ਗ਼ਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼! ਪਾਬੰਦੀਸ਼ੁਦਾ ਕਿਤਾਬਾਂ ਅਤੇ ਪੁਸਤਕ ਸਭਿਆਚਾਰ ‘ਤੇ ਚਰਚਾ

All Latest NewsNews FlashPunjab News

 

ਚਿੱਤਰਕਲਾ, ਫੋਟੋ ਕਲਾ ਅਤੇ ਪੁਸਤਕ ਪ੍ਰਦਰਸ਼ਨੀ ਨਾਲ ਗ਼ਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼, ਪਾਬੰਦੀਸ਼ੁਦਾ ਕਿਤਾਬਾਂ ਅਤੇ ਪੁਸਤਕ ਸਭਿਆਚਾਰ ‘ਤੇ ਚਰਚਾ- ਇੰਗਲੈਂਡ ਤੋਂ ਆਏ ਕਾਫ਼ਲੇ ਨਾਲ ਰੂਬਰੂ

ਜਲੰਧਰ

ਗ਼ਦਰੀ ਗੁਲਾਬ, ਬੀਬੀ ਗੁਲਾਬ ਕੌਰ ਨੂੰ ਸਮਰਪਤ 34ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਪਿਛਲੇ ਸਾਰੇ ਮੇਲਿਆਂ ਤੋਂ ਵੀ ਲੰਮੀ ਅਤੇ ਉਚੇਰੀ ਪੁਲਾਂਘ ਭਰਦਾ ਹੋਇਆ ਜੋਸ਼-ਖ਼ਰੋਸ਼ ਨਾਲ ਸ਼ੁਰੂ ਹੋਇਆ।

ਅੱਜ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਦੀ ਰਸਮ ਪ੍ਰਮੁੱਖ ਤੌਰ ‘ਤੇ ਪ੍ਰਦਰਸ਼ਨੀ ਲਾਉਣ ਵਾਲੇ ਕਲਾਕਾਰ ਸਾਥੀਆਂ ਇੰਦਰਜੀਤ ਸਿੰਘ ਆਰਟਿਸਟ ਜਲੰਧਰ, ਮੰਜ਼ਿਲ ਯਰਫ਼, ਗੁਰਦੀਸ਼ ਪੰਨੂ, ਗੁਰਪ੍ਰੀਤ ਸਿੰਘ ਬਠਿੰਡਾ, ਰਵਿੰਦਰ ਰਵੀ ਲੁਧਿਆਣਾ, ਗੀਤ ਆਰਟ, ਵਰੁਣ ਟੰਡਨ, ਇੰਦਰਜੀਤ ਸਿੰਘ ਮਾਨਸਾ, ਕੰਵਰਦੀਪ ਸਿੰਘ ਥਿੰਦ, ਸੁਖਵਿੰਦਰ ਸਿੰਘ, ਮਨਜੀਤ ਕੌਰ, ਸੋਹਣ ਲਾਲ, ਪਾਰਸ, ਕੁਲਜੀਤ ਹੀਰ, ਧਰਮਿੰਦਰ ਮੁਕੇਰੀਆਂ, ਡਾ. ਸੈਲੇਸ਼ ਦੇ ਵਿਸ਼ੇਸ਼ ਉੱਦਮ ਨਾਲ ਫ਼ਲਸਤੀਨ ਦੇ ਨਸਲਘਾਤ ਅਤੇ ਲਾਮਿਸਾਲ ਸੰਗਰਾਮ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਾਉਣ ਵਾਲਿਆਂ ਨੇ ਅਦਾ ਕੀਤੀ।

ਸਮੂਹ ਕਲਾਕਾਰਾਂ ਨੇ ਭਰੋਸਾ ਦੁਆਇਆ ਕਿ ਆਪਣੀਆਂ ਕਲਾ-ਕ੍ਰਿਤਾਂ ਰਾਹੀਂ ਗ਼ਦਰ ਲਹਿਰ ਦੇ ਇਤਿਹਾਸ ਵਿਰਾਸਤ ਅਤੇ ਸਾਡੇ ਸਮਿਆਂ ਅੰਦਰ ਇਹਨਾਂ ਦੀ ਪ੍ਰਸੰਗਿਕਤਾ ਅਤੇ ਮਹੱਤਵ ਵਾਲੇ ਚਾਨਣ ਵੰਡਦੇ ਰਹਿਣਗੇ। ਸਮੂਹ ਕਲਾਕਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਸੂਖ਼ਮ, ਸੰਵੇਦਨਸ਼ੀਲ ਮਨੁੱਖੀ ਮਨ ਦੀਆਂ ਪਰਤਾਂ ਨੂੰ ਛੂੰਹਦੀਆਂ ਕਲਾ ਕਿਰਤਾਂ ਨੂੰ ਸਦਾ ਪਹਿਲ ਦਿਆਂਗੇ ਅਤੇ ਹਾਸ਼ੀਏ ਤੋਂ ਪਾਰ ਧੱਕੇ ਜਾ ਰਹੇ ਕਿਰਤੀ ਵਰਗ ਦੀ ਪੀੜ੍ਹ ਅਤੇ ਆਵਾਜ਼ ਸਾਡੀਆਂ ਕਲਾ ਕ੍ਰਿਤਾਂ ਦਾ ਆਧਾਰ ਬਣੇਗੀ।

