹਿਯੋਗ ਅਤੇ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

