ਗ਼ਦਰੀ ਮੇਲੇ ‘ਚ ਪਹਿਲੀ ਨੂੰ ਵਿਚਾਰ-ਚਰਚਾ; ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣੌਤੀਆਂ
ਪੰਜਾਬ ਭਰ ਦੀਆਂ ਦੇਸ਼ ਭਗਤ ਕਮੇਟੀਆਂ ਸੋਵੀਨਰ ਕਰਨਗੀਆਂ ਲੋਕ ਅਰਪਣ
ਝੰਡੇ ਦੇ ਗੀਤ ਦੀ ਵਰਕਸ਼ਾਪ ‘ਚ ਪੁੱਜੇ ਕਲਾਕਾਰ
ਜਲੰਧਰ
ਗ਼ਦਰੀ ਬਾਬਿਆਂ ਦੇ ਤਿੰਨ ਰੋਜ਼ਾ ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਬਾਅਦ ਦੁਪਹਿਰ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ‘ਚ ‘ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣੌਤੀਆਂ’ ਵਿਸ਼ੇ ਉਪਰ ਗੰਭੀਰ ਵਿਚਾਰ-ਚਰਚਾ ਹੋਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਿਚਾਰ-ਚਰਚਾ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ, ਡਾ. ਪਰਮਿੰਦਰ, ਮੰਗਤ ਰਾਮ ਪਾਸਲਾ, ਰਮਿੰਦਰ ਪਟਿਆਲਾ, ਸੁਖਵਿੰਦਰ ਸੇਖੋਂ ਆਪਣੇ ਵਿਚਾਰ ਰੱਖਣਗੇ।
ਵਿਚਾਰ-ਚਰਚਾ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਸਾਮਰਾਜਵਾਦ, ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਜਾਤ-ਪਾਤ ਤੋਂ ਮੁਕਤ, ਆਜ਼ਾਦ, ਖੁਸ਼ਹਾਲ, ਸਾਂਝੀਵਾਲਤਾ ਭਰਿਆ ਸਮਾਜ ਸਿਰਜਣਾ ਅਤੇ ਕੁੱਲ ਦੁਨੀਆਂ ‘ਚੋਂ ਸਾਮਰਾਜੀ ਗਲਬਾ ਵਗਾਹ ਮਾਰਕੇ ਨਵਾਂ-ਨਰੋਆ ਖੁਸ਼ਹਾਲ ਸਮਾਜ ਸਿਰਜਣ ਦਾ ਜੋ ਗ਼ਦਰੀਆਂ ਦਾ ਸੁਪਨਾ ਸੀ, ਹੁਣ ਉਸਨੂੰ ਪੁੱਠਾ ਗੇੜਾ ਦਿੱਤਾ ਜਾ ਰਿਹੈ। ਅਜੇਹੀਆਂ ਚੁਣੌਤੀਆਂ ਨਾਲ ਸਿੱਝਣ ਉਪਰ ਕੇਂਦਰਤ ਹੋਏਗੀ ਇਹ ਵਿਚਾਰ-ਚਰਚਾ ਤਾਂ ਜੋ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਤ 34ਵਾਂ ਮੇਲਾ ਗ਼ਦਰੀ ਬਾਬਿਆਂ ਦਾ ਆਪਣੇ ਮਿਸ਼ਨ ਵਿੱਚ ਸਫ਼ਲ ਹੋ ਨਿਬੜੇ।
ਅੱਜ ਦੇਸ਼ ਭਗਤ ਯਾਦਗਾਰ ਹਾਲ ਦਫ਼ਤਰ ਤੋਂ ਪੰਜਾਬ ਦੇ ਸਭਨਾਂ ਦੇਸ਼ ਭਗਤਾਂ ਦੇ ਪਿੰਡਾਂ ਅੰਦਰ ਬਣੀਆਂ ਕਮੇਟੀਆਂ ਨੂੰ ਰਸਮੀ ਸੱਦਾ ਪੱਤਰ ਅਤੇ ਜਨਤਕ ਤੌਰ ‘ਤੇ ਵਿਸ਼ੇਸ਼ ਬੁਲਾਵਾ ਭੇਜਿਆ ਗਿਆ ਕਿ ਉਹ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਅਤੇ ਮੇਲੇ ਦਾ ਸੋਵੀਨਰ ਲੋਕ ਅਰਪਣ ਕਰਨ ਦੀ ਰਸਮ ਮੌਕੇ ਸੋਵੀਨਰ ਆਪਣੇ ਹੱਥਾਂ ‘ਚ ਲੈ ਕੇ ਸ਼ਾਮਲ ਹੋਣਗੇ ਇਹ ਕਮੇਟੀ ਲਈ ਮਾਣ ਵਾਲੀ ਗੱਲ ਹੋਏਗੀ।
34ਵੇਂ ਮੇਲੇ ਸਬੰਧੀ ਵਰਕਸ਼ਾਪ ‘ਚ ਇੱਕ ਦਿਨ ਪਹਿਲਾਂ ਹੀ ਮੈਡਮ ਕਿਰਨਜੀਤ ਕੌਰ ਦੀ ਅਗਵਾਈ ‘ਚ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਬੇਗਾ ਬਠਿੰਡਾ ਦੀ ਟੀਮ ‘ਰੰਗ ਦੇ ਬਸੰਤੀ’ ਦੇ ਬਾਲ ਕਲਾਕਾਰ ਦੇਸ਼ ਭਗਤ ਯਾਦਗਾਰ ਹਾਲ ਪਹੁੰਚ ਗਏ ਅਤੇ ਸ਼ਾਮ ਤੱਕ ਪੰਜਾਬ ਦੇ ਕੋਨੇ-ਕੋਨੇ ਤੋਂ ਕਲਾਕਾਰ ਵਰਕਸ਼ਾਪ ‘ਚ ਜੁੜਦੇ ਗਏ। ਜ਼ਿਕਰਯੋਗ ਹੈ ਕਿ ਦਾ ਮਿਊਜ਼ਿਕ ਫੈਕਟਰੀ ਫਗਵਾੜਾ ਦੇ ਕਰਨੈਲ ਸਿੰਘ ਝੰਡੇ ਦੇ ਗੀਤ ਲਈ ਸੰਗੀਤ ਨਿਰਦੇਸ਼ਨ ਅਤੇ ਸਟੂਡੀਓ ‘ਚ ਰਿਕਾਰਡਿੰਗ ਦੀਆਂ ਸੇਵਾਵਾਂ ਲਈ ਕਮੇਟੀ ਵੱਲੋਂ ਧੰਨਵਾਦ ਦੇ ਪਾਤਰ ਹਨ।