ਇਸ ਉਪਰੰਤ ਇੰਗਲੈਂਡ ਤੋਂ ਆਏ ਸਾਥੀਆਂ ਕੁਲਬੀਰ ਸੰਘੇੜਾ, ਤਾਰੀ ਅਟਵਾਲ, ਸ਼ੀਰਾ ਜੌਹਲ, ਸੁਰਿੰਦਰਪਾਲ ਵਿਰਦੀ, ਲਵਕੇਸ਼ ਪਰਾਸ਼ਰ, ਭਗਵੰਤ ਸਿੰਘ, ਬਲਬੀਰ ਕੌਰ, ਅੰਬਰ, ਸੁਰਿੰਦਰ ਕੌਰ, ਕੁਲਵੰਤ ਸਿੰਘ ਕਮਲ, ਹਰਪਿੰਦਰ ਸਿੰਘ, ਜਸਵਿੰਦਰ ਕੌਰ, ਜਗਰੂਪ ਸਿੰਘ, ਤਜਿੰਦਰ ਕੌਰ, ਭਾਰਤ ਭੂਸ਼ਣ, ਹਰਜੀਤ ਸਿੰਘ ਕਾਹਮਾ, ਚਰਨਜੀਵ ਕੌਰ, ਕੈਪਟਨ ਨਯੀਅਰ, ਲੱਖਾ ਸਿੰਘ, ਰਾਜਿੰਦਰ ਦੁੱਲੇ, ਬਲਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ ਸਮੇਤ ਵੱਡੀ ਗਿਣਤੀ ‘ਚ ਆਏ ਗ਼ਦਰ ਲਹਿਰ ਦੇ ਵਾਰਸਾਂ ਨਾਲ ਰੂਬਰੂ ਹੋਇਆ ਅਤੇ ਇਸ ਅਮੁੱਲੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਅਗਲੇ ਮੇਲਿਆਂ ਉਪਰ ਚੜ੍ਹਿਆ ਗੂਹੜਾ ਰੰਗ ਦਿਖਾਈ ਦੇਵੇਗਾ।

ਮੇਲੇ ਦੇ ਪਹਿਲੇ ਦਿਨ ਅਗਲਾ ਸੈਸ਼ਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨ ‘ਚ ਹੋਇਆ। ”ਪੁਸਤਕ ਸਭਿਆਚਾਰ ਦੀ ਸ਼ਾਮ; ਪਾਬੰਦੀਸ਼ੁਦਾ ਪੁਸਤਕਾਂ ਦੇ ਨਾਮ” ਇਸ ਸੈਸ਼ਨ ਦੇ ਸੰਚਾਲਕ ਹਰਵਿੰਦਰ ਭੰਡਾਲ ਨੇ ਇਸ ਸੈਸ਼ਨ ਦੀ ਮਹੱਤਤਾ ਉਪਰ ਰੌਸ਼ਨੀ ਪਾਈ। ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਪਹਿਲੇ ਦਿਨ ਹੀ ਵੱਡੀ ਗਿਣਤੀ ‘ਚ ਜੁੜੇ ਲੋਕਾਂ ਨੂੰ ਮੁਬਾਰਕਵਾਦ ਦਿੱਤੀ।

ਕਮੇਟੀ ਮੈਂਬਰ ਗੁਰਮੀਤ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਅਤੇ ਵਿਸ਼ੇਸ਼ ਕਰਕੇ ਇਸਦੇ ਸਾਹਿਤਕ/ਸਭਿਆਚਾਰਕ ਪਰਿਵਾਰ ਨਾਲ ਜੁੜੇ ਹਰਜਿੰਦਰ ਸਿੰਘ ਅਟਵਾਲ ਦੇ ਦਰਦਨਾਕ ਵਿਛੋੜੇ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਅਤੇ ਮੇਲੇ ‘ਚ ਉਹਨਾਂ ਦੀ ਰੜਕਦੀ ਘਾਟ ਦਾ ਜ਼ਿਕਰ ਕੀਤਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਮੌਕੇ ਮੰਚ ਤੋਂ ਸੰਬੋਧਨ ਕਰਦੇ ਕਿਹਾ ਕਿ ਕਿਤਾਬਾਂ ਉਪਰ ਪਾਬੰਦੀ ਮੜ੍ਹਨਾ ਬਹੁਤ ਹੀ ਗੰਭੀਰ ਕਦਮ ਹੈ ਅਤੇ ਇਸ ਦੇ ਭਵਿੱਖ਼ ਵਿੱਚ ਬਹੁਤ ਹੀ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ।

ਉਹਨਾਂ ਕਿਹਾ ਕਿ ਕਿਤਾਬਾਂ ਉਪਰ ਪਾਬੰਦੀ ਮੜ੍ਹਨਾ ਅਤੇ ਦੁਨੀਆਂ ਚੈਨਲ ਦੇ ਪੱਤਰਕਾਰ ਮਨਦੀਪ ਧਾਲੀਵਾਲ ਰਸੂਲਪੁਰ ਨੂੰ ਨਸ਼ਾ ਤਸਕਰਾਂ ਅਤੇ ਪੁਲਸ ਗਠਜੋੜ ਵੱਲੋਂ ਧਮਕੀਆਂ ਮਿਲਣਾ ਇਹ ਅਲੱਗ-ਅਲੱਗ ਜਾਂ ਟੁੱਟਵੀਆਂ ਘਟਨਾਵਾਂ ਨਹੀਂ ਇਹ ਜੁੜਦੀਆਂ ਲੜੀਆਂ ਅਤੇ ਕੜੀਆਂ ਸਮਝਣ ਦੀ ਲੋੜ ਹੈ ਨਹੀਂ ਤਾਂ ਇਹ ਫਾਸ਼ੀ ਪੰਜੇ ਹੋਰ ਅੱਗੇ ਵਧਣਗੇ ਅਤੇ ਜੇ ਹਵਾ ਇਹੋ ਰਹੀ ਤਾਂ ਇੱਕ ਦਿਨ ਦੇਸ਼ ਭਗਤ ਯਾਦਗਾਰ ਹਾਲ ਦੀ ਆਵਾਜ਼ ਬੰਦ ਕਰਨ ਲਈ ਵੀ ਯਤਨ ਕੀਤੇ ਜਾਣਗੇ।

ਪੁਸਤਕ ਸਭਿਆਚਾਰ ਦੀ ਸ਼ਾਮ: ਪਾਬੰਦੀਸ਼ੁਦਾ ਕਿਤਾਬਾਂ ਦੇ ਨਾਮ ਦੀ ਵਿਚਾਰ-ਚਰਚਾ ਬਹੁਤ ਹੀ ਮੁੱਲਵਾਨ ਬਣ ਗਈ, ਜਿਸ ਵਿੱਚ ਜਨਚੇਤਨਾ ਦੀ ਵਿਰਸਾਲੀ, ਪ੍ਰੀਤੀ ਸ਼ੈਲੀ, ਵਰਿੰਦਰ ਦੀਵਾਨਾ, ਵਿਸ਼ਾਲ, ਪ੍ਰੋ. ਗੋਪਾਲ ਬੁੱਟਰ ਨੇ ਭਾਗ ਲਿਆ। ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਕਮੇਟੀ ਅਤੇ ਮੇਲਾ ਗ਼ਦਰੀ ਬਾਬਿਆਂ ਦਾ ਗ਼ਦਰੀ ਦੇਸ਼ ਭਗਤਾਂ ਦੇ ਦਰਸਾਏ ਮਾਰਗ ਉਪਰ ਅਡੋਲਤਾ ਨਾਲ ਸਦਾ ਸਫ਼ਰ ‘ਤੇ ਰਹੇਗਾ।

ਅੱਜ ਪਹਿਲੇ ਦਿਨ ਦੇ ਹੀ ਇਸ ਮੇਲੇ ‘ਚ ਲੱਗੇ ਪੁਸਤਕ ਮੇਲੇ ‘ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਲਖਨਊ ਆਦਿ ਤੋਂ ਕੋਈ 80 ਤੋਂ ਵੱਧ ਪੁਸਤਕ ਸਟਾਲਾਂ ਲੱਗੀਆਂ ਜਿਨ੍ਹਾਂ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਬੇਹਤਰੀਨ ਕਿਤਾਬਾਂ ਸਜਾਈਆਂ ਗਈਆਂ ਹਨ। ਪਹਿਲੇ ਦਿਨ ਹੀ ਮੇਲੇ ‘ਚ ਪ੍ਰਭਾਵਸ਼ਾਲੀ ਇਕੱਠ ਹੋਣਾ ਦਰਸਾਉਂਦਾ ਹੈ ਕਿ ਸਿਖਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਤੋਂ ਹੀ ਬੁਲੰਦੀਆਂ ਛੋਹੇਗਾ।

ਅੱਜ ਵੰਨ-ਸੁਵੰਨੇ ਸਮਾਗਮਾਂ ਨੂੰ ਕਮੇਟੀ ਦੇ ਅਹੁਦੇਦਾਰਾਂ ਨੇ ਸੰਬੋਧਨ ਕੀਤਾ ਅਤੇ ਦਰਜਣ ਦੇ ਕਰੀਬ ਕਮੇਟੀ ਮੈਂਬਰ ਹਾਜ਼ਰ ਸਨ। ਮੇਲੇ ‘ਤੇ ਵਲੰਟੀਅਰ ਡਿਊਟੀਆਂ ਅਦਾ ਕਰਨ ਲਈ ਆ ਰਹੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਵਿਦਿਆਰਥਣ ਹਰਜਿੰਦਰ ਕੌਰ ਪਿੰਡ ਸੰਗਰਾਣਾ (ਮੁਕਤਸਰ) ਅਤੇ ਨਵਦੀਪ ਕੌਰ ਪਿੰਡ ਚੜੇਵਾਨ (ਮੁਕਤਸਰ) ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

 

Media PBN Staff

Media PBN Staff